ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ’ਚ ਪਹਿਲੀ ਪੰਜਾਬੀ ਕਾਨਫਰੰਸ, ਮਾਂ-ਬੋਲੀ ਨੂੰ ਸਿੱਖਿਆ, ਰੁਜ਼ਗਾਰ ਤੇ ਤਕਨਾਲੋਜੀ ਨਾਲ ਜੋੜਨ ’ਤੇ ਜ਼ੋਰ
ਲਾਹੌਰ (ਨਜ਼ਰਾਨਾ ਟਾਈਮਜ਼): ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਵਿੱਚ ਪਹਿਲੀ ਪੰਜਾਬੀ ਕਾਨਫਰੰਸ ਕਰਵਾਈ ਗਈ। ਇਸ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ ਅਤੇ ਪੰਜਾਬੀਅਤ ਦੇ ਨਾਲ ਪੰਜਾਬ ਦੇ ਸਿਆਸੀ ਤੇ ਆਰਥਿਕ ਪੱਖਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਕਾਨਫਰੰਸ ਵਿੱਚ ਇਸ ਗੱਲ ’ਤੇ ਖ਼ਾਸ ਜ਼ੋਰ ਰਿਹਾ ਕਿ ਪੰਜਾਬੀ ਨੂੰ ਆਧੁਨਿਕ ਸਿੱਖਿਆ, ਰੁਜ਼ਗਾਰ, ਅਰਥਚਾਰੇ ਅਤੇ ਨਵੀਂ ਤਕਨਾਲੋਜੀ ਨਾਲ ਕਿਵੇਂ ਜੋੜਿਆ ਜਾਵੇ।
ਵਿਦਿਅਕ ਤੇ ਸਾਹਿਤਕ ਰਵਾਇਤ ਅਤੇ ਵਿਚਾਰਕ ਸਿਖਲਾਈ ਲਈ ਗੌਰਮਿੰਟ ਕਾਲਜ ਲਾਹੌਰ ਦੀ ਪਾਕਿਸਤਾਨ ਸਮੇਤ ਦੱਖਣੀ ਏਸ਼ੀਆ ਵਿੱਚ ਵੱਖਰੀ ਪਛਾਣ ਰਹੀ ਹੈ। ਦੇਸ਼-ਵਿਦੇਸ਼ ਦੇ ਵਿਦਿਆਰਥੀਆਂ ਵਿੱਚ ਵੀ ਇੱਥੇ ਪੜ੍ਹਨ ਦੀ ਖਿੱਚ ਰਹੀ ਹੈ। ਯੂਨੀਵਰਸਿਟੀ ਵਿੱਚ ਲੰਮੇ ਅਰਸੇ ਬਾਅਦ ਪੰਜਾਬੀ ਦੇ ਮੌਜੂਦਾ ਹਾਲਾਤ ਅਤੇ ਭਵਿੱਖ ਬਾਰੇ ਇੰਨੇ ਵੱਡੇ ਪੱਧਰ ’ਤੇ ਚਰਚਾ ਹੋਈ।
ਪਰਵਾਸੀ ਪੰਜਾਬੀਆਂ ਤੇ ਨਵੀਂ ਪੀੜ੍ਹੀ ਦਾ ਮਾਂ-ਬੋਲੀ ਨਾਲ ਰਿਸ਼ਤਾ
ਕਾਨਫਰੰਸ ਵਿੱਚ ਪਾਕਿਸਤਾਨ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪੰਜਾਬੀ ਵਿਦਵਾਨਾਂ, ਖੋਜਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਰੱਖੇ। ਵਿਦੇਸ਼ਾਂ ਤੋਂ ਆਏ ਸਿੱਖ ਵਿਦਵਾਨਾਂ ਅਤੇ ਪੰਜਾਬੀ ਖੋਜਕਾਰਾਂ ਨੇ ਪੰਜਾਬੀ ਭਾਸ਼ਾ, ਪੰਜਾਬੀਅਤ ਤੇ ਸੱਭਿਆਚਾਰ ਦੀ ਵਿਸ਼ਵ ਪੱਧਰੀ ਪਹੁੰਚ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਅਤੇ ਉੱਥੋਂ ਦੀ ਨਵੀਂ ਪੀੜ੍ਹੀ ਦੇ ਮਾਂ-ਬੋਲੀ ਨਾਲ ਰਿਸ਼ਤੇ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ।
ਲੇਖਕ ਅਤੇ ਪੱਤਰਕਾਰ ਸੁਹੇਲ ਵੜੈਚ ਨੇ ਪੰਜਾਬੀ ਸੋਚ, ਪੰਜਾਬ ਦੇ ਫ਼ਿਕਰੀ ਮਿਜ਼ਾਜ ਅਤੇ ਮਾਂ-ਬੋਲੀ ਦੇ ਭਵਿੱਖ ਬਾਰੇ ਵਿਚਾਰ ਸਾਂਝੇ ਕੀਤੇ। ਗੁਲਾਮ ਹੁਸੈਨ ਸਾਜਿਦ ਅਤੇ ਵਾਸਿਫ਼ ਨਾਗੀ ਨੇ ਗੌਰਮਿੰਟ ਕਾਲਜ ਯੂਨੀਵਰਸਿਟੀ ਦੇ ਵਿਦਿਅਕ ਤੇ ਸਾਹਿਤਕ ਜੀਵਨ, ਇਸ ਦੀ ਇਤਿਹਾਸਕ ਰਵਾਇਤ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਇਸ ਦੇ ਰਿਸ਼ਤੇ ਬਾਰੇ ਚਾਨਣਾ ਪਾਇਆ।
ਪੰਜਾਬੀ ਅਤੇ ਗੁਰਮਤਿ ਦੇ ਰਿਸ਼ਤੇ ਬਾਰੇ ਚਰਚਾ
ਰਣਜੀਤ ਸਿੰਘ ਰਾਣਾ ਨੇ ਪੰਜਾਬੀ ਅਤੇ ਗੁਰਮਤਿ ਦੇ ਰਿਸ਼ਤੇ ਬਾਰੇ ਗੱਲ ਕੀਤੀ। ਉਨ੍ਹਾਂ ਪੰਜਾਬੀ ਨੂੰ ਰੂਹਾਨੀ ਭਾਸ਼ਾ ਦੱਸਦਿਆਂ ਕਿਹਾ ਕਿ ਜਿਸ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਰਜ ਹੈ, ਉਸ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਉਨ੍ਹਾਂ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਦੀ ਕਲਾਸੀਕਲ ਕਵਿਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ’ਤੇ ਜ਼ੋਰ ਦਿੱਤਾ।
ਰਾਣਾ ਨੇ ਕਿਹਾ ਕਿ ਪੰਜਾਬੀ ਸਾਡੀ ਸਾਂਝੀ ਸਾਹਿਤਕ, ਸੱਭਿਆਚਾਰਕ ਅਤੇ ਰੂਹਾਨੀ ਵਿਰਾਸਤ ਹੈ। ਉਨ੍ਹਾਂ ਮੁਤਾਬਕ ਪੰਜਾਬੀ ਦੀ ਸੇਵਾ ਲਈ ਅਤੀਤ ਦੀ ਵਿਰਾਸਤ ਨੂੰ ਯਾਦ ਰੱਖਣ ਦੇ ਨਾਲ ਮਾਂ-ਬੋਲੀ ਨੂੰ ਨਵੀਂ ਪੀੜ੍ਹੀ, ਆਧੁਨਿਕ ਸਿੱਖਿਆ ਅਤੇ ਤਕਨਾਲੋਜੀ ਨਾਲ ਜੋੜਨਾ ਵੀ ਸਾਂਝੀ ਜ਼ਿੰਮੇਵਾਰੀ ਹੈ।
