Nazrana Times

ਪੰਜਾਬੀ

ਬਿਜਲੀ ਕੱਟਾਂ ਨੇ ਪੰਜਾਬ ਸਰਕਾਰ ਦੇ ‘ਬਿਜਲੀ ਮਾਡਲ’ ਦੀ ਖੋਲ੍ਹੀ ਪੋਲ, ਅੱਪਰਾ ਇਲਾਕਾ ਨਿਵਾਸੀਆਂ ਵੱਲੋਂ ਬਿਜਲੀ ਘਰ ਅੱਗੇ ਦਿੱਤਾ ਸੰਕੇਤਕ ਧਰਨਾ

14 Sep, 2026 04:32 PM

ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਅੱਜ ਬਿਜਲੀ ਕੱਟਾਂ ਦਾ ਹਿਸਾਬ ਦੇਵੇ: ਮਨਜੀਤ ਸਿੰਘ ਖਾਲਸਾ

ਅੱਪਰਾ, 14 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਲਗਾਤਾਰ ਲੱਗ ਰਹੇ ਬਿਜਲੀ ਦੇ ਪਾਵਰ ਕੱਟਾਂ ਨੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਕਿਸਾਨ ਖੇਤਾਂ ਵਿੱਚ, ਮਜ਼ਦੂਰ ਆਪਣੇ ਕੰਮ ’ਤੇ, ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਅਤੇ ਸਕੂਲੀ ਬੱਚੇ ਕੜਾਕੇ ਦੀ ਗਰਮੀ ਵਿੱਚ ਬਿਜਲੀ ਦੀ ਉਡੀਕ ਕਰਨ ਲਈ ਮਜਬੂਰ ਹਨ। ਲੋਕਾਂ ਦਾ ਸਵਾਲ ਹੈ ਕਿ ਜਿਹੜੀ ਸਰਕਾਰ 24 ਘੰਟੇ ਬਿਜਲੀ ਦੇ ਵੱਡੇ-ਵੱਡੇ ਦਾਅਵੇ ਕਰਦੀ ਸੀ, ਉਹ ਅੱਜ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਿਉਂ ਕਰਵਾ ਰਹੀ ਹੈ?
ਬਿਜਲੀ ਦੇ ਅਣਐਲਾਨੇ ਅਤੇ ਲਗਾਤਾਰ ਪਾਵਰ ਕੱਟਾਂ ਦੇ ਵਿਰੋਧ ਵਿੱਚ ਅੱਜ ਅੱਪਰਾ ਇਲਾਕੇ ਦੇ ਵਸਨੀਕਾਂ ਵੱਲੋਂ ਬਿਜਲੀ ਘਰ ਅੱਪਰਾ ਵਿਖੇ ਸੰਕੇਤਕ ਧਰਨਾ ਦਿੱਤਾ ਗਿਆ। ਇਸ ਮੌਕੇ ਬਿਜਲੀ ਸਪਲਾਈ ਨੂੰ ਨਿਰੰਤਰ ਅਤੇ ਸੁਚਾਰੂ ਕਰਨ ਦੀ ਮੰਗ ਨੂੰ ਲੈ ਕੇ ਜੇ.ਈ. ਪ੍ਰਸ਼ੋਤਮ ਲਾਲ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਅਤੇ ਸੁਧਾਰਾਂ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਰਹਿ ਗਏ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦਾ ਆਮ ਆਦਮੀ ਬੁਨਿਆਦੀ ਸਹੂਲਤਾਂ ਲਈ ਵੀ ਸਰਕਾਰ ਅੱਗੇ ਫਰਿਆਦ ਕਰਨ ਲਈ ਮਜਬੂਰ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਬਿਜਲੀ ਘਰਾਂ ਵਿੱਚ ਲੋੜ ਅਨੁਸਾਰ ਮੁਲਾਜ਼ਮ ਹੋਣੇ ਚਾਹੀਦੇ ਹਨ, ਉੱਥੇ ਘੱਟ ਸਟਾਫ਼ ਨਾਲ ਕੰਮ ਚਲਾਇਆ ਜਾ ਰਿਹਾ ਹੈ। ਜਦੋਂ ਵਿਭਾਗ ਵਿੱਚ ਲੋੜੀਂਦਾ ਸਟਾਫ਼ ਹੀ ਨਹੀਂ ਹੋਵੇਗਾ ਤਾਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਿਵੇਂ ਮਿਲੇਗੀ?
ਮਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਬਿਜਲੀ ਖੇਤਰ ਵਿੱਚ ਆਤਮਨਿਰਭਰ ਬਣਾਉਣ ਅਤੇ ਵੱਡੇ-ਵੱਡੇ ਬਿਜਲੀ ਸੁਧਾਰਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਬਿਜਲੀ ਕੱਟਾਂ ਨੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਸ਼ਣ ਨਹੀਂ, ਬਲਕਿ ਨਿਰਵਿਘਨ ਬਿਜਲੀ ਸਪਲਾਈ ਚਾਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਵੇ ਅਤੇ ਬਿਜਲੀ ਕੱਟਾਂ ਦਾ ਤੁਰੰਤ ਹੱਲ ਕਰੇ। ਅੱਜ ਦਾ ਧਰਨਾ ਸਿਰਫ਼ ਸਰਕਾਰ ਨੂੰ ਚੇਤਾਵਨੀ ਦੇਣ ਲਈ ਸੰਕੇਤਕ ਰੋਸ ਪ੍ਰਦਰਸ਼ਨ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਵੱਡਾ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਰਾਜਨੀਤੀ ਹੁਣ ਨਹੀਂ ਚੱਲੇਗੀ। ਲੋਕ ਆਪਣੇ ਹੱਕ ਦੀ ਬਿਜਲੀ ਅਤੇ ਬੁਨਿਆਦੀ ਸਹੂਲਤਾਂ ਮੰਗ ਰਹੇ ਹਨ ਅਤੇ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਹੀ ਪਵੇਗਾ।
ਇਸ ਮੌਕੇ ਰਣਜੀਤ ਸਿੰਘ ਖਾਲਸਾ ਮੈਂਬਰ ਪੰਚਾਇਤ ਛੋਕਰਾਂ, ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ ਅੱਪਰਾ, ਰਣਦੀਪ ਕੁਮਾਰ ਰੈਂਪੀ,ਬਿੰਦਰ ਲੋਹਟ,ਅਵਤਾਰ ਸਿੰਘ ਛੋਕਰਾਂ, ਬਲਰਾਮ ਸਿੰਘ ਢਿੱਲੋਂ,ਰਜਿੰਦਰ ਕੁਮਾਰ ਬਾਂਕਾ,ਪਾਸਟਰ ਵਿਜੈ, ਨਿੱਕਾ ਲੋਹਟ,ਮੋਹਣ ਸਿੰਘ, ਗੁਰਨੇਕ ਸਿੰਘ ਗ੍ਰੰਥੀ, ਅਵਤਾਰ ਸਿੰਘ, ਸੰਦੀਪ ਕੁਮਾਰ ਸੋਨੀ ਛੋਕਰਾਂ, ਬਲਵਿੰਦਰ ਸਿੰਘ ਅੱਪਰਾ ਸਮੇਤ ਹੋਰ ਮੋਹਤਬਰ ਸੱਜਣ ਹਾਜ਼ਰ ਸਨ।

Posted By: GURBHEJ SINGH ANANDPURI

Latest News