ਰੋਜ਼ ਦਰਜਨਾਂ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਸਰਕਾਰ ਮਸ਼ਹੂਰੀਆਂ ਕਰਨ ਵਿੱਚ ਵਿਅਸਤ -: ਇੰਜ ਸ਼ੇਰਗਿੱਲ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਮਿਤੀ 29/07/2026 ਨੂੰ ਟਾਂਗਰਾ ਵਿਖੇ ਨਜ਼ਰਾਨਾ ਟਾਈਮਜ਼ ਦੇ ਪੱਤਰਕਾਰ ਸੁਰਜੀਤ ਸਿੰਘ ਖਾਲਸਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਲੱਮ ਏਰੀਏ ਵਿੱਚ ਹਰ ਰੋਜ਼ ਦਰਜਨਾਂ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ, ਉਹਨਾਂ ਦੇ ਮਾਪੇ ਗਰੀਬੀ ਕਾਰਨ ਜਾਂ ਨਮੋਸ਼ੀ ਕਾਰਨ ਚੁੱਪ ਚਪੀਤੇ ਦਾਹ ਸੰਸਕਾਰ ਕਰ ਦਿੰਦੇ ਹਨ। ਹਾਲਾਤ ਤਾਂ ਇਥੋਂ ਤੱਕ ਵਿਗੜ ਰਹੇ ਹਨ ਜਦੋਂ ਮਾਪੇ ਆਪਣੇ ਨੌਜਵਾਨ ਬੱਚਿਆਂ ਪ੍ਰਤੀ ਖੁਦ ਇਹ ਗੱਲ ਕਹਿ ਦਿੰਦੇ ਹਨ ਕਿ ਹੁਣ ਇਸ ਤੋਂ ਖੈਹੜਾ ਛੁਟ ਜਾਵੇ ਤਾਂ ਠੀਕ ਹੈ। ਪ੍ਰੇਸ਼ਾਨੀ ਹੋਰ ਵੀ ਵੱਧ ਜਾਂਦੀ ਜਦੋਂ ਨੌਜਵਾਨ ਔਰਤਾਂ ਅਤੇ ਲੜਕੀਆਂ ਨੂੰ ਇਸ ਅਲਾਮਤ ਵਿੱਚ ਗੁਲਤਾਨ ਵੇਖਦੇ ਹਾਂ। ਇੰਜ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਮਸ਼ਹੂਰੀਆਂ ਵਿੱਚ ਸ਼ਭ ਕੁਝ ਵਧੀਆ ਅਤੇ ਹਰ ਪੱਧਰ ਤੇ ਪੰਜਾਬ ਨੂੰ ਇਕ ਨੰਬਰ ਦਾ ਸੂਬਾ ਦਿਖਾਉਣ ਲਈ ਇਸ਼ਤਿਹਾਰਾਂ ਵਿਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।ਪੁਲਿਸ ਅਤੇ ਰਾਜ ਕਰੇਂਦੇ ਲੋਕਾਂ ਦਾ ਇਸ ਗੋਰਖ ਧੰਦੇ ਵਿੱਚ ਸ਼ਾਮਲ ਹੋਣਾ ਹੋਰ ਵੀ ਮਾੜੀ ਗੱਲ ਹੈ।
ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਨੌਜਵਾਨ ਪੀੜ੍ਹੀ ਨੂੰ ਬਚਾਉਣ, ਦੇਸ਼ ਦੇ ਚੰਗੇ ਭਵਿੱਖ ਲਈ ਸੁਚੇਤ ਹੋਣ, ਮੌਕਾ ਪ੍ਰਸਤ ਆਗੂਆਂ ਦੀ ਭੀੜ ਤੋਂ ਬਚਣ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2027 ਦੀ ਚੋਣ ਵਿੱਚ ਅਧਿਕਾਰ ਸੰਘਰਸ਼ ਪਾਰਟੀ ਦਾ ਸਾਥ ਦੇਣ ਅਸੀਂ ਸਿਹਤ, ਸਿਖਿਆ ਅਤੇ ਸੜਕਾਂ, ਮੁੱਢਲੇ ਢਾਂਚੇ ਨੂੰ ਅੱਵਲ ਦਰਜੇ ਦਾ ਬਣਾਵਾਂਗੇ।
Posted By: GURBHEJ SINGH ANANDPURI