ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਚਰਨਜੀਤ ਚੰਨੀ ਨੂੰ ਦਿੱਲੀ ਤੋਂ ਆਇਆ ਫ਼ੋਨ, ਕਿਹਾ- ''7 ਜੁਲਾਈ ਨੂੰ...
ਚੰਡੀਗੜ੍ਹ , ਮੰਗਤ ਸਿੰਘ ਸੈਦਪੁਰ , ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਘਰ ਬੀਤੇ ਕੱਲ੍ਹ ਹੋਈ ਮੀਟਿੰਗ ਤੋਂ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਖੁੱਲ੍ਹ ਕੇ ਜੱਗ ਜ਼ਾਹਿਰ ਹੋ ਗਿਆ ਹੈ। ਪੰਜਾਬ ਦੇ ਕਈ ਸੀਨੀਅਰ ਲੀਡਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਂਡ ਨਾਲ ਗੱਲਬਾਤ ਕਰ ਕੇ ਪਾਰਟੀ ਦੇ ਸੂਬਾ ਪ੍ਰਧਾਨ ਦੀ ਨਿਯੁਕਤੀ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਆਖ਼ਣ। ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਨੂੰ ਅੰਦਰੂਨੀ ਕਲੇਸ਼ ਕਾਰਨ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ, ਇਸ ਲਈ ਪਾਰਟੀ ਹਾਈਕਮਾਂਡ ਨੇ ਵੀ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਕੱਲ੍ਹ ਦੇ ਐਪੀਸੋਡ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਦੇ ਇਕ ਸੀਨੀਅਰ ਲੀਡਰ ਦਾ ਫ਼ੋਨ ਆਇਆ ਹੈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ ਹੈ ਕਿ ਰਾਹੁਲ ਗਾਂਧੀ ਇਸ ਵੇਲੇ ਵਿਦੇਸ਼ ਵਿਚ ਹਨ, ਉਹ 7 ਜੁਲਾਈ ਨੂੰ ਭਾਰਤ ਪਰਤ ਆਉਣਗੇ ਤੇ ਉਸ ਤੋਂ ਬਾਅਦ ਦੋਹਾਂ ਦੀ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਜਲਦਬਾਜ਼ੀ ਵਿਚ ਕੋਈ ਵੱਡਾ ਕਦਮ ਨਾ ਚੁੱਕਣ ਦੀ ਅਪੀਲ ਵੀ ਕੀਤੀ ਹੈ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