Nazrana Times

ਪੰਜਾਬੀ

ਮੋਹਾਲੀ ਦੇ ਫੇਜ਼-3ਬੀ1 ’ਚ 34.98 ਲੱਖ ਦੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ : ਮੇਅਰ ਸਮਾਣਾ

08 Oct, 2026 07:26 PM

ਦੋ ਮਹੀਨਿਆਂ 'ਚ ਪੂਰਾ ਕਰਨ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਫੇਜ਼-3ਬੀ1 'ਚ ਖ਼ਰਾਬ ਹੋ ਚੁੱਕੀ ਪੁਰਾਣੀ ਸੀਵਰੇਜ ਲਾਈਨ ਨੂੰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਗਰ ਨਿਗਮ ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਹੀ ਦਾ ਟੱਕ ਲਗਾ ਕੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪ੍ਰੋਜੈਕਟ ਤਹਿਤ ਫੇਜ਼-3ਬੀ1 ਵਿੱਚ ਹਾਊਸ ਨੰਬਰ 855 ਤੋਂ 840 ਦੇ ਸਾਹਮਣੇ ਮੌਜੂਦਾ ਖ਼ਰਾਬ ਸੀਵਰੇਜ ਲਾਈਨ ਨੂੰ ਬਦਲਿਆ ਜਾਵੇਗਾ। ਇਸ ਦੌਰਾਨ 315 ਮਿਲੀਮੀਟਰ (12 ਇੰਚ) ਓ/ਡੀ ਯੂਪੀਵੀਸੀ ਐਸਐਨ-8 ਪਾਈਪਾਂ ਵਿਛਾਈਆਂ ਜਾਣਗੀਆਂ ਅਤੇ ਲੋੜ ਅਨੁਸਾਰ ਨਵੇਂ ਮੈਨਹੋਲ ਵੀ ਬਣਾਏ ਜਾਣਗੇ। ਕੁੱਲ 275 ਮੀਟਰ ਸੀਵਰੇਜ ਲਾਈਨ ਬਦਲਣ ਵਾਲੇ ਇਸ ਕੰਮ ਲਈ ₹34.98 ਲੱਖ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਇਹ ਕੰਮ ਦੋ ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੁਰਾਣੇ ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕਰਨਾ ਨਗਰ ਨਿਗਮ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਮੇਅਰ ਨੇ ਉਦਯੋਗਿਕ ਖੇਤਰ ਫੇਜ਼-3 ਵਿੱਚ ਕਕਰੀਟ ਨਾਲ ਬਣੀ ਸੜਕ ਦੇ ਟੁੱਟਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਮੰਗਵਾਈ ਗਈ ਹੈ ਅਤੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਮੇਅਰ ਨੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕੰਮ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਨਿਰਧਾਰਤ ਸਮੇਂ ਵਿੱਚ ਪ੍ਰੋਜੈਕਟ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸੀਨੀ. ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਚੰਨਾ, ਅਕਵਿੰਦਰ ਸਿੰਘ ਗੋਸਲ ਚੇਅਰਮੈਨ ਟਰੇਡ ਕਮਿਸ਼ਨ ਹਲਕਾ ਮੋਹਾਲੀ, ਜਤਿੰਦਰ ਪਾਲ ਸਿੰਘ ਢਿੰਗਰਾ ਪ੍ਰਧਾਨ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਹਰਿੰਦਰ ਸਿੰਘ, ਬਲਾਕ ਇੰਚਾਰਜ, ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ ਮੌਜੂਦ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News