Nazrana Times

ਪੰਜਾਬੀ

ਵੱਖ-ਵੱਖ ਮਜ਼ਦੂਰ ਜਥੇਬੰਦੀਆ ਵਲੋਂ ਮੀਟਿੰਗ ਕਰਕੇ ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ

10 Feb, 2025 02:41 AM

ਐੱਸ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ

ਚੰਦਭਾਨ ਦੇ ਗ੍ਰਿਫ਼ਤਾਰ ਮਜ਼ਦੂਰਾਂ ਨੂੰ ਫੌਰੀ ਰਿਹਾਅ ਕਰਨ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਜੈਤੋ ਥਾਣੇ ਦੇ ਮੁਖੀ ਨੂੰ ਬਰਖ਼ਾਸਤ ਕੀਤਾ ਜਾਵੇ*ਐੱਮ ਐੱਲ ਏ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ

ਫ਼ਰੀਦਕੋਟ,8ਫਰਵਰੀ, ਨਜ਼ਰਾਨਾ ਟਾਈਮਜ ਬਿਊਰੋ

ਇੱਕ ਦਰਜਨ ਦੇ ਕਰੀਬ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਨੇ ਏਥੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮੀਟਿੰਗ ਕਰਕੇ ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕਰਨ ਉਪਰੰਤ ਐਲਾਨ ਕੀਤਾ ਕਿ ਚੰਦ ਭਾਨ ਦੇ ਮਜ਼ਦੂਰਾਂ ਦੀ ਬਿਨਾਂ ਸ਼ਰਤ ਰਿਹਾਈ ਆਦਿ ਲਈ 10 ਫ਼ਰਵਰੀ ਨੂੰ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।


ਇਸ ਮੌਕੇ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਤੇਜ ਸਿੰਘ ਹਰੀ ਨੌ, ਕੋ ਕਨਵੀਨਰ ਗੋਰਾ ਪਿਪਲੀ, ਵਿੱਤ ਸਕੱਤਰ ਗੁਰਪਾਲ ਸਿੰਘ ਨੰਗਲ ਤੇ ਸਤਨਾਮ ਸਿੰਘ ਪੱਖੀ ਖੁਰਦ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘੇਰਾਓ ਦੌਰਾਨ ਮੰਗ ਕੀਤੀ ਜਾਵੇਗੀ ਕਿ ਬੀਤੇ ਦਿਨੀਂ ਪਿੰਡ ਚੰਦਭਾਨ ਵਿਖੇ ਜ਼ਬਰ ਕਰਕੇ ਗ੍ਰਿਫ਼ਤਾਰ ਕੀਤੇ ਮਜ਼ਦੂਰ ਮਰਦਾਂ ਔਰਤਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਵਿਰੋਧੀ ਧਿਰ ਦੀ ਗੋਲੀ ਦਾ ਸ਼ਿਕਾਰ ਹੋਏ ਜੇਲ੍ਹ ਵਿੱਚ ਡੱਕੇ ਮਜ਼ਦੂਰਾਂ ਨੂੰ ਫੌਰੀ ਹਸਪਤਾਲ ਭਰਤੀ ਕਰਵਾ ਕੇ ਇਲਾਜ ਕਰਵਾਇਆ ਜਾਵੇ, ਮਜ਼ਦੂਰਾਂ ਉੱਪਰ ਗੋਲ਼ੀ ਚਲਾਉਣ ਵਾਲਿਆਂ ਖਿਲਾਫ਼ ਇਰਾਦਾ ਕਤਲ, ਐੱਸ ਸੀ ਐੱਸ ਟੀ ਐਕਟ ਆਦਿ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਮਾਮਲੇ ਵਿੱਚ ਗਮਦੂਰ ਸਿੰਘ ਪੱਪੂ, ਐੱਮ ਐੱਲ ਏ ਜੈਤੋਂ ਅਤੇ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਜਾਵੇ, ਐੱਸ ਐੱਚ ਓ ਜੈਤੋ ਨੂੰ ਬਰਖ਼ਾਸਤ ਕੀਤਾ ਜਾਵੇ, ਸਾਰੇ ਮਾਮਲੇ ਦੀ ਅਦਾਲਤੀ ਜਾਂਚ ਕਰਵਾ ਕੇ ਕਸੂਰਵਾਰ ਪੁਲਿਸ ਤੇ ਸਿਵਲ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮਜ਼ਦੂਰਾਂ ਦੇ ਘਰਾਂ ਤੇ ਸਾਮਾਨ ਦੇ ਕੀਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।


