ਭੋਗ ਤੇ ਵਿਸ਼ੇਸ਼/ 3 ਮਈ 2025 ਬਾਪੂ ਹਰਦਿਆਲ ਸਿੰਘ ਨੂੰ ਯਾਦ ਕਰਦਿਆਂ------

ਭੋਗ ਤੇ ਵਿਸ਼ੇਸ਼/ 3 ਮਈ 2025

ਬਾਪੂ ਹਰਦਿਆਲ ਸਿੰਘ ਨੂੰ ਯਾਦ ਕਰਦਿਆਂ------


ਸੋਚ ਰਿਹਾ ਹਾਂ ਸਵਰਗਵਾਸੀ ਬਾਪੂ ਸਰਦਾਰ ਹਰਦਿਆਲ ਸਿੰਘ ਜੀ ਦੀ ਗੱਲ ਕਿੱਥੋਂ ਸ਼ੁਰੂ ਕਰਾਂ ? ਲੁਧਿਆਣਾ ਤੋਂ ਠਰਵਾ ਮਾਜਰਾ ਤੋਂ ਜਾਂ ਚੂਹੜਕਾਣਾ (ਪਾਕਿਸਤਾਨ) ਤੋਂ , ਤੇ ਜਾਂ ਫਿਰ ਇਹ ਦੱਸਦਿਆਂ ਸ਼ੁਰੂ ਕਰਾਂ ਕਿ ਸ: ਹਰਦਿਆਲ ਸਿੰਘ, ਪੰਥ ਦੀ ਮਹਾਨ ਸ਼ਖਸੀਅਤ, ਸਿੱਖ ਪੰਥ ਵਲੋਂ "ਭਾਈ ਸਾਹਿਬ " ਦੇ ਅਤੀ ਸਤਿਕਾਰਤ ਲਕਬ ਨਾਲ ਨਿਵਾਜੇ ਗਏ ਸਤਿਕਾਰਯੋਗ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈ। ਬਾਪੂ ਹਰਦਿਆਲ ਸਿੰਘ ਜੀ, ਜਨਮ/ ਮੌਤ ਨਾਲ ਸੰਬੰਧਤ ਕਾਗਜਾਂ ਅਨੁਸਾਰ 1937 ਤੋਂ 2025 ਈਸਵੀ ਦੇ 24 ਮਾਰਚ ਤੱਕ ਜੀਵੇ। ਉਂਝ ਬਾਪੂ ਹਰਦਿਆਲ ਸਿੰਘ ਜੀ ਸੰਨ 1935 ਦੇ ਜੰਮਪਲ ਸੀ। ਚੂਹੜਕਾਣਾ ਜਿਸ ਨੂੰ ਸਿੱਖ ਸਮਾਜ ਗੁਰਦੁਆਰਾ ਖਰ੍ਹਾ ਸੌਦਾ/ਸੱਚਾ ਸੌਦਾ ਦੇ ਨਾਮ ਨਾਲ ਯਾਦ ਕਰਦਾ ਹੈ, ਤੇ ਨਮਸ਼ਕਾਰ ਕਰਦਾ ਹੈ ਉਸ ਚੂਹੜਕਾਣਾ ਦੇ ਸਰਦਾਰ ਰਤਨ ਸਿੰਘ ਤੇ ਸਰਦਾਰਨੀ ਜਿਓਣ ਕੌਰ ਦੇ ਘਰ ਜਨਮੇ ਸੀ ਬਾਪੂ ਹਰਦਿਆਲ ਸਿੰਘ। ਅਪਣੇ ਦਸ ਭੈਣ ਭਰਾਵਾਂ ਵਿੱਚੋਂ ਤੀਜੇ ਥਾਂ ਤੇ ਸੀ ਬਾਪੂ ਹਰਦਿਆਲ ਸਿੰਘ। ਸਭ ਤੋਂ ਵੱਡੀ ਭੈਣ ਸੀ। ਭੈਣ ਤੋਂ ਛੋਟੇ ਦੂਜੇ ਥਾਂ ਤੇ ਜਨਮ ਲੈਣ ਵਾਲੇ ਭਰਾ ਦਾ ਨਾਮ ਸੀ ਸ: ਤਰਲੋਕ ਸਿੰਘ। ਇਸ ਸਰਦਾਰ ਤਰਲੋਕ ਸਿੰਘ ਜੀ ਦੇ ਹੀ ਲਾਇਕ ਸਪੁੱਤਰ ਹਰਮਨ ਪਿਆਰੇ ਸੰਤ ਬਾਬਾ ਅਮੀਰ ਸਿੰਘ ਜੀ ਹਨ ਜਿਹੜੇ "ਸ਼ਬਦ ਗੁਰੂ " ਗੁਰਬਾਣੀ ਅਤੇ ਗੁਰਮਤਿ ਸੰਗੀਤ ਨੂੰ ਪ੍ਰਣਾਈ ਹੋਈ ਸੰਸਾਰ ਪ੍ਰਸਿੱਧ ਜਵੱਦੀ ਟਕਸਾਲ ਦੇ ਮੌਜੂਦਾ ਮੁੱਖੀ ਹਨ। ਇੰਝ ਰਿਸ਼ਤੇ ਵਿੱਚ ਸੰਤ ਬਾਬਾ ਅਮੀਰ ਸਿੰਘ ਜੀ ਵਰਤਮਾਨ ਮੁਖੀ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਾਲੇ ਬਾਪੂ ਹਰਦਿਆਲ ਸਿੰਘ ਦੇ ਸਕੇ ਭਤੀਜੇ ਹਨ। ਬਾਪੂ ਦੇ ਦੂਜੇ ਦੋਵਾਂ ਭਰਾਵਾਂ ਦੇ ਨਾਮ ਹਨ ਸ: ਕੰਵਰਜੀਤ ਸਿੰਘ ਤੇ ਸ: ਯਾਦਵਿੰਦਰ ਸਿੰਘ।

ਨਾਮਵਰ ਸਰਦਾਰ ਰਤਨ ਸਿੰਘ ਚੂਹੜਕਾਣੇ ਵਿੱਚ ਅਠਾਸੀ ਏਕੜ ਜ਼ਮੀਨ ਦਾ ਮਾਲਕ ਸੀ। ਪੂਰੀ ਠਾਠ ਬਾਠ ਵਾਲਾ "ਵਿਰਕ" ਸਰਦਾਰ। ਘਰ ਵਿੱਚ ਖੁੱਲਾ ਖਾਣ ਪੀਣ ਸੀ । ਸ: ਰਤਨ ਸਿੰਘ ਵਿਰਕ ਕੋਲ ਜ਼ਮੀਨ ਦੀ ਕੁੱਲ ਮਾਲਕੀ ਤਾਂ ਅਠਾਸੀ ਏਕੜਾਂ ਤੋਂ ਕਾਫ਼ੀ ਵਧੀਕ ਸੀ ਪਰ 1947 ਦੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਹ ਜ਼ਮੀਨ ਸਾਂਝੇ ਭਾਰਤੀ ਪੰਜਾਬ ਦੇ ਜਿਲੇ ਕਰਨਾਲ ਦੇ ਕਸਬੇ ਜਲਮਾਣਾ ਕੋਲ ਪੈਂਦੇ ਪਿੰਡ ਠਰਵਾ ਮਾਜਰਾ ਵਿੱਚ ਕੇਵਲ 22 ਏਕੜ ਹੀ ਬਾਪੂ ਹਰਦਿਆਲ ਸਿੰਘ ਦੇ ਪਰਿਵਾਰ ਨੂੰ ਅਲਾਟ ਹੋਈ ਸੀ। ਦੇਸ਼ ਵੰਡ ਸਮੇਂ ਬਾਪੂ ਹਰਦਿਆਲ 12 ਕੁ ਸਾਲ ਦਾ ਹੁੰਦੜਹੇਲ ਗਭਰੀਟ ਸੀ।ਬਾਪੂ ਹਰਦਿਆਲ ਸਿੰਘ ਨੂੰ ਚੂਹੜਕਾਣਾ ਵਿੱਚ ਅਪਣਾ ਸਭ ਕੁੱਝ ਬਣਿਆ ਬਣਾਇਆ ਛੱਡ ਕੇ ਉਜੜ ਆਉਣ ਵਾਲੇ ਦੁਖਦਾਈ ਸਮੇਂ ਦਾ ਪਲ ਪਲ ਯਾਦ ਸੀ। ਇੱਕ ਦੋ ਵਾਰ ਤਾਂ ਮੈਨੂੰ ਵੀ ਦੱਸਦਿਆ ਬਾਪੂ ਹਰਦਿਆਲ ਸਿੰਘ ਜੀ ਨੇ ਕਹਿਣਾ, ਭਮੱਦੀ ਪੁੱਤਰ ਉਹ ਦਿਨ ਬਹੁਤ ਮਾੜੇ ਸਨ। ਸੱਚੀਂ, ਚੂਹੜਕਾਣਾ ਬਾਪੂ ਹਰਦਿਆਲ ਸਿੰਘ ਦੀ ਰੂਹ ਵਿੱਚ ਵਸਿਆ ਹੋਇਆ ਸੀ । ਅਪਣੇ ਲਾਇਕ ਸਪੁੱਤਰ ਭਾਈ ਪਿੰਦਰਪਾਲ ਸਿੰਘ ਜੀ ਦੇ ਉਦਮ ਅਤੇ ਰਸੂਖ ਸਦਕਾ ਬਾਪੂ ਹਰਦਿਆਲ ਸਿੰਘ ਦੋ ਤਿੰਨ ਵਾਰ ਪਾਕਿਸਤਾਨ ਵਿੱਚ ਅਪਣਾ ਜੱਦੀ ਪਿੰਡ ਚੂਹੜਕਾਣਾ ਵੇਖਣ ਗਏ। ਵੰਡ ਤੋਂ ਪਹਿਲਾਂ ਅਪਣੇ ਅਮੀਰ ਘਰ ਵਿੱਚ ਮਜ਼ਦੂਰੀ ਕਰਨ ਵਾਲਿਆਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਦਿਲ ਖੋਲ੍ਹ ਕੇ ਸੌਗਾਤਾਂ ਵੰਡ ਕੇ ਆਏ। ਕਈ ਵਾਰ ਅਪਣੇ ਪਿੰਡ ਦੀਆਂ ਪੁਰਾਣੀਆਂ ਗਲੀਆਂ ਵਿੱਚ ਘੁੰਮੇ, ਪੁਰਾਣੀਆਂ ਨਿਸ਼ਾਨੀਆਂ ਦੱਸੀਆਂ ਵੀ ਤੇ ਪੁੱਛੀਆਂ ਵੀ ਪਰ ਬਾਪੂ ਹਰਦਿਆਲ ਸਿੰਘ ਨੂੰ ਅਪਣਾ ਜੱਦੀ ਘਰ ਨਾ ਦਿਖਿਆ ਤੇ ਨਾ ਲੱਭਿਆ। ਬਾਪੂ ਹਰਦਿਆਲ ਸਿੰਘ ਉਦਾਸ ਹੋ ਕੇ ਵਾਪਸ ਪਰਤੇ ਸੀ। ਬਾਪੂ ਹਰਦਿਆਲ ਸਿੰਘ ਕਦੇ ਕਦੇ ਇਹ ਵੀ ਦੱਸਿਆ ਕਰਦੇ ਸਨ ਕਿ ਚੂਹੜਕਾਣਾ ਦਾ ਨਾਮ ਚੂਹੜਕਾਣਾ ਕਿਉਂ ਪਿਆ ਸੀ।ਇਹ ਨਾਮ ਇਸ ਸੰਸਾਰ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਮਦ ਤੋਂ ਕਾਫ਼ੀ ਪਹਿਲਾਂ ਦੀ ਕਹਾਣੀ ਦਾ ਹਿੱਸਾ ਹੈ।

ਬਾਪੂ ਹਰਦਿਆਲ ਸਿੰਘ ਜੀ ਦੀ ਯਾਦਦਾਸ਼ਤ ਬਹੁਤ ਕਮਾਲ ਸੀ। ਉਨਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਵਾਪਰੀਆਂ ਘਟਨਾਵਾਂ ਹੂ- ਬ- ਹੂ ਯਾਦ ਸਨ । ਗੁਰਮਤਿ ਗਿਆਨ ਦੀ ਵਿਦਿਆ ਦੇ ਮਾਰਤੰਡ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਲਾਇਬ੍ਰੇਰੀ ਬਾਰੇ ਅਨੁਮਾਨ ਲਗਾਵੋ ਕਿ ਉਸ ਵਿੱਚ ਕਿੰਨੇ ਕੁ ਪੁਰਾਤਨ ਗ੍ਰੰਥ ਹੋਣਗੇ ਤੇ ਕਿੰਨੀਆਂ ਕੁ ਨਵੀਂਆਂ ਤੇ ਪੁਰਾਣੀਆਂ ਕਿਤਾਬਾਂ ਹੋਣਗੀਆਂ ? ਤੁਸੀਂ ਹੈਰਾਨ ਹੋਵੇਗੇ ਕਿ ਉਹ ਸਾਰੇ ਗ੍ਰੰਥ ਅਤੇ ਕਿਤਾਬਾਂ ਬਾਪੂ ਸ: ਹਰਦਿਆਲ ਸਿੰਘ ਨੇ ਪੜ੍ਹ ਲਈਆਂ ਸਨ । ਬਾਪੂ ਕੋਲ ਗੁਰਮਤਿ ਗਿਆਨ ਦਾ ਅਥਾਹ ਭੰਡਾਰ ਸੀ। ਯਾਦਸ਼ਕਤੀ ਦੇ ਭੰਡਾਰੇ ਵਿੱਚ ਸਾਂਭੇ ਇਹ ਵਡਮੁੱਲੇ ਪ੍ਰਵਚਨ ਬਾਪੂ ਸੁਣਾਉਂਦਾ ਵੀ ਕਮਾਲ ਦੀ ਰੌਚਿਕਤਾ ਨਾਲ ਸੀ। ਪੁਰਾਤਨ ਇਤਿਹਾਸਕ ਬਚਨ ਸੁਣਦੇ ਸਮੇਂ ਬਾਪੂ ਹਰਦਿਆਲ ਸਿੰਘ ਜੀ ਕੋਲੋਂ ਉੱਠਣ ਨੂੰ ਜੀਅ ਨਹੀਂ ਸੀ ਕਰਦਾ ।ਬਾਪੂ ਗਿਆਨ ਦਾ ਭੰਡਾਰ ਸੀ। ਲੁਧਿਆਣਾ ਵਿੱਚ ਰਿਹਾਇਸ਼ ਕਰ ਲੈਣ ਤੋਂ ਬਾਅਦ ਬਾਪੂ ਹਰਦਿਆਲ ਸਿੰਘ ਜੀ ਨੇ ਟੀ.ਵੀ. 'ਤੇ ਚਲਦੇ ਧਾਰਮਿਕ ਗੁਰਮਤਿ ਸਮਾਗਮਾਂ ਨੂੰ ਲਾਈਵ ਚਲਦੇ ਜ਼ਰੂਰ ਵੇਖਣਾ ਤੇ ਸੁਨਣਾ। ਬਾਪੂ ਹਰ ਬੁਲਾਰੇ ਵਲੋਂ ਬੋਲੇ ਗਏ ਸ਼ਬਦਾਂ ਨੂੰ ਖੁਦ ਅਪਣੇ ਅੰਦਰ ਸਮੋਏ ਗਿਆਨ ਦੀ ਕਸਵੱਟੀ ਲਾਕੇ ਪਰਖਦਾ ਸੀ। ਪ੍ਰਚਾਰਕ ਵਲੋੰ ਕੀਤੀ ਗਲਤੀ ਬਾਪੂ ਨੂੰ ਓਨਾ ਚਿਰ ਅਖਰਦੀ ਰਹਿੰਦੀ ਸੀ ਜਿੰਨਾਂ ਚਿਰ ਉਹ ਸਬੰਧਤ ਵਕਤੇ ਨੂੰ ਉਸ ਅਸਲੀਅਤ ਤੋਂ ਜਾਣੂੰ ਨਹੀਂ ਸੀ ਕਰਵਾਉਂਦਾ। ਸਾਝੇ ਪ੍ਰਵਾਰ ਵਿੱਚ ਬਾਪੂ ਹਰਦਿਆਲ ਸਿੰਘ ਦੀ ਸਰਦਾਰੀ ਸੀ। ਬਾਪੂ ਪਿੰਡ ਠਰਵਾ ਮਾਜਰਾ ਦਾ ਨੰਬਰਦਾਰ ਸੀ। ਚਿੱਟੇ ਕੁੜਤੇ ਚਾਦਰੇ ਨਾਲ ਮੇਲ ਕੇ ਬੰਨੀ ਪੱਗ ਬਾਪੂ ਹਰਦਿਆਲ ਸਿੰਘ ਜੀ ਦੀ ਸ਼ਖਸੀਅਤ ਨੂੰ ਬਹੁਤ ਪ੍ਰਭਾਵਸ਼ਾਲੀ ਦਿਖ ਪ੍ਰਦਾਨ ਕਰਦੀ ਸੀ। ਕਰਨਾਲ ਜਿਲੇ ਵਿੱਚ ਬਾਪੂ ਹਰਦਿਆਲ ਸਿੰਘ ਦੀ ਵੱਖਰੀ ਪਹਿਚਾਣ ਸੀ। ਬਾਪੂ ਹਰਦਿਆਲ ਸਿੰਘ ਦੇ ਪਰਿਵਾਰ ਕੋਲ ਆਈਸ਼ਰ ਟਰੈਕਟਰ ਸੀ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੀ 1985 ਤਕ ਘਰਦਿਆਂ ਨਾਲ ਖੇਤੀ ਕਰਦੇ ਰਹੇ ਹਨ। ਬਾਪੂ ਹਰਦਿਆਲ ਸਿੰਘ ਬਹੁਤ ਦੂਰ ਅੰਦੇਸ਼ ਸਨ ਉਨ੍ਹਾਂ ਨੂੰ ਪਤਾ ਸੀ ਕਿ ਭਵਿੱਖ ਵਿੱਚ ਕਿਸ ਪਾਸੇ ਨੂੰ ਤੁਰਨ ਦੀ ਲੋੜ ਹੈ। ਬਾਪੂ ਹਰਦਿਆਲ ਸਿੰਘ ਤੇ ਸ: ਅਵਤਾਰ ਸਿੰਘ ਮਸਤ ਗੜ੍ਹ ਵਾਲੇ ਆਪਸ ਵਿੱਚ ਮਾਮੇ ਭੂਆ ਦੇ ਪੁੱਤਰ ਸੀ। ਸ: ਅਵਤਾਰ ਸਿੰਘ ਜੀ ਦਾ ਇਕਲੌਤਾ ਸਪੁੱਤਰ ਗੁਰਵਿੰਦਰ ਸਿੰਘ ਪੜਾਈ ਪੂਰੀ ਕਰਕੇ ਕੋਈ ਹੋਰ ਕਿੱਤਾ ਕਰਨ ਦੀ ਸੋਚ ਰਿਹਾ ਸੀ। ਬਾਪੂ ਹਰਦਿਆਲ ਸਿੰਘ ਨੂੰ ਜਦੋਂ ਪਤਾ ਲੱਗਾ ਤਾਂ ਬਾਪੂ ਹਰਦਿਆਲ ਸਿੰਘ ਮਸਤ ਗੜ੍ਹ ਜਾ ਪਹੁੰਚਿਆ ਤੇ ਗੁਰਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਤੂੰ ਵੀ ਓਹੀ ਪੜ੍ਹਾਈ ਕਰ ਜਿਹੜੀ ਭਾਈ ਪਿੰਦਰਪਾਲ ਸਿੰਘ ਨੇ ਕੀਤੀ ਹੈ, ਜਾਹ ਉਸ ਕਾਲਜ ਵਿੱਚ ਜਾ ਕੇ ਦਾਖਲਾ ਲੈ। ਬਾਪੂ ਹਰਦਿਆਲ ਸਿੰਘ ਨੇ ਗੁਰਵਿੰਦਰ ਸਿੰਘ ਨੂੰ ਆਖਿਆ ਕਿ ਜਿੰਨਾਂ ਚਿਰ ਤੂੰ ਓਥੇ ਜਾ ਕੇ ਦਾਖਲਾ ਨਹੀਂ ਲੈਂਦਾ ਮੈਂ ਏਥੋਂ ਜਾਣਾ ਹੀ ਨਹੀਂ। ਅਪਣੇ ਤਾਇਆ ਜੀ ਸ: ਹਰਦਿਆਲ ਸਿੰਘ ਦਾ ਆਖਿਆ ਮੰਨ ਕੇ ਗੁਰਵਿੰਦਰ ਸਿੰਘ ਨੇ ਚੌੰਤਾ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਅੱਜ ਉਹ ਗੁਰਵਿੰਦਰ ਸਿੰਘ ਪੰਥ ਦਾ ਮਹਾਨ ਅਤੇ ਰੌਸ਼ਨ ਦਿਮਾਗ ਕਥਾਵਾਚਕ ਹੈ। ਬਾਪੂ ਹਰਦਿਆਲ ਸਿੰਘ ਦੀ ਅਗਾਂਹ ਵਧੂ ਸੋਚ ਸਦਕਾ ਅੱਜ ਭਾਈ ਗੁਰਵਿੰਦਰ ਸਿੰਘ ਕਨੇਡਾ ਦੀ ਬੀ.ਸੀ. ਸਟੇਟ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਸੇਵਾ ਨਿਭਾ ਰਹੇ ਹਨ ਉਨ੍ਹਾਂ ਦਾ ਪੂਰਾ ਪਰਿਵਾਰ ਕਨੇਡਾ ਵਿੱਚ ਰਹਿ ਰਿਹਾ ਹੈ। ਐਸੇ ਦੂਰ ਦੂਰ ਅੰਦੇਸ਼ ਸਨ ਬਾਪੂ ਹਰਦਿਆਲ ਸਿੰਘ ਜੀ।


ਬਾਪੂ ਹਰਦਿਆਲ ਸਿੰਘ ਦੇ ਭਾਗ ਵਾਹਿਗੁਰੂ ਨੇ ਅਤਿ ਉੱਤਮ ਲਿਖੇ ਸਨ।ਬਾਪੂ ਦਾ ਸੰਯੋਗ ਜਿਸ ਬੀਬੀ ਨਾਲ ਅਕਾਲ ਪੁਰਖ ਨੇ ਜੋੜਿਆ ਉਸ ਦਾ ਨਾਮ ਹੈ ਬੀਬੀ ਬਲਵੀਰ ਕੌਰ। ਕਿਸੇ ਸੁਲੱਖਣੀ ਘੜੀ ਜਨਮੀ ਸੀ ਸਾਡੀ ਇਹ ਮਾਂ। ਰੱਬ ਦੇ ਭੈ ਅਤੇ ਭਉ ਵਿੱਚ ਰਹਿਣ ਵਾਲੀ ਸਿਦਕ ਅਤੇ ਸਬਰ ਵਾਲੀ ਨੇਕ ਰੂਹ। ਬਹੁਤ ਨੇੜਿਓ ਵੇਖੀ ਹੈ ਮੈਂ ਇਹ ਮਾਂ।ਜੋ ਸਿਖਿਆ ਇਸ ਮਾਂ ਨੇ ਅਪਣੇ ਪੁੱਤਰਾਂ ਨੂੰ ਦਿੱਤੀ ਉਸ ਦੇ ਦੀਦਾਰ ਤੁਸੀਂ ਬਾਪੂ ਹਰਦਿਆਲ ਸਿੰਘ ਤੇ ਮਾਤਾ ਬਲਵੀਰ ਕੌਰ ਦੀ ਔਲਾਦ ਵਿੱਚੋਂ ਕਰ ਸਕਦੇ ਹੋ। ਇਨ੍ਹਾਂ ਦੇ ਵੱਡੇ ਸਪੁੱਤਰ ਦਾ ਨਾਮ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ। ਇਹ ਉਹ ਭਾਈ ਪਿੰਦਰਪਾਲ ਸਿੰਘ ਜੀ ਨੇ ਜਿੰਨ੍ਹਾਂ ਦੀ ਸ਼ਖਸੀਅਤ ਨੂੰ ਕੋਈ ਕਲਮ ਪ੍ਰਭਾਸ਼ਿਤ ਨਹੀਂ ਕਰ ਸਕਦੀ ਤੇ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਭਾਈ ਸਾਹਿਬ ਦੇ ਭਰਾ ਦਾ ਨਾਮ ਹੈ ਭਾਈ ਕਸ਼ਮੀਰ ਸਿੰਘ। ਬਾਪੂ ਹਰਦਿਆਲ ਸਿੰਘ ਦੇ ਅੱਗੇ ਪੋਤਰੇ ਪੋਤਰੀਆਂ ਦੇ ਰੂਪ ਵਿੱਚ ਭਾਈ ਪਿੰਦਰਪਾਲ ਸਿੰਘ ਦੇ ਦੋ ਬੇਟੀਆਂ ਪਰਮਜੀਤ ਕੌਰ ਤੇ ਮਨਦੀਪ ਕੌਰ ਹਨ ਤੇ ਬੇਟੇ ਦਾ ਨਾਮ ਓਂਕਾਰ ਸਿੰਘ ਹੈ। ਭਾਈ ਕਸ਼ਮੀਰ ਸਿੰਘ ਦੇ ਬੇਟੇ ਦਾ ਨਾਮ ਈਸ਼ਰ ਸਿੰਘ ਹੈ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੀ ਧਰਮ ਸੁਪਤਨੀ ਵੀ ਸੇਵਾ ਦੀ ਪੁੰਜ ਹੈ ਜਿੰਨਾਂ ਦਾ ਨਾਮ ਬੀਬੀ ਦਲਜੀਤ ਕੌਰ ਹੈ ।

ਸਵਰਗਵਾਸੀ ਬਾਪੂ ਹਰਦਿਆਲ ਸਿੰਘ ਜੀ ਨੂੰ ਮੈਂ ਜਿਨੀ ਵਾਰੀ ਵੀ ਮਿਲਿਆ ਉਨਾਂ ਮੈਨੂੰ ਭਮੱਦੀ ਪੁੱਤਰ ਕਹਿ ਕੇ ਬੁਲਾਉਣਾ। ਮੇਰੇ ਬਾਪੂ ਸ: ਜਰਨੈਲ ਸਿੰਘ ਜੀ ਵੀ ਚਾਦਰਾ ਬੰਨਦੇ ਸਨ ।ਬਾਪੂ ਹਰਦਿਆਲ ਸਿੰਘ ਦੇ ਚਾਦਰਾ ਬੰਨ੍ਹਿਆ ਵੇਖ ਕੇ ਮੈਨੂੰ ਮੇਰਾ ਬਾਪੂ ਯਾਦ ਆ ਜਾਣਾ ਤੇ ਜਦੋਂ ਬਾਪੂ ਹਰਦਿਆਲ ਸਿੰਘ ਜੀ ਨੇ ਮੈਨੂੰ ਭਮੱਦੀ ਪੁੱਤਰ ਕਹਿ ਕੇ ਮੁਖਾਤਿਬ ਹੋਣਾ ਤਾਂ ਮੇਰੀ ਰੂਹ ਦਾ ਅਨੰਦਿਤ ਹੋਣਾ ਮੇਰਾ ਹਾਸਲ ਬਣ ਜਾਂਦਾ ਸੀ।।ਮੇਰੇ ਸਮਕਾਲੀਆਂ ਬਾਰੇ ਬਾਪੂ ਹਰਦਿਆਲ ਸਿੰਘ ਜੀ ਦੀਆਂ ਕੀਤੀਆਂ ਚਰਚਾਵਾਂ ਮੇਰੇ ਮਨ ਵਿੱਚ ਵਸੀਆਂ ਹੋਈਆਂ ਨੇ। ਮੈਂ ਬਾਪੂ ਹਰਦਿਆਲ ਸਿੰਘ ਜੀ ਨੂੰ ਪਹਿਲੀ ਵਾਰ 1997 ਵਿੱਚ ਮਿਲਿਆ ਸੀ ਦੋ ਰਾਤਾਂ ਸਾਡਾ ਸਾਰਾ ਢਾਡੀ ਜੱਥਾ ਬਾਪੂ ਹਰਦਿਆਲ ਸਿੰਘ ਜੀ ਦੇ ਘਰ ਰਿਹਾ ਸੀ । 20 ਦਸੰਬਰ 2025 ਨੂੰ ਮੈਂ ਕਨੇਡਾ ਤੋ ਵਾਪਸ ਪਰਤਿਆ। 26 ਦਸੰਬਰ ਨੂੰ "ਪਦਮ ਸ਼੍ਰੀ " ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਦੇ ਜਨਮ ਨਗਰ ਨਵਾਂ ਬਲੜਵਾਲ ਵਿਖੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਮੈਨੂੰ ਬਾਪੂ ਹਰਦਿਆਲ ਸਿੰਘ ਜੀ ਦੇ ਬਹੁਤ ਬੀਮਾਰ ਹੋਣ ਦੀ ਖਬਰ ਦੱਸੀ। ਇਲਾਜ ਜਲੰਧਰ ਹਸਪਤਾਲ ਵਿੱਚ ਹੋ ਰਿਹਾ ਸੀ। ਮੈਂ ਬਾਪੂ ਹਰਦਿਆਲ ਸਿੰਘ ਜੀ ਦੀ ਤੰਦਰੁਸਤੀ ਲਈ ਭਾਵਨਾ ਨਾਲ ਅਰਦਾਸ ਕੀਤੀ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੇ ਬਾਪੂ ਹਰਦਿਆਲ ਸਿੰਘ ਜੀ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ । ਬਾਪੂ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਬਾਪੂ ਗੱਲਾਂ ਕਰਨ ਲਗ ਪਿਆ ਮੈਂ ਚਾਰ ਕੁ ਵਾਰ ਖਬਰ ਲੈਣ ਗਿਆ ਹਰ ਵਾਰ ਬਾਪੂ ਪਹਿਲਾਂ ਨਾਲੋਂ ਤੰਦਰੁਸਤ ਨਜ਼ਰ ਆਇਆ। ਅਸੀਂ ਸਭ ਬੇਫ਼ਿਕਰ ਹੋ ਗਏ। 