ਭਾਜਪਾ ਨੇਤਾ ਤਰੁਣ ਚੁੱਘ ਨਾਲ ਡਾ. ਹਰਸਿਮਰਤ ਸ਼ਾਹੀ ਦੀ ਕਿਸਾਨਾਂ ਦੇ ਮੁੱਦਿਆਂ ਤੇ ਅਹਿਮ ਮੁਲਾਕਾਤ
ਤਰੁਣ ਚੁੱਘ ਨਾਲ ਡਾ. ਹਰਸਿਮਰਤ ਸਿੰਘ ਸਾਹੀ ਦੀ ਅਹਿਮ ਮੁਲਾਕਾਤ: ਕਿਸਾਨਾਂ ਅਤੇ ਮੰਡੀਆਂ ਦੇ ਭਖਦੇ ਮਸਲਿਆਂ 'ਤੇ ਚੁੱਕੀ ਜ਼ੋਰਦਾਰ ਆਵਾਜ਼
ਤਰੁਣ ਚੁੱਘ ਨੇ ਦਿੱਤਾ ਪੰਜਾਬ 'ਚ ਭਾਜਪਾ ਸਰਕਾਰ ਬਣਨ 'ਤੇ ਦਸੂਹਾ ਦੇ ਵਿਕਾਸ ਅਤੇ ਮਸਲਿਆਂ ਦੇ ਪੱਕੇ ਹੱਲ ਦਾ ਭਰੋਸਾ
ਦਸੂਹਾ , ਕੰਵਰ ਪ੍ਰਤਾਪ ਸਿੰਘ
ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਦਸੂਹਾ ਦੇ ਸੀਨੀਅਰ ਭਾਜਪਾ ਆਗੂ ਡਾ. ਹਰਸਿਮਰਤ ਸਿੰਘ ਸਾਹੀ (ਸੰਨੀ ਸਾਹੀ) ਨੇ ਮੈਂਬਰ ਪਾਰਲੀਮੈਂਟ ਅਤੇ ਕੌਮੀ ਦਫ਼ਤਰ ਇੰਚਾਰਜ ਭਾਜਪਾ ਤੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਅਹਿਮ ਮੀਟਿੰਗ ਦੌਰਾਨ ਡਾ. ਸਾਹੀ ਨੇ ਦਸੂਹਾ ਵਿਧਾਨ ਸਭਾ ਹਲਕੇ ਦੇ ਮੁੱਦਿਆਂ ਦੇ ਨਾਲ-ਨਾਲ ਖਾਸ ਕਰਕੇ ਕਿਸਾਨਾਂ ਅਤੇ ਅਜੋਕੇ ਸਮੇਂ ਵਿੱਚ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਨੂੰ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਬੜੀ ਬੇਬਾਕੀ ਅਤੇ ਪ੍ਰਮੁੱਖਤਾ ਨਾਲ ਲਿਆਂਦਾ।
ਮੀਟਿੰਗ ਦੌਰਾਨ ਡਾ. ਸਾਹੀ ਨੇ ਮੰਡੀਆਂ ਵਿੱਚ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਉਨ੍ਹਾਂ ਖ਼ਾਸ ਕਰਕੇ ਦਸੂਆ ਖੇਤਰ ਦੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਜ਼ਮੀਨੀ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਦੀ ਮੰਡੀਆਂ ਵਿੱਚ ਖੱਜਲ-ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਕੇਂਦਰ ਸਰਕਾਰ ਦੇ ਪੱਧਰ 'ਤੇ ਇਸ ਦੇ ਠੋਸ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ।
ਇਸ ਦੇ ਨਾਲ ਹੀ ਡਾ. ਸਾਹੀ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਿਹਤ ਤੇ ਸਿੱਖਿਆ ਸਹੂਲਤਾਂ ਵਿੱਚ ਸੁਧਾਰ ਲਿਆਉਣ ਅਤੇ ਦਸੂਹਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਪੈਰਵੀ ਕੀਤੀ। ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਬੂਥ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਨੂੰ ਹਲਕੇ ਦੇ ਘਰ-ਘਰ ਪਹੁੰਚਾਉਣ ਦੀ ਰਣਨੀਤੀ 'ਤੇ ਵੀ ਗੰਭੀਰ ਚਰਚਾ ਹੋਈ।
ਡਾ. ਸਾਹੀ ਵੱਲੋਂ ਕਿਸਾਨਾਂ ਅਤੇ ਹਲਕੇ ਦੇ ਮਸਲਿਆਂ ਨੂੰ ਜਿਸ ਦਰਦ ਅਤੇ ਗੰਭੀਰਤਾ ਨਾਲ ਰੱਖਿਆ ਗਿਆ, ਸ੍ਰੀ ਤਰੁਣ ਚੁੱਘ ਨੇ ਉਸ ਦੀ ਭਰਪੂਰ ਸ਼ਲਾਘਾ ਕੀਤੀ। ਚੁੱਘ ਨੇ ਡਾ. ਸਾਹੀ ਨੂੰ ਵਿਸ਼ੇਸ਼ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ 'ਤੇ ਦਸੂਹਾ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਮੰਡੀਆਂ ਦੇ ਸੁਧਾਰ ਸਮੇਤ ਇਲਾਕੇ ਦੀਆਂ ਸਾਰੀਆਂ ਅਹਿਮ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਦਸੂਹਾ ਦੇ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਮੇਰੀਆਂ ਆਪਣੀਆਂ ਸਮੱਸਿਆਵਾਂ ਹਨ। ਖਾਸ ਕਰਕੇ ਮੰਡੀਆਂ ਵਿੱਚ ਬੈਠੇ ਕਿਸਾਨ ਭਰਾਵਾਂ ਦੇ ਪੱਕੇ ਹੱਲ ਲਈ ਮੈਂ ਹਮੇਸ਼ਾ ਮੋਹਰੀ ਹੋ ਕੇ ਆਵਾਜ਼ ਬੁਲੰਦ ਕਰਦਾ ਰਹਾਂਗਾ ਅਤੇ ਇਲਾਕੇ ਦੀ ਹਰ ਆਵਾਜ਼ ਕੇਂਦਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ।”
ਸਿਆਸੀ ਮਾਹਿਰਾਂ ਅਨੁਸਾਰ ਇਹ ਮੁਲਾਕਾਤ ਦਸੂਹਾ ਦੇ ਸਿਆਸੀ ਸਮੀਕਰਨਾਂ ਲਈ ਬਹੁਤ ਮਹੱਤਵਪੂਰਨ ਹੈ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ ਹਲਕੇ ਅਤੇ ਖਾਸ ਕਰਕੇ ਕਿਸਾਨਾਂ ਦੇ ਮੁੱਦਿਆਂ ਦੀ ਏਨੀ ਮਜ਼ਬੂਤ ਪੈਰਵੀ ਕਰਨ ਨਾਲ ਇਲਾਕੇ ਵਿੱਚ ਡਾ. ਸਾਹੀ ਦਾ ਸਿਆਸੀ ਕੱਦ ਅਤੇ ਲੀਡਰਸ਼ਿਪ ਹੋਰ ਵੀ ਉੱਭਰ ਕੇ ਸਾਹਮਣੇ ਆਈ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਦਸੂਹਾ ਦੇ ਲੋਕਾਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ।