ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਵਿਸ਼ਾਲ ਪੰਥਕ ਇਕੱਠ; ਗੁਰਮਤਿ ਮਤਾ ਸਰਬਸੰਮਤੀ ਨਾਲ ਪਾਸ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਹੱਕ ਵਿੱਚ ਪੰਥ ਦੀ ਗੱਜਵੀਂ ਏਕਤਾ
10 ਦਿਨਾਂ ਅੰਦਰ ਸਿੱਖ ਸੰਸਥਾਵਾਂ ਖ਼ਿਲਾਫ਼ ਚੱਲ ਰਹੀ ਕਥਿਤ ਬਦਨਾਮੀ ਮੁਹਿੰਮ ਨਾ ਰੁਕੀ ਤਾਂ ਖ਼ਾਲਸਾ ਪੰਥ ਕਰੇਗਾ ਅਗਲੀ ਕਾਰਵਾਈ : ਗਿਆਨੀ ਕੁਲਦੀਪ ਸਿੰਘ ਗੜਗੱਜ
ਅੰਮ੍ਰਿਤਸਰ, 5 ਜੁਲਾਈ (ਨਜ਼ਰਾਨਾ ਟਾਈਮਜ਼ ਬਿਊਰੋ):
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘ਗੁਰੂ-ਦੋਖੀ’ ਅਤੇ ‘ਖ਼ਾਲਸਾ ਪੰਥ ਵਿਰੋਧੀ’ ਕਰਾਰ ਦੇਣ ਸਬੰਧੀ ਜਾਰੀ ਆਦੇਸ਼ ਦੇ ਹੱਕ ਵਿੱਚ ਐਤਵਾਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ। ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ, ਪੰਥਕ ਜਥੇਬੰਦੀਆਂ, ਸੰਪਰਦਾਵਾਂ ਅਤੇ ਧਾਰਮਿਕ ਆਗੂਆਂ ਦੀ ਮੌਜੂਦਗੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ’ਤੇ ਪੂਰਾ ਵਿਸ਼ਵਾਸ ਪ੍ਰਗਟ ਕਰਦਿਆਂ ਹੁਕਮਨਾਮੇ ਦੀ ਪੂਰਨ ਹਮਾਇਤ ਕੀਤੀ ਗਈ ਅਤੇ ਐਸਜੀਪੀਸੀ ਪ੍ਰਧਾਨ ਵੱਲੋਂ ਪੇਸ਼ ਕੀਤਾ ਗਿਆ ਗੁਰਮਤਿ ਮਤਾ ਜੈਕਾਰਿਆਂ ਦੀ ਗੂੰਜ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬ ਦਾ ਸਦੀਵੀ ਤਖ਼ਤ ਹੈ, ਜਿਸ ਦੀ ਮਰਯਾਦਾ ਅਤੇ ਸਰਬਉੱਚਤਾ ਨੂੰ ਕੋਈ ਵੀ ਤਾਕਤ ਚੁਣੌਤੀ ਨਹੀਂ ਦੇ ਸਕਦੀ। ਉਨ੍ਹਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਅਤੇ ਮੋਹਾਲੀ ਤੋਂ ਕੁਝ ਲੋਕ ਸਰਕਾਰੀ ਸਰਪ੍ਰਸਤੀ ਹੇਠ ਸੋਸ਼ਲ ਮੀਡੀਆ ਰਾਹੀਂ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਗਤੀਵਿਧੀਆਂ ਨੂੰ ਦਸ ਦਿਨਾਂ ਦੇ ਅੰਦਰ ਨਾ ਰੋਕਿਆ ਗਿਆ ਤਾਂ ਖ਼ਾਲਸਾ ਪੰਥ ਆਪਣੇ ਅਗਲੇ ਕਦਮ ਚੁੱਕਣ ਲਈ ਮਜਬੂਰ ਹੋਵੇਗਾ
ਗਿਆਨੀ ਗੜਗੱਜ ਨੇ ਇਹ ਵੀ ਐਲਾਨ ਕੀਤਾ ਕਿ 24 ਜੁਲਾਈ ਨੂੰ ਮੀਰੀ-ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਖ਼ਾਲਸਾ ਵਹੀਰ ਆਰੰਭ ਕੀਤੀ ਜਾਵੇਗੀ, ਜਿਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਬਉੱਚ ਸੰਸਥਾ ਹੈ ਅਤੇ ਇਸ ਦੀ ਅਥਾਰਟੀ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਰਤਾ ਨਾਲ ਸੀਸ ਝੁਕਾਉਂਦੇ ਹਨ, ਉਹ ਸਤਿਕਾਰ ਹਾਸਲ ਕਰਦੇ ਹਨ, ਜਦਕਿ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਤਿਹਾਸ ਨੇ ਕਦੇ ਵੀ ਮਾਫ਼ ਨਹੀਂ ਕੀਤਾ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਖ਼ਾਲਸਾ ਪੰਥ ਨੂੰ ਸੁਚੇਤ ਰਹਿਣ ਅਤੇ ਏਕਤਾ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ।
ਨਿਹੰਗ ਸਿੰਘ ਦਲਾਂ ਦੇ ਮੁਖੀਆਂ ਬਾਬਾ ਬਲਬੀਰ ਸਿੰਘ (ਬੁੱਢਾ ਦਲ), ਬਾਬਾ ਨਿਹਾਲ ਸਿੰਘ, ਬਾਬਾ ਮੇਜਰ ਸਿੰਘ ਸੋਢੀ ਸਮੇਤ ਹੋਰਨਾਂ ਪੰਥਕ ਆਗੂਆਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਅਟੱਲ ਨਿਸ਼ਠਾ ਦਾ ਪ੍ਰਗਟਾਵਾ ਕਰਦਿਆਂ ਇਸ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਣ ਦਾ ਐਲਾਨ ਕੀਤਾ।
ਇਸ ਮੌਕੇ ਬਾਬਾ ਸੁਖਦੇਵ ਸਿੰਘ (ਦਮਦਮੀ ਟਕਸਾਲ), ਐਡਵੋਕੇਟ ਪੂਰਨ ਸਿੰਘ ਹੁੰਦਲ, ਪਰਮਜੀਤ ਸਿੰਘ ਸਰਨਾ, ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਬਾਬਾ ਹਾਕਮ ਸਿੰਘ ਨਿਰਮਲੇ, ਭਾਈ ਜਸਵੰਤ ਸਿੰਘ, ਬਾਬਾ ਗੁਰਨਾਮ ਸਿੰਘ ਦੜੋਲੀ ਭਾਈ ਸਮੇਤ ਕਈ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਿੰਘਾਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ, ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ, ਕਿਸਾਨ ਆਗੂਆਂ, ਧਾਰਮਿਕ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਤੋਂ ਪੁੱਜੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।
ਮੁੱਖ ਗੱਲਾਂ
● ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪੰਥ ਦੀ ਸਰਬਸੰਮਤੀ ਨਾਲ ਹਮਾਇਤ।
● ਐਸਜੀਪੀਸੀ ਪ੍ਰਧਾਨ ਵੱਲੋਂ ਪੇਸ਼ ਕੀਤਾ ਗੁਰਮਤਿ ਮਤਾ ਜੈਕਾਰਿਆਂ ਦੀ ਗੂੰਜ ਵਿੱਚ ਪਾਸ।
● ਸਿੱਖ ਸੰਸਥਾਵਾਂ ਖ਼ਿਲਾਫ਼ ਕਥਿਤ ਬਦਨਾਮੀ ਮੁਹਿੰਮ ਰੋਕਣ ਲਈ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ।
● 24 ਜੁਲਾਈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਖ਼ਾਲਸਾ ਵਹੀਰ ਕੱਢਣ ਦਾ ਐਲਾਨ।
● ਪੰਥਕ ਜਥੇਬੰਦੀਆਂ, ਸੰਪਰਦਾਵਾਂ ਅਤੇ ਹਜ਼ਾਰਾਂ ਸੰਗਤਾਂ ਦੀ ਇਤਿਹਾਸਕ ਸ਼ਮੂਲੀਅਤ।
Posted By: GURBHEJ SINGH ANANDPURI