Nazrana Times

ਪੰਜਾਬੀ

ਟਾਕਾਨੀਨੀ ਵਿਖੇ ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਰਾਗ ਦਰਬਾਰ ਕਰਵਾਇਆ ਗਿਆ

16 Nov, 2026 02:11 PM

ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਰਾਗ ਦਰਬਾਰ ਕਰਵਾਇਆ ਗਿਆ । 

ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਵਿਖੇ ਸਜਾਏ ਸ਼ਾਮ ਦੇ ਦੀਵਾਨਾਂ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਹਜ਼ੂਰੀ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਦੇ ਜਥੇ ਨੇ ਰਾਗ ਦਰਬਾਰ ਦੀ ਆਰੰਭਤਾ ਕਰਦਿਆਂ ਦਸਮ ਬਾਣੀ ਦੇ ਸ਼ਬਦਾਨ ਦਾ ਗਾਇਨ ਕੀਤਾ ।

ਉਪਰੰਤ ਭਾਈ ਅੰਤਰਪ੍ਰੀਤ ਸਿੰਘ ਦੇ ਜਥੇ ਨੇ ਜੋ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਨੇ ਵੀ ਦਸਮ ਗ੍ਰੰਥ ਵਿਚੋਂ ਚੋਣਵੇਂ ਸ਼ਬਦਾਂ ਨਾਲ ਹਾਜ਼ਰੀ ਭਰੀ ।

ਰਾਗ ਨਾਦ ਸੰਗੀਤ ਅਕੈਡਮੀ ਦੇ ਸੰਚਾਲਕ ਭਾਈ ਬਚਿੱਤਰ ਸਿੰਘ ਨਿਊਜ਼ੀਲੈਂਡ ਵਾਲਿਆਂ ਦੇ ਜਥੇ ਨੇ ਤੰਤੀ ਸਾਜ਼ਾਂ ਸਮੇਤ ਸੰਗਤ ਨੂੰ ਗੁਰ ਸ਼ਬਦ ਨਾਲ ਜੋੜਿਆ ।

ਰਾਗ ਦਰਬਾਰ ਦੇ ਆਖਰੀ ਪੜਾਅ ਅਤੇ ਨਿਊਜ਼ੀਲੈਂਡ ਪ੍ਰਚਾਰ ਦੌਰੇ ਤੇ ਆਏ ਰਾਗ ਕਲਾ ਸਮਰਾਟ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਆਪਣੇ ਫਰਜ਼ੰਦਾਂ ਅਤੇ ਤੰਤੀ ਸਾਜ ਰਬਾਬ ਤੇ ਤਾਉਸ ਨਾਲ ਦਸਮ ਬਾਣੀ ਦੇ ਸ਼ਬਦਾਂ ਦਾ ਗਾਇਨ ਕਰ ਸੰਗਤਾਂ ਨੂੰ ਮੰਤਰ ਮੁਗਧ ਕੀਤਾ ।

ਇਸ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਉਹਨਾਂ ਦੇ ਜਥੇ ਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਉਹਨਾਂ ਦੇ ਨਿਊਜ਼ੀਲੈਂਡ ਵਿੱਚ ਦਿਨ ਵੇਲੇ ਦੀ ਆਖ਼ਰੀ ਹਾਜ਼ਰੀ ਤੋਂ ਬਾਅਦ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ ।

ਇਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਨਿਊਜ਼ੀਲੈਂਡ ਵਿੱਚ ਕੀਰਤਨ ਸਿਖਾਉਣ ਵਾਲੇ ਅਤੇ ਸਿੱਖਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਰਾਤਨ ਕੀਰਤਨ ਰਾਗ ਸ਼ੈਲੀ ਨੂੰ ਸਾਂਭਣ ਲਈ ਸਾਲ ਵਿੱਚ ਇਕ ਰਾਗ ਦਰਬਾਰ ਰਾਗਾਂ ਦੀ ਸੋਝੀ ਰੱਖਣ ਵਾਲੇ ਰਾਗੀ ਸਿੰਘਾਂ ਦਾ ਜਰੂਰ ਹੋਣਾ ਚਾਹੀਦਾ ਹੈ , ਜਿਸ ਨਾਲ ਆਉਣ ਵਾਲੀ ਅਤੇ ਸਿਖ ਰਹੀ ਨੌਜਵਾਨ ਪੀੜ੍ਹੀ ਦੇ ਗਿਆਨ ਵਿੱਚ ਵਡਾ ਵਾਧਾ ਹੋਵੇਗਾ ।

ਅਖੀਰ ਵਿੱਚ ਜੈਕਾਰਿਆਂ ਦੀ ਗੂੰਜ ਹੇਠ ਨਿਊਜ਼ੀਲੈਂਡ ਵਿੱਚ ਪਹਿਲੇ ਰਾਗ ਦਰਬਾਰ ਦੀ ਸਮਾਪਤੀ ਹੋਈ ।

Posted By: TARANJOT SINGH

Latest News