1 ਜੁਲਾਈ ਤੋਂ ਆਉਣਗੇ ਔਰਤਾਂ ਦੇ ਖਾਤਿਆਂ ਵਿੱਚ 3000 ਅਤੇ 4500-ਚੇਅਰਮੈਨ ਲੁਬਾਣਾ
ਚੇਅਰਮੈਨ ਲੁਬਾਣਾ ਨੇ ਪੰਜਾਬ ਸਰਕਾਰ ਦੀ ਮਹਿਲਾ ਯੋਜਨਾ ਦਾ ਕੀਤਾ ਸਵਾਗਤ
ਕਪੂਰਥਲਾ 23 ਜੂਨ ਗੌਰਵ ਮੜੀਆ
ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਜੁਲਾਈ ਤੋਂ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੇ ਪੈਸੇ ਇੱਕੋ ਸਮੇਂ ਟ੍ਰਾਂਸਫਰ ਕਰਨ ਦੇ ਐਲਾਨ ਦਾ ਸਵਾਗਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਪੰਜਾਬ ਦੀਆਂ ਸਾਰੀਆਂ ਮਾਵਾਂ,ਭੈਣਾਂ ਅਤੇ ਧੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਇਹ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ।ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੀ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,500 ਰੁਪਏ ਪ੍ਰਤੀ ਮਹੀਨਾ ਅਤੇ ਹੋਰ ਔਰਤਾਂ ਨੂੰ 1,000 ਰੁਪਏ ਮਿਲਣਗੇ।ਚੇਅਰਮੈਨ ਲੁਬਾਣਾ ਨੇ ਕਿਹਾ ਕਿ 1 ਜੁਲਾਈ ਨੂੰ ਤਿੰਨ ਮਹੀਨਿਆਂ ਦੇ ਪੈਸੇ ਇੱਕੋ ਸਮੇਂ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਣਗੇ।ਜਨਰਲ ਸ਼੍ਰੇਣੀ ਦੀ ਹਰ ਔਰਤ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ ਦੀ ਹਰ ਔਰਤ ਨੂੰ 4,500 ਰੁਪਏ ਮਿਲਣਗੇ।ਭਾਵੇਂ ਇੱਕ ਪਰਿਵਾਰ ਵਿੱਚ ਇੱਕ ਤੋਂ ਵੱਧ ਔਰਤਾਂ ਹੋਣ ਹਰ ਔਰਤ ਨੂੰ ਇਹ ਮਾਣਭੱਤਾ ਮਿਲੇਗਾ।ਐਤਵਾਰ ਨੂੰ ਫਤਿਹਗੜ੍ਹ ਸਾਹਿਬ ਹਲਕੇ ਦੇ ਚਨਾਰਥਲ ਕਲਾਂ ਵਿਖੇ ਆਯੋਜਿਤ ਇੱਕ ਜਨਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਦਾ ਸਨਮਾਨ ਯੋਜਨਾ ਤਹਿਤ 1 ਜੁਲਾਈ ਤੋਂ ਤਿੰਨ ਮਹੀਨਿਆਂ ਦਾ ਪੈਸਾ ਔਰਤਾਂ ਦੇ ਖਾਤਿਆਂ ਵਿੱਚ ਇੱਕੋ ਸਮੇਂ ਟ੍ਰਾਂਸਫਰ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਮੇਸ਼ਾ ਔਰਤਾਂ ਦੀ ਭਲਾਈ ਲਈ ਸਮਰਪਿਤ ਹੈ।ਦੇਸ਼ ਉਦੋਂ ਹੀ ਤਰੱਕੀ ਕਰੇਗਾ ਜਦੋਂ ਇਸ ਦੀਆਂ ਔਰਤਾਂ ਤਰੱਕੀ ਕਰਨਗੀਆਂ।ਉਨ੍ਹਾਂ ਕਿਹਾ ਕਿ ਇਹ ਪਹਿਲ ਆਪ ਸਰਕਾਰ ਦੀ ਔਰਤਾਂ ਦੇ ਮਾਣ-ਸਨਮਾਨ, ਵਿੱਤੀ ਸੁਰੱਖਿਆ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਆਪ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਹੈ ਇਹ ਸਹਾਇਤਾ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ।ਇਸ ਇਨਕਲਾਬੀ ਯੋਜਨਾ ਨੂੰ ਲਾਗੂ ਕਰਨ ਤੇ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਵਧਾਈ।ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਹਨ ਉਹ ਕਰਦੇ ਹਨ।
Posted By: GURBHEJ SINGH ANANDPURI