Nazrana Times

ਪੰਜਾਬੀ

ਕਿਤਾਬਾਂ ਸਾਡੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਦੀਆਂ ਹਨ-ਐਡਵੋਕੇਟ ਚੰਦੀ

21 Sep, 2026 07:24 PM

ਆਪ ਹਲਕਾ ਇੰਚਾਰਜ ਐਡਵੋਕੇਟ ਚੰਦੀ ਨੇ ਪਿੰਡ ਔਜਲਾ ਜੋਗੀ ਵਿਖੇ ਲਾਇਬ੍ਰੇਰੀ ਦਾ ਰੱਖਿਆ ਨੀਂਹ ਪੱਥਰ

ਕਪੂਰਥਲਾ 21 ਸਿਤੰਬਰ ਗੌਰਵ ਮੜੀਆ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਲਗਾਉਣ ਲਈ ਸੂਬੇ ਵਿੱਚ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਦੇ ਵਲੋਂ ਹਲਕੇ ਦੇ ਪਿੰਡ ਔਜਲਾ ਜੋਗੀ ਵਿਖੇ ਨਵੀਂ ਬਣਨ ਵਾਲੀ ਆਧੁਨਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਦਿਆਂ ਕੀਤਾ।ਇਸ ਦੇ ਨਾਲ ਹੀ ਐਡਵੋਕੇਟ ਚੰਦੀ ਨੇ ਇੰਟਰਲੋਕ ਰੋਡ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਚੰਦੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨਾ ਇਸ ਕੜੀ ਦਾ ਇੱਕ ਹਿੱਸਾ ਹੈ।ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਕਿਤਾਬਾਂ, ਮੈਗਜ਼ੀਨ,ਅਖ਼ਬਾਰ ਅਤੇ ਹੋਰ ਪੜ੍ਹਨ ਯੋਗ ਸਮੱਗਰੀ ਉਪਲਬਧ ਕਰਵਾਈ ਜਾਵੇਗੀ ਤਾਂ ਜੋ ਨੌਜਵਾਨ ਤਬਕਾ ਨਸ਼ਿਆਂ ਅਤੇ ਗਲਤ ਸੰਗਤ ਵਿੱਚ ਪੈਣ ਦੀ ਬਜਾਏ ਆਪਣੇ ਹੱਥਾਂ ਵਿੱਚ ਕਿਤਾਬ ਫੜ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ।ਉਨ੍ਹਾਂ ਕਿਹਾ ਕਿ ਕਿਤਾਬਾਂ ਸਾਡੀ ਸੋਚ ਅਤੇ ਗਿਆਨ ਦੇ ਦਾਇਰੇ ਨੂੰ ਵੀ ਵਿਸ਼ਾਲ ਕਰਦੀਆਂ ਹਨ।ਉਨ੍ਹਾਂਨੇ ਦੱਸਿਆ ਕਿ ਇਸ ਲਾਇਬ੍ਰੇਰੀ ਨੂੰ ਸਥਾਪਤ ਕਰਨ ਦਾ ਮੁੱਖ ਮਕਸਦ ਉਨ੍ਹਾਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨਾ ਹੈ,ਜਿਨ੍ਹਾਂ ਦੇ ਘਰ ਛੋਟੇ ਹਨ ਜਾਂ ਜਿੱਥੇ ਪੜ੍ਹਾਈ ਲਈ ਲੋੜੀਂਦੀਆਂ ਸੁਵਿਧਾਵਾਂ ਅਤੇ ਸ਼ਾਂਤ ਮਾਹੌਲ ਦੀ ਘਾਟ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਜਾਂ ਕੌਮ ਮਿਆਰੀ ਸਿੱਖਿਆ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੀ,ਇਸ ਲਈ ਵਿਦਿਆਰਥੀਆਂ ਨੂੰ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਹਾਜ਼ਰ ਪਤਵੰਤੇ ਵਿਅਕਤੀਆਂ ਅਤੇ ਇਲਾਕਾ ਵਾਸੀਆਂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਦਾ ਸਵਾਗਤ ਕਰਦਿਆਂ ਕਿਹਾ ਕਿ ਲਾਇਬ੍ਰੇਰੀ ਦੇ ਨਿਰਮਾਣ ਨਾਲ ਇਲਾਕੇ ਦੇ ਲੋਕਾਂ ਨੂੰ ਇੱਕੋ ਥਾਂ ਤੇ ਬੈਠਣ ਅਤੇ ਪੜ੍ਹਨ ਦੀ ਸੁਵਿਧਾ ਮਿਲੇਗੀ ਅਤੇ ਇਹ ਸਥਾਨ ਸਮਾਜਿਕ ਤੇ ਗਿਆਨਵਰਧਕ ਗਤੀਵਿਧੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।ਇਸ ਮੌਕੇ ਅਮਰੀਕ ਸਿੰਘ,ਨਰਿੰਦਰ ਸਿੰਘ,ਜੈਲ ਸਿੰਘ,ਸਰਪੰਚ ਪਰਮਜੀਤ ਸਿੰਘ,ਪੰਚ ਅਮਨਦੀਪ ਕੌਰ,ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੇਨੰਤ ਕੁਮਾਰ,ਸਮੀਰ ਸ਼ਰਮਾ,ਦਰਸ਼ਨ ਸਿੰਘ,ਲਖਵਿੰਦਰ ਸਿੰਘ,ਰਾਜਨਬੀਰ ਸਿੰਘ,ਕਨਵ ਪਾਸੀ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Posted By: Gaurav Maria

Latest News