ਮੀਟਿੰਗ ਵਿੱਚ ਉਕਤ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਗੁਰਪਾਲ ਸਿੰਘ ਨੰਗਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸਿਕੰਦਰ ਸਿੰਘ ਅਜਿੱਤਗਿੱਲ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸਤਨਾਮ ਸਿੰਘ ਪੱਖੀ ਖੁਰਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਗਿੰਦਰ ਸਿੰਘ ਰੋਡੇ, ਮਜ਼ਦੂਰ ਮੁਕਤੀ ਮੋਰਚਾ ਅਜ਼ਾਦ ਦੇ ਹਰਵਿੰਦਰ ਸਿੰਘ ਸੇਮਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੱਖਣ ਸਿੰਘ ਗੁਰੂਸਰ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਵੀਰ ਕੌਰ ਗੰਧੜ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਕੁੱਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜ ਭੰਨ, ਏਟਕ ਦੇ ਅਸ਼ੋਕ ਕੌਸਲ, ਮਗਨਰੇਗਾ ਰੁਜ਼ਗਾਰ ਮਜ਼ਦੂਰ ਯੂਨੀਅਨ ਦੇ ਗੋਰਾ ਪਿਪਲੀ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਤੇ ਸੁਖਪਾਲ ਸਿੰਘ ਖਿਆਲੀ ਵਾਲਾ ਆਦਿ ਸ਼ਾਮਲ ਸਨ ।


ਸੂਬਾਈ ਆਗੂਆਂ ਨੇ ਪਿੰਡ ਦਾ ਦੌਰਾ ਕਰਕੇ ਮਜ਼ਦੂਰਾਂ ਦਾ ਹਾਲ ਜਾਣਨ ਉਪਰੰਤ ਕਿਹਾ ਕਿ ਪੁਲਿਸ ਵਲੋਂ ਬੱਚਿਆਂ, ਬੁੱਢਿਆ ਅਤੇ ਔਰਤਾਂ ਨੂੰ ਅੰਨੇਵਾਹ ਕੁੱਟਮਾਰ ਹੀ ਨਹੀਂ ਕੀਤੀ ਗਈ, ਸਗੋਂ ਹਿਰਾਸਤ ਵਿੱਚ ਲੈ ਕੇ ਨਾਬਾਲਗ ਬੱਚਿਆਂ ਨੂੰ ਕੁੱਟਦੇ ਹੋਏ ਉਹਨਾਂ ਤੋਂ ਸਿਆਣੇ ਵਿਅਕਤੀਆਂ ਨੂੰ ਜ਼ਲੀਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਜੈਤੋਂ ਪੁਲਿਸ ਦਖ਼ਲ ਦੇ ਕੇ ਮਸਲੇ ਨੂੰ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕਦੀ ਅਤੇ ਜੇਕਰ ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀ ਸਿਆਸੀ ਦਬਾਅ ਹੇਠ ਮਜ਼ਦੂਰਾਂ ਉੱਪਰ ਗੋਲੀ ਚਲਾਉਣ ਵਾਲੇ ਲੋਕਾਂ ਨੂੰ ਸ਼ਹਿ ਨਾ ਦਿੰਦੇ, ਤਾਂ ਇਸ ਟਕਰਾਅ ਤੋਂ ਬਚਿਆ ਜਾ ਸਕਦਾ ਸੀ।


ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਨਸ਼ਰ ਹੋਣ ਦੇ ਬਾਵਜੂਦ ਅਜੇ ਵੀ ਮਜ਼ਦੂਰਾਂ ਉੱਪਰ ਸ਼ਰੇਆਮ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਬਚਾਉਣ ਲੱਗੀ ਹੋਈ ਹੈ ਅਤੇ ਉਨ੍ਹਾਂ ਖਿਲਾਫ ਇਰਾਦਾ ਕਤਲ ਤੇ ਐੱਸ ਸੀ ਐੱਸ ਟੀ ਐਕਟ ਤਹਿਤ ਬਣਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ। ਪੁਲਿਸ ਵਲੋਂ ਮਜ਼ਦੂਰਾਂ ਵਿਰੁੱਧ ਇੱਕ ਪਾਸੜ ਕਾਰਵਾਈ ਕੀਤੀ ਗਈ ਅਤੇ ਮਜ਼ਦੂਰਾਂ ਵਿੱਚ ਬੇਗਾਨਗੀ ਦੀ ਭਾਵਨਾਵਾਂ ਪੈਦਾ ਕਰਕੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਪਹਿਲਾਂ ਹੀ ਭਗਵੰਤ ਮਾਨ ਸਰਕਾਰ ਵਿਰੁੱਧ ਮਜ਼ਦੂਰਾਂ ਵਿੱਚ ਵੱਡੇ ਪੱਧਰ 'ਤੇ ਬੇਚੈਨੀ ਪਾਈ ਜਾ ਰਹੀ ਹੈ। ਸਰਕਾਰ ਵੱਲੋਂ ਹਾਲੇ ਵੀ ਮਜ਼ਦੂਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।


ਉਕਤ ਜਥੇਬੰਦੀਆਂ ਨੇ ਸਾਰੇ ਇਨਸਾਫ ਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਪਿੰਡ ਚੰਦਭਾਨ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ 10 ਫ਼ਰਵਰੀ ਨੂੰ ਐੱਸ ਐੱਸ ਪੀ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #