ਅਕਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਦਾ ਅਕਾਲ ਚਲਾਣਾ
- ਸੋਗ /ਦੁੱਖ ਦਾ ਪ੍ਰਗਟਾਵਾ
- 09 Jan, 2026 05:27 PM (Asia/Kolkata)
ਚੰਡੀਗੜ੍ਹ, 9 ਜਨਵਰੀ , ਕੰਵਰ ਪ੍ਰਤਾਪ ਸਿੰਘ
ਅੱਜ ਸਿੱਖ ਸੰਘਰਸ਼ ਦੇ ਜੁਝਾਰੂ ਯੋਧੇ ਅਤੇ ਅਕਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਅਕਾਲ ਚਲਾਣਾ ਕਰ ਗਏ ਹਨ। ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਟਰੱਸਟ ਦੇ ਮੈਂਬਰ ਬੀਬੀ ਭੁਪਿੰਦਰ ਕੌਰ ਖਾਲਸਾ ਅਤੇ ਭਾਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਭਾਈ ਕੰਵਰ ਸਿੰਘ ਧਾਮੀ ਨੂੰ ਅੱਜ ਸਾਹ ਦੀ ਤਕਲੀਫ ਆਉਣ ਕਾਰਨ ਸੈਕਟਰ 32 ਦੇ ਜੀ.ਐਮ.ਸੀ.ਐਚ. ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਜਿਕਰਯੋਗ ਹੈ ਕਿ ਜਦੋਂ ਜੁਝਾਰੂ ਸੰਘਰਸ਼ ਦੌਰਾਨ ਭਾਈ ਕੰਵਰ ਸਿੰਘ ਧਾਮੀ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਮੁਖੀ ਕੇਪੀਐਸ ਗਿੱਲ ਨੇ ਉਹਨਾਂ ਪਾਸੋਂ ਸੰਘਰਸ਼ ਖਿਲਾਫ਼ ਬੁਲਾਉਣਾ ਚਾਹਿਆ ਤਾਂ ਭਾਈ ਕੰਵਰ ਸਿੰਘ ਧਾਮੀ ਨੇ ਖਾਲਿਸਤਾਨ ਦੇ ਸੰਘਰਸ਼ ਦੀ ਪਹਿਰੇਦਾਰੀ ਕਰਦਿਆਂ ਤੇ ਹਿੰਦ ਸਰਕਾਰ ਨੂੰ ਵੰਗਾਰਦਿਆਂ ਮੀਡੀਆ ਦੇ ਸਾਹਮਣੇ ਹੀ ਬੁੱਚੜ ਕੇਪੀਐਸ ਗਿੱਲ ਦੇ ਥੱਪੜ ਮਾਰ ਦਿੱਤਾ ਸੀ ਤੇ ਇਸ ਗੱਲ ਦੀ ਮੀਡੀਆ ਵਿੱਚ ਖੂਬ ਚਰਚਾ ਹੋਈ ਸੀ।
- ਖ਼ਾਲਿਸਤਾਨ ਦਾ ਸੰਵਿਧਾਨ ਕੀਤਾ ਸੀ ਜਾਰੀ
- ਅਕਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜੁਝਾਰੂ ਯੋਧੇ ਸਨਭਾਈ ਕੰਵਰ ਸਿੰਘ ਧਾਮੀ
- ਪੰਥਕ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਪੰਥਕ ਸੇਵਾ ਨੂੰ ਪ੍ਰਣਾਮ
ਭਾਈ ਸਾਹਿਬ ਨੇ ਅਨੇਕਾਂ ਵਾਰ ਜੇਲਾਂ ਕੱਟੀਆਂ। ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸਾਥ ਮਾਣਿਆ ਅਤੇ ਸੰਤ ਭਿੰਡਰਾਂਵਾਲਿਆਂ ਦੇ ਹੁਕਮ ਅਨੁਸਾਰ 26 ਜਨਵਰੀ 1984 ਨੂੰ ਭਾਈ ਕੰਵਰ ਸਿੰਘ ਧਾਮੀ ਨੇ ਅਕਾਲ ਫੈਡਰੇਸ਼ਨ ਵੱਲੋਂ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਖੁੱਡਾ, ਸ਼ਹੀਦ ਭਾਈ ਸਵਰਨ ਸਿੰਘ ਨਿਹੰਗ ਖੁੱਡਾ, ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ, ਭਾਈ ਮਨਜੀਤ ਸਿੰਘ ਬੋਲੇਵਾਲ ਅਤੇ ਭਾਈ ਪ੍ਰੀਤਮ ਸਿੰਘ ਜਹੂਰਾ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖਾਲਿਸਤਾਨ ਦਾ ਸੰਵਿਧਾਨ ਵੀ ਜਾਰੀ ਕੀਤਾ ਸੀ ਜੋ ਅਕਾਲ ਟਾਈਮਜ ਕਿਤਾਬਚੇ ਵਿਚ ਛਾਪਿਆ ਗਿਆ ਸੀ ਤੇ ਖਾਲਸਾਈ ਨਿਸ਼ਾਨ ਸਾਹਿਬ ਨੂੰ ਸਲਾਮੀ ਵੀ ਦਿੱਤੀ ਗਈ ਸੀ ਤੇ ਇਸ ਦੌਰਾਨ ਦਮਦਮੀ ਟਕਸਾਲ ਦੇ ਸਿੰਘਾਂ ਨੇ ਆਕਾਸ਼ ਵੱਲ ਬੰਦੂਕਾਂ ਤਾਣ ਕੇ ਫਾਇਰਿੰਗ ਵੀ ਕੀਤੀ ਸੀ। ਭਾਈ ਕੰਵਰ ਸਿੰਘ ਧਾਮੀ ਜੋ ਜੁਝਾਰੂ ਸੰਘਰਸ਼ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 55, ਪਲਸੌਰਾ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਆਸਰਾ ਟਰੱਸਟ (ਅਕਾਲ ਆਸਰਾ ਟਰੱਸਟ) ਚਲਾ ਰਹੇ ਸਨ ਤੇ ਉਹ ਅਨੇਕਾਂ ਬੱਚਿਆਂ ਦੀ ਦੇਖਭਾਲ ਕਰਦੇ ਸਨ ਤੇ ਉਹਨਾਂ ਨੂੰ ਪੜ੍ਹਾਈ ਕਰਵਾਉਂਦੇ ਸਨ ਤੇ ਉਹਨਾਂ ਨੇ ਅਨੇਕਾਂ ਸ਼ਹੀਦਾਂ ਦੇ ਬੱਚਿਆਂ ਨੂੰ ਵੀ ਸਾਂਭਿਆ। ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਭਾਈ ਕੰਵਰ ਸਿੰਘ ਧਾਮੀ ਦੇ ਸਰੀਰਕ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਦੀ ਪੰਥਕ ਸੇਵਾ ਤੇ ਕੁਰਬਾਨੀ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਸ ਯੋਧੇ ਨੂੰ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ।
Leave a Reply