Nazrana Times

ਪੰਜਾਬੀ

ਭਾਰਤ ਅਤੇ ਪਾਕਿਸਤਾਨ ਦੀ ਜੰਗ ਕਾਰਨ ਦੋਵੇਂ ਪੰਜਾਬਾਂ ਅਤੇ ਦੋਵੇਂ ਕਸ਼ਮੀਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

10 May, 2025 03:30 AM
ਭਾਰਤ ਅਤੇ ਪਾਕਿਸਤਾਨ ਦੀ ਜੰਗ ਕਾਰਨ ਦੋਵੇਂ ਪੰਜਾਬਾਂ ਅਤੇ ਦੋਵੇਂ ਕਸ਼ਮੀਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਇੱਧਰ ਸਾਡਾ ਸ੍ਰੀ ਦਰਬਾਰ ਸਾਹਿਬ ਹੈ ਤੇ ਓਧਰ ਵੀ ਸਾਡਾ ਸ੍ਰੀ ਨਨਕਾਣਾ ਸਾਹਿਬ ਹੈ

ਖ਼ਾਲਿਸਤਾਨ ਦੀ ਸਥਾਪਨਾ ਨਾਲ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਾਂਤੀ ਬਣੀ ਰਹੇਗੀ

ਅੰਮ੍ਰਿਤਸਰ, 9 ਮਈ , ਨਜ਼ਰਾਨਾ ਟਾਈਮਜ ਬਿਊਰੋ

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਮਾਹੌਲ ਕਾਰਨ ਸਿੱਖਾਂ ਅਤੇ ਪੰਜਾਬ ਨੂੰ ਬੇਵਜ੍ਹਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਿੱਖਾਂ ਕੋਲ ਆਪਣਾ ਮੁਲਕ ਨਾ ਹੋਣ ਕਰਕੇ ਅਸੀਂ ਨਾ ਤਾਂ ਜੰਗ ਦੇ ਹਲਾਤਾਂ ਨੂੰ ਰੋਕ ਪਾ ਰਹੇ ਹਾਂ ਤੇ ਨਾ ਹੀ ਆਵਾਜ਼ ਬੁਲੰਦ ਕਰਨ ਤੋਂ ਬਿਨ੍ਹਾਂ ਕੁਝ ਕਰ ਪਾ ਰਹੇ ਹਾਂ। ਜੇਕਰ 1947 ਵਿੱਚ ਸਾਡਾ ਮੁਲਕ ਖ਼ਾਲਿਸਤਾਨ ਵੀ ਹੋਂਦ 'ਚ ਆਇਆ ਹੁੰਦਾ ਤਾਂ ਇਸ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਸ਼ਾਂਤੀ ਵੀ ਬਣੀ ਰਹਿਣੀ ਸੀ, ਖ਼ਾਲਿਸਤਾਨ ਕੋਲ ਆਪਣੇ ਸੁਰੱਖਿਆ ਪ੍ਰਬੰਧ ਵੀ ਹੋਣੇ ਸੀ, ਦੋਵੇਂ ਦੇਸ਼ਾਂ ਉੱਤੇ ਖ਼ਾਲਸੇ ਨੇ ਜੰਗ ਰੋਕਣ ਦਾ ਦਬਾਅ ਵੀ ਬਣਾਉਣਾ ਸੀ ਤੇ ਸਿੱਖਾਂ ਨੂੰ ਬਲੀ ਦੇ ਬੱਕਰੇ ਵੀ ਨਹੀਂ ਸੀ ਬਣਨਾ ਪੈਣਾ। ਖ਼ਾਲਿਸਤਾਨ ਦੀ ਸਰਕਾਰ ਨੇ ਬਹੁਤ ਵਧੀਆ ਰੋਲ ਨਿਭਾਉਣਾ ਸੀ। ਵਾਹਿਗੁਰੂ ਕਿਰਪਾ ਕਰਨ ਖ਼ਾਲਿਸਤਾਨ ਦੀ ਅਜ਼ਾਦੀ ਦਾ ਕੋਈ ਰਾਹ ਨਿਕਲੇ, ਛੇਤੀ ਹੀ ਖ਼ਾਲਿਸਤਾਨ ਕੋਲ ਆਪਣੀ ਫ਼ੌਜ ਹੋਵੇ। ਫਿਰ ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ ਜਾਂ ਕੋਈ ਹੋਰ, ਕਿਸੇ ਦੀ ਹਿੰਮਤ ਨਹੀਂ ਪਵੇਗੀ ਕਿ ਉਹ ਸਿੱਖਾਂ ਦੇ ਗੁਰਧਾਮਾਂ ਜਾਂ ਖ਼ਾਲਿਸਤਾਨ ਦੇ ਵਾਸੀਆਂ ਦਾ ਕੋਈ ਨੁਕਸਾਨ ਕਰ ਸਕੇ। ਖ਼ਾਲਿਸਤਾਨ ਨਾਲ ਖ਼ਾਲਿਸਤਾਨ ਦੇ ਵਾਸੀ ਅਤੇ ਦੁਨੀਆਂ ਭਰ ਦੇ ਸਿੱਖ ਬਹੁਤ ਤਾਕਤਵਰ ਹੋਣਗੇ। ਆਪਣਾ ਮੁਲਕ ਤਾਂ ਆਪਣਾ ਹੀ ਹੁੰਦਾ ਹੈ, ਮਾਣ ਨਾਲ ਕਹਿੰਦੇ ਹਾਂ ਕਿ ਦੇਸ ਪੰਜਾਬ/ਖ਼ਾਲਿਸਤਾਨ ਜ਼ਿੰਦਾਬਾਦ। ਖ਼ਾਲਿਸਤਾਨ ਰਾਹੀਂ ਸਰਬੱਤ ਦੇ ਭਲੇ, ਸਾਂਝੀਵਾਲਤਾ ਅਤੇ ਸ਼ਾਂਤੀ ਦੇ ਉਪਦੇਸ਼ ਨੂੰ ਸੰਸਾਰ ਭਰ 'ਚ ਫੈਲਾਇਆ, ਪ੍ਰਚਾਰਿਆ ਤੇ ਲਾਗੂ ਕੀਤਾ ਜਾ ਸਕਦਾ ਹੈ। ਸਿੱਖਾਂ ਨੂੰ ਭਾਰਤ ਵੱਲੋਂ ਲੜਨ ਦੀ ਬਜਾਏ ਖ਼ਾਲਿਸਤਾਨ ਦੀ ਸਿਰਜਣਾ ਲਈ ਸਰਗਰਮ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਪੰਜਾਬ ਅਤੇ ਕਸ਼ਮੀਰ ਝੁਲਸ ਰਿਹਾ ਹੈ ਅਤੇ ਬਾਕੀ ਭਾਰਤ ਦੇ ਲੋਕ ਖ਼ੁਸ਼ੀਆਂ ਮਨਾ ਰਹੇ ਹਨ। ਪੰਜਾਬ ਅਤੇ ਕਸ਼ਮੀਰ ਦੇ ਲੋਕ ਭਾਵੇਂ ਮਰਨ, ਚਾਹੇ ਸੜਨ ਜਾਂ ਜ਼ਖ਼ਮੀ ਹੋਣ ਇਸ ਗੱਲ ਨਾਲ ਬਾਕੀ ਹਿੰਦੂਤਵੀ-ਭਾਰਤੀਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ, ਇਹ ਲੋਕ ਤਾਂ ਪਾਕਿਸਤਾਨ ਦੀ ਬਰਬਾਦੀ ਵਾਂਗ ਪੰਜਾਬ ਅਤੇ ਕਸ਼ਮੀਰ ਦੀ ਬਰਬਾਦੀ 'ਤੇ ਵੀ ਜਸ਼ਨ ਮਨਾਉਣਗੇ। ਜਿਹੜੇ ਕੁਝ ਸਿੱਖਾਂ ਨੂੰ ਵੀ ਭਾਰਤੀ ਰਾਸ਼ਟਰਵਾਦ ਦਾ ਭੂਤ ਚਿੰਬੜਿਆ ਹੋਇਆ ਹੈ, ਉਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਦੋਵੇਂ ਸਾਡੇ ਹਨ ਅਤੇ ਕਸ਼ਮੀਰ ਵੀ ਖ਼ਾਲਸੇ ਰਾਜ ਦੀ ਹੀ ਧਰਤੀ ਹੈ। ਇੱਧਰ ਸਾਡਾ ਸ੍ਰੀ ਦਰਬਾਰ ਸਾਹਿਬ ਹੈ ਤੇ ਓਧਰ ਸਾਡਾ ਸ੍ਰੀ ਨਨਕਾਣਾ ਸਾਹਿਬ ਹੈ। ਇਹ ਜੰਗ ਮਸਲੇ ਦਾ ਹੱਲ ਨਹੀਂ ਹੈ, ਇਸ ਨਾਲ ਤਬਾਹੀ ਹੀ ਤਬਾਹੀ ਹੈ। ਖ਼ਾਸ ਕਰਕੇ ਦੋਵੇਂ ਪੰਜਾਬਾਂ ਅਤੇ ਦੋਵੇਂ ਕਸ਼ਮੀਰਾਂ ਦਾ ਭਾਰੀ ਨੁਕਸਾਨ ਹੋਵੇਗਾ, ਹਜ਼ਾਰਾਂ-ਲੱਖਾਂ ਲੋਕ ਬੇਵਜ੍ਹਾ ਸ਼ਿਕਾਰ ਬਣ ਜਾਣਗੇ। ਇਸ ਜੰਗ ਨੂੰ ਰੁਕਵਾਉਣ ਲਈ ਅਮਰੀਕਾ, ਯੂ.ਐਨ.ਓ. ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ। ਇਹ ਜੰਗ ਵੱਲ ਵੱਧ ਰਹੇ ਹਲਾਤ ਰੋਕੇ ਜਾਣੇ ਚਾਹੀਦੇ ਹਨ।

Posted By: GURBHEJ SINGH ANANDPURI

Loading…
Loading the web debug toolbar…
Attempt #