Nazrana Times

ਪੰਜਾਬੀ

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾਦੀ ਦੇ ਸਸਕਾਰ ਦੀਆਂ ਰਸਮਾਂ 'ਚ ਹੋਏ ਸ਼ਾਮਿਲ...

21 Nov, 2026 08:46 PM

ਲਗਭਗ ਢਾਈ ਘੰਟੇ ਆਪਣੇ ਪਰਿਵਾਰ ਨਾਲ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਰਹੇ ਅਤੇ ਦਾਦੀ ਦੀਆਂ ਅੰਤਿਮ ਰਸਮਾਂ 'ਚ ਸ਼ਾਮਿਲ ਹੋਏ ਸੰਸਕਾਰ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਗੱਡੀ 'ਚ ਬਿਠਾ ਕੇ ਉਥੋਂ ਕਿਥੇ ਲਿਜਾਇਆ ਗਿਆ...?

ਚੰਡੀਗੜ੍ਹ 21 ਨਵੰਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲਗਭਗ ਢਾਈ ਘੰਟੇੋ ਆਪਣੇ ਪਰਿਵਾਰ ਨਾਲ ਆਪਣੇ ਜਿੱਦੀ ਪਿੰਡ ਜਲੂਪੁਰ ਖੇੜਾ ਵਿਖੇ ਰਹੇ ਅਤੇ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਸਕਾਰ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੂੰ ਪੁਲਿਸ ਗੱਡੀ ਵਿੱਚ ਬਿਠਾ ਕੇ ਉਥੋਂ ਲੈ ਜਾਇਆ ਗਿਆ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੂੰ ਇੱਥੋਂ ਸਿੱਧਾ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਲੈ ਜਾਇਆ ਜਾਵੇਗਾ ਜਿੱਥੋਂ ਸਾਡੇ ਤਿੰਨ ਵਜੇ ਦੀ ਫ਼ਲਾਈਟ ਜ਼ਰੀਏ ਉਹ ਦਿੱਲੀ ਪਹੁੰਚਾਇਆ ਜਾਵੇਗਾ। ਸੂਤਰਾਂ ਅਨੁਸਾਰ ਅੱਜ ਰਾਤ ਅਮ੍ਰਿਤਪਾਲ ਨੂੰ ਦਿੱਲੀ ਹੀ ਰੱਖਿਆ ਜਾਵੇਗਾ ਅਤੇ ਐਤਵਾਰ ਸਵੇਰੇ ਉਹ ਹਵਾਈ ਉਡਾਨ ਜ਼ਰੀਏ ਡਿਬਰੂਗੜ੍ਹ ਲਈ ਰਵਾਨਾ ਹੋਣਗੇ। ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਲੰਘੇ ਸਾਢੇ ਤਿੰਨ ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਅਦਾਲਤ ਵੱਲੋਂ ਤਿੰਨ ਘੰਟਿਆਂ ਲਈ ਦਾਦੀ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੂੰ ਪਹਿਲਾਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਅਤੇ ਸਵੇਰੇ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਗਿਆ। ਉੱਥੋਂ ਉਨ੍ਹਾਂ ਨੂੰ ਪਿੰਡ ਲੈ ਜਾਇਆ ਗਿਆ ਸੀ। ਅੰਮ੍ਰਿਤਪਾਲ ਸਿੰਘ ਪਹਿਲਾਂ ਘਰ ਪਹੁੰਚੇ ਅਤੇ ਫਿਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਸਕਾਰ ਵਾਲੀ ਥਾਂ ਉੱਤੇ ਪਹੁੰਚੇ। ਅੰਮ੍ਰਿਤਪਾਲ ਸਿੰਘ ਦੇ ਦਾਦੀ ਚਰਨ ਕੌਰ ਦਾ ਦੇਹਾਂਤ 8 ਨਵੰਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਅਦਾਲਤ ਵਿੱਚ ਉਨ੍ਹਾਂ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਦੀ ਇਜ਼ਾਜਤ ਦੇਣ ਲਈ ਅਰਜ਼ੀ ਦਿੱਤੀ ਸੀ। ਹੁਣ ਅਮ੍ਰਿਤਪਾਲ ਸਿੰਘ ਦੇ ਆਉਣ ਉੱਤੇ ਸਸਕਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜੱਲੂਪੁਰ ਖੇੜਾ ਵਿੱਚ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਮਿਲੀ ਸੀ। ਇਸ ਦੌਰਾਨ ਉਹ ਪੁਲਿਸ ਦੀ ਨਿਗਰਾਨੀ ਵਿੱਚ ਰਹੇ। ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਦਾਦੀ ਆਖਰੀ ਵਾਰ ਅਮ੍ਰਿਤਪਾਲ ਨੂੰ ਨਹੀਂ ਦੇਖ ਸਕੇ। ਹਾਲਾਂਕਿ ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਅਮ੍ਰਿਤਪਾਲ ਆਪਣੀ ਦਾਦੀ ਦੇ ਸਸਕਾਰ ਵਿੱਚ ਸ਼ਾਮਿਲ ਹੋ ਸਕੇ। ਬਲਵਿੰਦਰ ਕੌਰ ਅਨੁਸਾਰ ਪੈਰੋਲ ਲਈ ਲੱਖਾਂ ਰੁਪਏ ਜਮ੍ਹਾਂ ਕਰਵਾਉਣੇ ਪਏ। ਬਲਵਿੰਦਰ ਕੌਰ ਮੁਤਾਬਕ ਅਮ੍ਰਿਤਪਾਲ ਸਿੰਘ ਦੀ ਪੈਰੋਲ ਲਈ 10 ਲੱਖ ਰੁਪਏ, ਉਸ ਦੇ ਚਾਚਾ ਹਰਜੀਤ ਸਿੰਘ ਦੀ ਪੈਰੋਲ ਲਈ 6 ਲੱਖ 63 ਹਜ਼ਾਰ ਅਤੇ ਦੋਹਤੇ ਦੀ ਪੈਰੋਲ ਲਈ 2 ਲੱਖ 63 ਹਜ਼ਾਰ ਜਮ੍ਹਾਂ ਕਰਵਾਏ ਗਏ ਹਨ। .,..ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐੱਨਐੱਸਏ ਵੀ ਲਗਾਇਆ ਗਿਆ ਸੀ। ਅਜਨਾਲਾ ਹਿੰਸਾ ਮਾਮਲਾ ਫਰਵਰੀ 2023 ਦੀ ਉਸ ਘਟਨਾ ਨਾਲ ਸਬੰਧਤ ਹੈ, ਜਦੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਮੌਜੂਦਾ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੇ ਇੱਕ ਸਾਥੀ ਦੀ ਰਿਹਾਈ ਲਈ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਪੁਲਿਸ ਥਾਣੇ ਦਾ ਘੇਰਾਓ ਕੀਤਾ ਸੀ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ 18 ਮਾਰਚ, 2023 ਤੋਂ ਲੈ ਕੇ 23 ਅਪ੍ਰੈਲ, 2023 ਤੱਕ 30 ਤੋਂ ਵੱਧ ਦਿਨਾਂ ਦੀ ਗ੍ਰਿਫ਼ਤਾਰੀ ਮੁਹਿੰਮ ਚਲਾਈ ਸੀ। ਅਮ੍ਰਿਤਪਾਲ ਸਿੰਘ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਸਾਲ 2023 ਵਿੱਚ ਲਗਾਇਆ ਗਿਆ ਸੀ ਜਿਸ ਨੂੰ ਸਾਲ 2024 ਵਿੱਚ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ।ਫਿਰ ਸਾਲ 2025 ਵਿੱਚ ਵੀ ਇਸ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਨੇ ਇਸ ਸਾਲ ਐੱਨਐੱਸਏ ਦੀ ਮਿਆਦ ਮੁੱਕਣ ਤੋਂ ਬਾਅਦ ਉਸਦੀ ਮਿਆਦ ਨਹੀਂ ਵਧਾਈ। ਪਰ ਐੱਨਐੱਸਏ ਦੀ ਮਿਆਦ ਨਾ ਵਧਣ ਦੇ ਬਾਵਜੂਦ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਗਿਆ ਹੈ। ਅਮ੍ਰਿਤਪਾਲ ਸਿੰਘ ਪੰਜਾਬ ਡਿਬਰੂਗੜ੍ਹ ਜੇਲ੍ਹ ਵਿੱਚੋਂ ਆਜ਼ਾਦ ਉਮੀਦਵਾਰ ਵਜੋਂ 2024 ਦੀ ਲੋਕ ਸਭਾ ਚੋਣ ਲੜੇ ਸਨ। 5 ਜੁਲਾਈ. 2024 ਵਿੱਚ ਅਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਗਿਆ ਸੀ। ਸਹੁੰ ਚੁੱਕਣ ਲਈ ਅੰਮ੍ਰਿਤਪਾਲ ਸਿੰਘ ਨੂੰ ਨੈਸ਼ਨਲ ਸਕਿਊਰਿਟੀ ਐਕਟ, 1980 ਦੀ ਧਾਰਾ 15 ਦੇ ਤਹਿਤ ਆਰਜ਼ੀ ਤੌਰ ਉੱਤੇ ਰਿਹਾਅ ਕੀਤਾ ਗਿਆ ਸੀ। ਉਹ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਉਹਨਾਂ ਦੇ ਦਾਦੀ ਦੇ ਸੰਸਕਾਰ ਵੇਲੇ ਤਿੰਨ ਘੰਟੇ ਦੀ ਪਰੋਲ ਦਿੱਤੀ ਉਸ ਤੋਂ ਬਾਅਦ ਉਹ ਸ਼ਾਮਿਲ ਹੋਏ ਸੰਗਤਾਂ ਨੇ ਉਹਨਾਂ ਨੂੰ ਪੂਰਾ ਸਤਿਕਾਰ ਦਿੱਤਾ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News