Nazrana Times

ਪੰਜਾਬੀ

ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਤੇ ਆੜਤੀਆਂ ਦੀ ਵਧਾਈ ਚਿੰਤਾ

12 Oct, 2026 11:45 AM

ਝੋਨੇ ਦੀ ਕਰੀਬ 90 ਫ਼ੀਸਦੀ ਹੀ ਫ਼ਸਲ ਅਜੇ ਵੀ ਖੇਤਾਂ 'ਚ

ਅੱਪਰਾ, 12 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਬੇਸ਼ੱਕ ਪਿਛਲੇ ਕੁੱਝ ਦਿਨਾਂ ਤੋਂ ਅਸਮਾਨ 'ਚ ਬੱਦਲਵਾਈ ਬਣੀ ਹੋਈ ਸੀ, ਪਰ ਬੀਤੀ ਰਾਤ ਤੋਂ ਅਸਮਾਨ 'ਚ ਛਾਏ ਗਹਿਰੇ ਬੱਦਲਾਂ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਦਿਨ ਚੜ੍ਹਦੇ ਸਾਰ ਹੀ ਮੀਂਹ ਸ਼ੁਰੂ ਹੋ ਗਿਆ। ਝੋਨੇ ਦੀ ਕਰੀਬ 90 ਫੀਸਦੀ ਫਸਲ ਅਜੇ ਖੇਤਾਂ 'ਚ ਖੜ੍ਹੀ ਹੈ। ਅਜੇ 10 ਫੀਸਦੀ ਫਸਲ ਦੀ ਕਟਾਈ ਹੀ ਹੋ ਸਕੀ ਹੈ। ਮੰਡੀਆਂ 'ਚ ਝੋਨੇ ਦੀ ਆਮਦ ਅਜੇ ਮੱਠੀ ਹੈ। ਬੇਸ਼ੱਕ ਅੱਪਰਾ ਇਲਾਕੇ 'ਚ ਅਜੇ ਦਰਮਿਆਨੀ ਬਰਸਾਤ ਹੀ ਹੋਈ ਹੈ। ਜੇਕਰ ਹੋਰ ਤੇਜ਼ ਮੀਂਹ ਪੈਂਦਾ ਹੈ ਤਾਂ ਕਿਸਾਨ ਦੀ ਚਿੰਤਾ 'ਚ ਹੋਰ ਵਾਧਾ ਹੋ ਸਕਦਾ ਹੈ। ਝੋਨੇ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ। ਦਾਣਾ ਮੰਡੀ ਅੱਪਰਾ ਵਿਖੇ ਖਰੀਦ ਹੋਈ ਫਸਲ ਦੀ ਲਿਫਿਟਿੰਗ ਨਾ ਹੋਣ ਕਾਰਨ ਅਜੇ ਮੰਡੀ 'ਚ ਹੀ ਪਈ ਹੈ। ਇਹ ਫਸਲ ਪੱਕੇ ਫੜ੍ਹ 'ਤੇ ਤਰਪਾਲ ਨਾਲ ਢੱਕ ਕੇ ਰੱਖੀ ਗਈ ਹੈ ਤੇ ਕਿਸਾਨ ਆਪਣੀ ਫਸਲ ਕੱਚੇ ਫੜ੍ਹ 'ਤੇ ਰੱਖਣ ਲਈ ਮਜਬੂਰ ਹੈ। ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਨਮੀ ਵੱਧਣ

ਕਾਰਨ ਖਰੀਦ ਸਬੰਧੀ ਸਮੱਸਿਆ 'ਚ ਵੀ ਵਾਧਾ ਹੋ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ, ਕਿਸਾਨ ਆਗੂਆਂ ਤੇ ਆੜਤੀਆਂ ਸੁਰਿੰਦਰ ਸਿੰਘ ਪਾਲ ਬਾਂਦੀ, ਹਰਜੀਤ ਸਿੰਘ ਲਾਂਧੜਾ, ਹਰਜੀਤ ਸਿੰਘ ਢਿਲੋਂ, ਸੁਰਜੀਤ ਸਿੰਘ ਸਮਰਾੜੀ, ਕੁਲਦੀਪ ਸਿੰਘ ਜੋਹਲ, ਨਰਿੰਦਰ ਸਿੰਘ ਸਹੋਤਾ. ਜੱਗੀ ਰੰਧਾਵਾ, ਰੇਸ਼ਮ ਸਿੰਘ ਮਸਾਣੀ, ਸੁਰਿੰਦਰ ਸਿੰਘ ਲੋਹਗੜ੍ਹ ਨੇ ਕਿਹਾ ਕਿ ਬੇ-ਮੌਸਮੀ ਬਰਸਾਤ ਚਿੰਤਾ ਦਾ ਵਿਸ਼ਾ ਹੈ। ਜਦੋਂ ਤੱਕ ਖੇਤਾਂ 'ਚ ਖੜ੍ਹੀ ਫਸਲ ਦੀ ਕਟਾਈ ਤੇ ਖਰੀਦ ਮੁਕੰਮਲ ਨਹੀਂ ਹੋ ਜਾਂਦੀ ਤਾਂ ਵਿਗੜਿਆ ਮੌਸਮ ਹੋਰ ਵੀ ਚਿੰਤਾ ਦਾ ਕਾਰਨ ਬਣ ਸਕਦਾ ਹੈ।

Posted By: GURBHEJ SINGH ANANDPURI

Latest News