Nazrana Times

ਪੰਜਾਬੀ

ਭਗਵੰਤ ਮਾਨ ਨੇ ਵੀ ਪੰਜਾਬ ਦਾ ਕੱਖ ਨਹੀਂ ਸਵਾਰਿਆ...

08 Feb, 2026 12:07 PM
ਭਗਵੰਤ ਮਾਨ ਨੇ ਵੀ ਪੰਜਾਬ ਦਾ ਕੱਖ ਨਹੀਂ ਸਵਾਰਿਆ...

ਸਰਕਾਰਾਂ ਬਦਲੀਆਂ, ਚਿਹਰੇ ਬਦਲੇ ਪਰ ਨੀਤੀਆਂ ਤੇ ਸਿਸਟਮ ਨਹੀਂ ਬਦਲਿਆ। ਬਦਲਾਅ ਦੇ ਨਾਂ 'ਤੇ ਜਿਹੜੀ ਸਰਕਾਰ ਹੋਂਦ 'ਚ ਆਈ ਸੀ ਉਸਦੇ ਕੋਝੇ ਵਿਹਾਰ ਤੋਂ ਇੰਝ ਲੱਗ ਰਿਹਾ ਜਿਵੇਂ ਉਹ ਬੱਦਲੇ ਲੈ ਰਹੀ ਹੋਵੇ। ਭਗਵੰਤ ਮਾਨ ਸਰਕਾਰ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ ਉੱਤੇ ਜਿਵੇਂ ਕਹਿਰ ਢਾਹਿਆ, ਪੱਗਾਂ ਲਾਹੀਆਂ, ਡਾਂਗਾਂ ਵਰ੍ਹਾਈਆਂ, ਅੱਥਰੂ ਗੈਸ ਦੇ ਗੋਲ਼ੇ ਅਤੇ ਜਲ ਤੋਪਾਂ ਵਰਸਾਈਆਂ, ਬੀਬੀਆਂ ਨੂੰ ਵੀ ਨਾ ਬਖ਼ਸ਼ਿਆ, ਖਿੱਚ-ਧੂਹ ਕੇ ਗ੍ਰਿਫ਼ਤਾਰੀਆਂ ਪਾਈਆਂ ਤੇ ਸੰਘਰਸ਼ ਨੂੰ ਤਾਰਪੀਡੋ ਕੀਤਾ ਇਸ ਤੋਂ ਸਪੱਸ਼ਟ ਹੈ ਕਿ ਬਾਦਲ-ਕੈਪਟਨ ਦੀਆਂ ਸਰਕਾਰਾਂ ਵਾਂਗ ਝਾੜੂ ਸਰਕਾਰ ਵੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੀ ਸਕੀ ਨਹੀਂ ਹੈ। ਕਦੇ ਕਿਸਾਨ ਤੇ ਕਦੇ ਅਧਿਆਪਕ ਦਾ ਪੁੱਤ ਅਖਵਾਉਣ ਵਾਲਾ ਭਗਵੰਤ ਮਾਨ ਵੀ ਅਧਿਆਪਕਾਂ ਤੇ ਕਿਸਾਨਾਂ ਨੂੰ ਰੋਲ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਇਹ ਝਾੜੂ ਵਾਲੇ ਕਹਿੰਦੇ ਸਨ ਕਿ 24 ਘੰਟਿਆਂ 'ਚ ਬੇਅਦਬੀਆਂ ਦਾ ਇਨਸਾਫ਼ ਦੇਵਾਂਗੇ ਪਰ ਅੱਜ ਚਾਰ ਸਾਲ ਬੀਤਣ 'ਤੇ ਵੀ ਡੱਕਾ ਨਹੀਂ ਤੋੜਿਆ। ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਾਂਡ ਦੇ ਸਭ ਕੇਸ ਲਮਕਾ ਦਿੱਤੇ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਜ਼ਮਾਨਤਾਂ ਤੇ ਸੁਰੱਖਿਆ ਦਿੱਤੀਆਂ, ਇਨਸਾਫ਼ ਮੰਗਦੇ ਸਿੱਖ ਥਕਾ-ਖਪਾ ਦਿੱਤੇ। ਬਾਦਲਾਂ ਦੇ ਰਾਜ ਤੋਂ ਸ਼ੁਰੂ ਹੋਈਆਂ ਬੇਅਦਬੀਆਂ ਵੀ ਲਗਾਤਾਰ ਜਾਰੀ ਨੇ, ਭਗਵੰਤ ਮਾਨ ਕੋਈ ਸੱਚ ਸਾਹਮਣੇ ਨਹੀਂ ਲਿਆ ਸਕਿਆ ਉਸਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨਾਲ ਰੱਜ ਕੇ ਖੇਡਿਆ। ਇਹੀ ਭਗਵੰਤ ਮਾਨ ਕਿਸੇ ਸਮੇਂ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੇ ਸੰਘਰਸ਼ 'ਚ ਹਿੱਸਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਸੀ ਪਰ ਮੁੱਖ ਮੰਤਰੀ ਬਣ ਕੇ ਇਸਨੇ ਮੂੰਹ 'ਚ ਅਜਿਹੀਆਂ ਘੁੰਗਣੀਆਂ ਪਾਈਆਂ ਕਿ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਤਾਂ ਕੀ ਪੁੱਟਣਾ ਸੀ ਸਗੋਂ ਇੱਕ ਲਫ਼ਜ਼ ਵੀ ਨਾ ਬੋਲ ਸਕਿਆ ਅਤੇ ਖ਼ਾਲਸਾ ਵਹੀਰ ਰਾਹੀਂ ਨਸ਼ਿਆਂ ਦੇ ਖ਼ਿਲਾਫ਼ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ 'ਚ ਨਜ਼ਰਬੰਦ ਕਰ ਦਿੱਤਾ। ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲਾ ਭਗਵੰਤ ਮਾਨ ਆਪਣੀਆਂ ਮਸ਼ਹੂਰੀਆਂ ਲਈ ਕੇਂਦਰ ਤੋਂ ਕਰਜ਼ਾ ਚੁੱਕ-ਚੁੱਕ ਕੇ ਪੰਜਾਬ ਨੂੰ ਗੰਧਲਾ ਅਤੇ ਕੰਗਾਲ ਬਣਾਈ ਜਾ ਰਿਹਾ ਹੈ। ਨਸ਼ੱਈਆਂ ਅਤੇ ਗੈਂਗਸਟਰਾਂ ਦੇ ਨਾਂ 'ਤੇ ਪੰਜਾਬ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਰਹੇ ਨੇ, ਯੁੱਧ ਨਸ਼ਿਆਂ ਵਿਰੁੱਧ ਲਹਿਰ ਚਲਾਉਣ ਵਾਲੇ ਖ਼ੁਦ ਸ਼ਰਾਬ ਦੇ ਨਸ਼ੇ 'ਚ ਡੁੱਬੇ ਹੁੰਦੇ ਨੇ, ਦੂਜਿਆਂ ਉੱਤੇ ਚਿੱਟੇ ਦੇ ਇਲਜ਼ਾਮ ਲਗਾਉਣ ਵਾਲੇ ਖ਼ੁਦ ਚਿੱਟੇ ਦੇ ਵਪਾਰੀਆਂ ਨੂੰ ਟਿਕਟਾਂ ਦਿੰਦੇ ਨੇ, ਬਾਦਲਾਂ-ਕੈਪਟਨਾਂ ਉੱਤੇ ਤੰਜ ਕੱਸਣ ਵਾਲੇ ਹੁਣ ਆਪ ਓਹੀ ਕੁਝ ਕਰ ਰਹੇ ਨੇ, ਸਰਦਾਰ ਭਗਤ ਸਿੰਘ ਦੇ ਪਿੰਡ ਜਾ ਕੇ ਸਹੁੰਆਂ ਖਾਣ ਵਾਲੇ ਉਸਦੀ ਸੋਚ ਦੇ ਉਲ਼ਟ ਭੁਗਤ ਰਹੇ ਨੇ। ਭਗਵੰਤ ਮਾਨ ਦੇ ਪੱਲੇ ਸਿਰਫ਼ ਚੁੱਟਕਲੇ, ਝੂਠ ਅਤੇ ਹਵਾਈ ਗੱਲਾਂ ਹਨ ਜਿਸ ਨਾਲ ਪੰਜਾਬ ਦਾ ਢਿੱਡ ਨਹੀਂ ਭਰਨਾ ਤੇ ਨਾ ਹੀ ਕੁਝ ਸਵਰਨਾ ਹੈ। ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਨੇ ਭਗਵੰਤ ਮਾਨ ਬਾਰੇ ਜੋ ਭਵਿੱਖਬਾਣੀ ਕੀਤੀ ਸੀ ਉਹ ਸੱਚੀ ਹੋ ਨਿੱਬੜੀ ਤੇ ਭਗਵੰਤ ਮਾਨ ਵੀ ਪੰਜਾਬ ਦਾ ਦੋਖੀ ਨਿਕਲਿਆ, ਭਗਵੰਤ ਮਾਨ ਦੀ ਡੋਰ ਵੀ ਪਹਿਲੇ ਮੁੱਖ ਮੰਤਰੀਆਂ ਵਾਂਗ ਦਿੱਲੀ ਵਾਲਿਆਂ ਦੇ ਹੱਥਾਂ ਵਿੱਚ ਹੀ ਹੈ। ਕਿਸੇ ਸਮੇਂ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਲੋਕਾਂ ਨੂੰ ਇੰਝ ਲੱਗਣ ਲਾ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਬਣਦਿਆਂ ਸਾਰ ਹੀ ਪੰਜਾਬ ਸਭ ਬੁਰਿਆਈਆਂ ਅਤੇ ਮੁਸ਼ਕਲਾਂ ਤੋਂ ਮੁਕਤ ਹੋ ਕੇ ਬੇਹੱਦ ਤਰੱਕੀ, ਖ਼ੁਸ਼ਹਾਲ ਅਤੇ ਵਿਕਾਸ ਕਰਦਿਆਂ ਹਰ ਪੱਖੋਂ ਸ਼ਾਨਦਾਰ ਹੋ ਜਾਏਗਾ। ਅਖੌਤੀ ਅਕਾਲੀਆਂ, ਭਾਜਪਾਈਆਂ ਤੇ ਕਾਂਗਰਸੀਆਂ ਤੋਂ ਦੁਖੀ ਬਥੇਰੇ ਸਿੱਖ ਅਤੇ ਪੰਜਾਬੀ ਇਹਨਾਂ ਦੀਆਂ ਗੱਲਾਂ 'ਚ ਆ ਗਏ, ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਤਾਂ ਇਹਨਾਂ ਮੂਹਰੇ ਪੈਸਿਆਂ ਦੇ ਢੇਰ ਲਾ ਦਿੱਤੇ, ਖ਼ਾਲਿਸਤਾਨੀ ਵਿਚਾਰਧਾਰਾ ਵਾਲੇ ਕੁਝ ਸਿੱਖ ਵੀ ਇਹਨਾਂ ਨੂੰ ਸਮਰਥਨ ਕਰ ਬੈਠੇ ਪਰ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਅਸੀਂ ਓਦੋਂ ਵੀ ਇਹਨਾਂ ਦੇ ਪਾਜ ਉਘੇੜਦੇ ਰਹੇ ਤੇ ਲੋਕਾਂ ਨੂੰ ਜਗਾਉਣ ਲਈ ਹੋਕਾ ਦਿੰਦੇ ਰਹੇ ਪਰ ਇਸ ਝੁੱਲੀ ਹਨੇਰੀ ਅੱਗੇ ਸਾਡੀ ਕਿਸੇ ਇੱਕ ਨਾ ਸੁਣੀ ਤੇ ਹੁਣ ਪਛਤਾਵਾ ਹੀ ਪੱਲੇ ਹੈ। ਅੱਜ ਥਾਂ-ਥਾਂ 'ਤੇ ਕਤਲ, ਫਿਰੌਤੀਆਂ, ਲੁੱਟਮਾਰ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਧੋਖੇਦਾਰੀ, ਵੱਧਦੀ ਮਹਿੰਗਾਈ, ਝੂਠੇ ਲਾਰੇ, ਫੋਕੇ ਵਾਅਦੇ, ਗੁੰਡਾ ਰਾਜ ਤੇ ਪੁਲਸੀਆਂ ਦਾ ਕਹਿਰ ਨਜ਼ਰ ਆਉਂਦਾ ਹੈ ਜਿਸ ਕਰਕੇ ਕਹਿਣਾ ਪਏਗਾ ਕਿ ਭਗਵੰਤ ਮਾਨ ਨੇ ਵੀ ਪੰਜਾਬ ਦਾ ਕੱਖ ਨਹੀਂ ਸਵਾਰਿਆ। 
 

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

Posted By: GURBHEJ SINGH ANANDPURI