24 ਅਪ੍ਰੈਲ 2025 ਦਾ ਦਿਨ । ਬਾਪੂ ਰੁਟੀਨ ਅਨੁਸਾਰ ਅਪਣੇ ਛੋਟੇ ਸਪੁੱਤਰ ਕਸ਼ਮੀਰ ਸਿੰਘ ਨਾਲ ਹਸਪਤਾਲ ਗਿਆ। ਡਾਇਲੇਸਿਸ ਕਰਵਾ ਕੇ ਠੀਕ ਠਾਕ ਘਰ ਪਰਤਿਆ। ਅਪਣੇ ਬੈੰਡ ਤੇ ਅਰਾਮ ਨਾਲ ਲੰਮਾ ਪੈ ਗਿਆ। ਥੋੜ੍ਹੇ ਸਮੇਂ ਬਾਦ ਬਾਪੂ ਨੇ ਕਸ਼ਮੀਰ ਸਿੰਘ ਨੂੰ ਹਾਕ ਮਾਰੀ ਤੇ ਕਹਿਣ ਕਿ ਮੇਰਾ ਦਿਲ ਕਾਹਲਾ ਪੈ ਰਿਹਾ। ਤੇ ਬਸ----! ਸਕਿੰਟਾਂ ਵਿੱਚ ਬਾਪੂ ਹਰਦਿਆਲ ਸਿੰਘ ਦੀ ਰੂਹ ਉਡਾਰੀ ਮਾਰ ਗਈ। ਐਸੀ ਅਚਨਚੇਤ ਮੌਤ ਦਾ ਸੱਚ ਕਦੋਂ ਆਉਂਦੈ,? ਪਰ ਮੌਤ ਦੀ ਖਬਰ ਝੂਠੀ ਨਹੀਂ ਹੋਇਆ ਕਰਦੀ। ਬਸ ਭਾਣਾ ਵਾਪਰ ਗਿਆ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ "ਭਾਈ ਸਾਹਿਬ" ਕਹਿਣ ਵਾਲੇ ਬਹੁਤ ਹਨ "ਸਿੰਘ ਸਾਹਿਬ" ਕਹਿਣ ਵਾਲੇ ਬਹੁਤ ਹਨ ਪਰ ਓ ਪਿੰਦਰ ਕਹਿਣ ਵਾਲਾ ਬਾਪੂ ਸਦਾ ਲਈ ਟੁਰ ਗਿਆ। ਸਸਕਾਰ ਹੋ ਗਿਆ। ਅੰਗੀਠਾ ਵੀ ਸੰਭਾਲਿਆ ਗਿਆ। "ਜਵੱਦੀ ਟਕਸਾਲ " ਦੇ ਕੇੰਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ (ਲੁਧਿਆਣਾ ) ਵਿਖੇ 3 ਮਈ 2025 ਨੂੰ ਸਵਰਗਵਾਸੀ ਬਾਪੂ ਹਰਦਿਆਲ ਸਿੰਘ ਜੀ ਦੇ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹਿਜ ਪਾਠ ਦੇ ਭੋਗ ਪੈਣਗੇ, ਗੁਰਬਾਣੀ ਕੀਰਤਨ ਉਪਰੰਤ ਅੰਤਿਮ ਅਰਦਾਸ ਹੋਵੇਗੀ। ਬਾਪੂ ਹਰਦਿਆਲ ਸਿੰਘ ਜੀ ਸਰੀਰ ਕਰਕੇ ਸਾਥੋਂ ਸਦਾ ਲਈ ਦੂਰ ਚਲੇ ਗਏ। ਰਹਿਣਾ ਤਾਂ ਏਥੇ ਕਿਸੇ ਵੀ ਨਹੀਂ--- ਪਰ ਬਾਪੂ ਅਪਣੀ ਜੀਵਨ ਸ਼ੈਲੀ ਕਰਕੇ ਸਾਡੇ ਚੇਤਿਆਂ ਵਿੱਚ ਸਦਾ ਜੀਵੰਤ ਰਹਿਣਗੇ। ਬਾਪੂ ਚਲਾ ਗਿਆ ਪਰ ਬਾਪੂ ਨੂੰ ਅਲਵਿਦਾ ਕਿਵੇ ਕਹਾਂ ?

ਤਰਲੋਚਨ ਸਿੰਘ ਭਮੱਦੀ (ਢਾਡੀ)

ਫੋਨ +ਵਟਸਅੱਪ ਨੰਬਰ +919814700348