ਵੱਖ-ਵੱਖ ਸੈਸ਼ਨਾਂ ਵਿੱਚ ਲੇਖਕਾਂ, ਵਿਦਵਾਨਾਂ ਅਤੇ ਖੋਜਕਾਰਾਂ ਨੇ ਪੰਜਾਬੀ ਸਾਹਿਤ, ਸੱਭਿਆਚਾਰ, ਪੰਜਾਬੀਅਤ, ਪਰਵਾਸੀ ਭਾਈਚਾਰੇ ਅਤੇ ਨਵੀਂ ਪੀੜ੍ਹੀ ਦੇ ਭਾਸ਼ਾਈ ਭਵਿੱਖ ਬਾਰੇ ਵਿਚਾਰ ਰੱਖੇ। ਪੰਜਾਬੀ ਦੀ ਡਿਜੀਟਲ ਦੁਨੀਆ, ਬਣਾਵਟੀ ਬੁੱਧੀ (ਏਆਈ) ਅਤੇ ਆਧੁਨਿਕ ਸਿੱਖਿਆ ਵਿੱਚ ਵਰਤੋਂ ਵਧਾਉਣ ਦੇ ਤਰੀਕੇ ਵੀ ਚਰਚਾ ਦਾ ਵਿਸ਼ਾ ਰਹੇ।
ਪੰਜਾਬੀ ਨੂੰ ਭਵਿੱਖ ਦੀ ਭਾਸ਼ਾ ਵਜੋਂ ਦੇਖਣ ਦਾ ਸੱਦਾ
ਸਮਾਪਤੀ ਸਮਾਰੋਹ ਵਿੱਚ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਉਮਰ ਚੌਧਰੀ ਨੇ ਕਾਨਫਰੰਸ ਨੂੰ ਇੱਕ ਨਵੀਂ ਵਿਦਿਅਕ ਅਤੇ ਸਾਹਿਤਕ ਰਵਾਇਤ ਦੀ ਸ਼ੁਰੂਆਤ ਦੱਸਿਆ। ਉਨ੍ਹਾਂ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ, ਖੋਜ ਅਤੇ ਪੜ੍ਹਾਈ ਲਈ ਆਪਣਾ ਯੋਗਦਾਨ ਜਾਰੀ ਰੱਖੇਗੀ। ਉਨ੍ਹਾਂ ਪੰਜਾਬੀ ਨੂੰ ਰੁਜ਼ਗਾਰ ਨਾਲ ਜੋੜਨ ਲਈ ਯਤਨ ਹੋਰ ਮਜ਼ਬੂਤ ਕਰਨ ਦੀ ਗੱਲ ਵੀ ਕੀਤੀ।
ਡਾ. ਚੌਧਰੀ ਨੇ ਕਿਹਾ ਕਿ ਪੰਜਾਬੀ ਨੂੰ ਅਤੀਤ ਦੀ ਵਿਰਾਸਤ ਦੇ ਨਾਲ ਭਵਿੱਖ ਦੀ ਭਾਸ਼ਾ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਕਾਨਫਰੰਸ ਨੇ ਯੂਨੀਵਰਸਿਟੀ ਵਿੱਚ ਪੰਜਾਬੀ ਬਾਰੇ ਵਿਆਪਕ ਗੱਲਬਾਤ ਦੀ ਸ਼ੁਰੂਆਤ ਕੀਤੀ। ਇਸ ਰਵਾਇਤ ਦੇ ਅੱਗੇ ਵਧਣ ਨਾਲ ਪੰਜਾਬੀ ਨੂੰ ਖੋਜ, ਸਿੱਖਿਆ, ਸਾਹਿਤ, ਤਕਨਾਲੋਜੀ, ਰੁਜ਼ਗਾਰ ਅਤੇ ਨਵੀਂ ਪੀੜ੍ਹੀ ਨਾਲ ਜੋੜਨ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ।
Posted By: Ali Imran Chattha