"ਗੁੜ ਦੀ ਚੂਰੀ"

"ਗੁੜ ਦੀ ਚੂਰੀ"
ਨਾਨੀ ਕਾਹਦੀ ਮਰੀ, ਇੰਜ ਲੱਗਾ ਜਿਵੇਂ ਨਾਨਕਿਆਂ ਨਾਲਾ ਨਾਤਾ ਹੀ ਮੁੱਕ ਗਿਆ। ਜਿੱਥੇ ਜਾਣ ਨੂੰ ਹਮੇਸਾਂ ਦਿਲ ਉੱਡੂ ਉੱਡੂ ਕਰਦਾ ਸੀ, ਹੁਣ ਉੱਥੇ ਜਾਣ ਦਾ ਉੱਕਾ ਮਨ ਨਹੀ ਸੀ। ਬੀਬੀ ਪੂਰੀ ਹੋਈ ਨੂੰ ਸੱਤ ਮਹੀਨੇ ਹੋ ਚੱਲੇ ਸਨ। ਮਾਂ ਦੇ ਵਾਰ ਵਾਰ ਕਹਿਣ ਤੇ ਕਿ ਤੇਰੇ ਮਾਮੇ-ਮਾਮੀਆਂ ਉੱਡੀਕਦੇ ਹਨ, ਜਾਹ ਇੱਕ ਵਾਰ ਮਿਲ ਆ। “ਪੁੱਤ ਤੁਰ ਜਾਣ ਵਾਲਿਆਂ ਕਰਕੇ ਕਿਤੇ ਸਕੀਰੀ ਥੌੜੀ ਟੁੱਟਦੀ ਆ”, ਮਾਂ ਦੇ ਤਰਲੇ ਭਰੇ ਤਰਕ ਦੇ ਬੋਲਾਂ ਨੇ ਮੈਨੂੰ ਅਣਮੰਨੇ ਜਿਹੇ ਮਨ ਨਾਲ ਜਾਣ ਨੂੰ ਮਨਾ ਲਿਆ।ਅਗਲੀ ਸਵੇਰ ਬੱਸ ਚੜ੍ਹ ਨਾਨਕਿਆਂ ਦੇ ਪਿੰਡ ਵੱਲ ਨੂੰ ਤੁਰ ਪਈ। ਅੱਜ ਤਾਂ ਰਾਹ ਵੀ ਵੀਰਾਨ ਜਿਹਾ ਲੱਗਾ। ਅੱਗੇ ਅੱਡੇ ਉੱਤੇ ਬੀਬੀ ਦੀ ਥਾਂ ਵੱਡਾ ਮਾਮਾ ਲੈਣ ਆਇਆ ਖੜ੍ਹਾ ਸੀ। ਮੇਰਾ ਸਿਰ ਪਲੋਸ ਚੋਰੀ ਅੱਖਾਂ ਪੂੰਝ, ਮੇਰਾ ਬੈੱਗ ਚੁੱਕ ਅੱਗੇ ਅੱਗੇ ਤੁਰ ਪਿਆ। ਭਵਾਂ ਸਾਰੇ ਜਾਣੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਪਰ ਮੇਰਾ ਦਿਲ ਕਿਤੇ ਨਾ ਕਿਤੇ ਖਾਲੀ ਹੀ ਸੀ। ਬੀਬੀ ਦੀ ਸਵਾਤ ਵਿੱਚ ਵੜੀ, ਸਭ ਕੁੱਝ ਉਵੇਂ ਤਾਂ ਪਿਆ ਸੀ। ਉਸਦਾ ਸੂਤ ਦਾ ਵੱਡਾ ਮੰਜਾ, ਦੋਵੇਂ ਲੋਹੇ ਦੇ ਟਰੰਕ ਅਤੇ ਸੰਦੂਕ। ਬੀਬੀ ਹਰ ਚੀਜ ਨੂੰ ਸਲੀਕੇ ਨਾਲ ਸਜਾ ਕੇ ਰੱਖਦੀ ਸੀ। ਮਜਾਲ ਕਿ ਕੋਈ ਉਸਦੀ ਚੀਜ ਨੂੰ ਹੱਥ ਲਾ ਜਾਵੇ, ਬੱਸ ਮੈਨੂੰ ਛੱਡ ਕੇ। ਮੈਂ ਤਾਂ ਉਸਦੀ ਲਾਡਲੀ ਇੱਕੋ ਇੱਕ ਦੋਹਤੀ ਸੀ। ਬੀਬੀ ਦਾ ਸੰਦੂਕ ਮੈਨੂੰ ਨਿੱਕੀ ਹੁੰਦੀ ਤੋਂ ਹੀ ‘ਅਲਾਦੀਨ ਦੇ ਚਿਰਾਗ’ ਵਰਗਾ ਲੱਗਦਾ ਸੀ। ਜਿਸ ਚੀਜ ਦੀ ਲੌੜ ਹੁੰਦੀ, ਝੱਟ ਹਾਜਰ ਹੋ ਜਾਂਦੀ। ਮੁਰਮਰੇ, ਬਿਸਕੁਟ, ਟੌਫੀਆਂ, ਭੁੱਜੇ ਛੋਲੇ ਅਤੇ ਵੇਸਣ ਵਾਲੀ ਨਮਕੀਨ ਮੂੰਗਫਲੀ ਤੇ ਹੋਰ ਨਿੱਕ-ਸੁੱਕ ਨਾਲ ਸੰਦੂਕ ਭਰਿਆ ਰਹਿੰਦਾ। ਅੱਜ ਉਹ ਸੰਦੂਕ ਵੀ ਉਦਾਸ ਖੜਾ ਸੀ, ਲੱਗਦਾ ਸੀ ਉਸਦਾ “ਜਿੰਨ” ਕਿੱਧਰੇ ਗਵਾਚ ਗਿਆ ਸੀ। “ਚੀਜਾਂ ਦੀਆਂ ਤਾਂ ਮੁਨਿਆਦਾਂ ਹਨ, ਬੱਸ ਬੰਦਿਆਂ ਦੀਆਂ ਹੀ ਨਹੀ” ਬੀਬੀ ਦੇ ਕਹੇ ਬੋਲ ਕੰਨਾਂ ਵਿੱਚ ਗੂੰਜੇ। ਕਿੰਨਾਂ ਵੱਡਾ ਰਹੱਸ ਛੁਪਿਆ ਸੀ ਇਹਨਾਂ ਸਬਦਾਂ ਵਿੱਚ। ਇਹ ਸ਼ਬਦ ਸੁਣੇ ਤਾਂ ਕਈ ਵਾਰ ਸਨ ਪਰ ਅਰਥ ਅੱਜ ਪਤਾ ਲੱਗੇ ਸਨ।ਰਾਤ ਹੋ ਗਈ। ਮਾਮੀ ਰੋਟੀ ਲੱਗ ਗਈ ਸੀ। ਬੀਬੀ ਸਭ ਤੋਂ ਪਹਿਲਾਂ ਮੈਨੂੰ ਹੀ ਰੋਟੀ ਖਵਾਉਦੀ ਹੁੰਦੀ ਸੀ। ਮੈਂ ਆਦਤਨ ਹੀ ਪਲੇਟ ਕੋਲੀ ਚੱਕ ਮਾਮੀ ਕੋਲ ਪਹੁੰਚ ਗਈ। ਤਾਂ ਉਸਨੇ ਅੱਗੋ ਕਿਹਾ, “ਖੜ੍ਹ ਜਾ ਪੁੱਤ ਪਹਿਲਾਂ ਤੇਰੇ ਵੀਰੇ ਤੇ ਮਾਮੇ ਨੂੰ ਫੜਾ ਦੇਵਾਂ”। ਮੈਂ ਬਿਨ੍ਹਾਂ ਕੁੱਝ ਬੋਲੇ ਚੁੱਪਚਾਪ ਮੰਜੇ ਤੇ ਆ ਕੇ ਬੈਠ ਗਈ। ਆਈ ਤਾਂ ਚਾਰ ਦਿਨ ਰਹਿਣ ਸੀ ਪਰ ਕੱਲ੍ਹ ਸਵੇਰੇ ਹੀ ਮੁੜਨ ਦਾ ਮਨ ਬਣਾ ਲਿਆ। ਸੱਚਮੁੱਚ ਸਮਝ ਆ ਗਈ ਕਿ ਨਾਨਕੇ ਤਾਂ ਨਾਨੀ ਨਾਲ ਹੀ ਹੁੰਦੇ ਹਨ। ਆਪਣੇ ਖਿਆਲਾਂ ਵਿੱਚ ਅਜੇ ਉੱਲਝੀ ਹੀ ਸੀ ਕਿ ਗੁੜ ਦੀ ਚੂਰੀ ਵਾਲਾ ਸਟੀਲ ਦਾ ਵੱਡਾ ਕੌਲਾ ਮਾਮੀ ਨੇ ਮੇਰੇ ਮੂਹਰੇ ਕਰ ਦਿੱਤਾ। ਮੇਰੇ ਸਿਰ ਤੇ ਹੱਥ ਰੱਖ ਬੋਲੀ,”ਮੈਨੂੰ ਪਤਾ ਮੇਰਾ ਪੁੱਤ ਤਾਂ ਚੂਰੀ ਖਾਂਦਾਂ”। ਉਸਨੇ ਆਪਣੇ ਹੱਥ ਨਾਲ ਮੇਰੇ ਮੂੰਹ ਵਿੱਚ ਬੁਰਕੀ ਪਾਈ। ਉਹੀ ਬੀਬੀ ਦੇ ਹੱਥਾਂ ਵਾਲਾ ਸਵਾਦ ਅਤੇ ਤਰਦਾ ਤਰਦਾ ਦੇਸੀ ਘਿਉ ਮੇਰੀ ਜੀਭ ਉੱਤ ਘੁੱਲ ਗਿਆ। ਬੀਬੀ ਵੀ ਮੈਨੂੰ ਹਮੇਸਾਂ ਰਾਤ ਨੂੰ ਗੁੜ ਦੀ ਚੂਰੀ ਹੀ ਕੁੱਟ ਕੇ ਖਵਾਉਦੀ ਸੀ। ਮੈਂ ਮਾਮੀ ਨੂੰ ਘੁੱਟ ਕੇ ਜੱਫੀ ਪਾ ਲਈ। ਮਾਂ ਦੇ ਕਹੇ ਸ਼ਬਦ ਯਾਦ ਆਏ, ਮੈਨੂੰ ਸਮਝ ਆ ਗਈ ਕਿ ਨਾ ਤਾਂ ਨਾਨੀ ਕਿਤੇ ਗਈ ਆ ਨਾ ਹੀ ਨਾਨਕੇ । ਬੱਸ ਬੀਬੀ ਨੇ ਸ਼ਕਲ ਵਟਾ ਲਈ ਹੈ। ਹੁਣ ਉਹ ਮਾਮੀਆਂ ਅਤੇ ਭਾਬੀਆਂ ਵਿੱਚ ਜਾ ਵਸੀ ਹੈ। ਫੇਰ ਪਤਾ ਹੀ ਨਹੀ ਕਿ ਚਾਰ ਦਿਨ ਕਿਵੇਂ ਲੰਘ ਗਏ।ਉਹਨਾਂ ਸਾਰੀਆਂ ਮਾਮੀਆਂ ਅਤੇ ਭਰਜਾਈਆਂ ਨੂੰ ਸਮਰਪਿਤ ਜਿੰਨਾਂ ਨੇ ਧੀਆਂ ਦੇ ਪੇਕੇ ਅਤੇ ਜਵਾਕਾਂ ਦੇ ਨਾਨਕੇ ਵੱਸਦੇ ਰੱਖੇ ਹਨ।