ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ:- ਬਲਦੇਵ ਸਿੰਘ ਖੈਹਿਰਾ
ਅੱਪਰਾ, 12 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ੍ਰੀ ਬਲਦੇਵ ਸਿੰਘ ਖੈਹਿਰਾ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਵੀ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਮੇਂ ਵਿੱਚ ਵੀ ਪੰਜਾਬ ਅੰਦਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜਿਸ ਤੋਂ ਸਾਫ ਜ਼ਾਹਰ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਅਤੇ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਬਾਬਾ ਸਾਹਿਬ ਸਾਡੇ ਰਹਿਵਰ ਹਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਹਨ, ਜਿਨ੍ਹਾਂ ਦੀ ਬਦੌਲਤ ਅਸੀਂ ਸਮਾਜ ਵਿੱਚ ਇਨਸਾਨਾਂ ਵਾਲੀ ਜਿੰਦਗੀ ਜਿਉਣ ਦੇ ਕਾਬਿਲ ਹੋਏ ਹਾਂ। ਉਨ੍ਹਾਂ ਦਾ ਸਤਿਕਾਰ ਹਰ ਵਰਗ ਦੇ ਦਿਲ ਵਿੱਚ ਹੈ।
ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਹ ਘਿਨਾਉਣੀ ਹਰਕਤ ਕੀਤੀ ਹੈ, ਉਨ੍ਹਾਂ ਤੇ ਜਲਦ ਤੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।
ਸ੍ਰੀ ਖੈਹਿਰਾ ਨੇ ਕਿਹਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਟੂਰ ਬੰਜਾਰਾ ਦੇ ਵਸਨੀਕ ਸ੍ਰੀ ਗੁਲਜ਼ਾਰ ਸਿੰਘ ਦੀ ਹੋਈ ਬੇਵਕਤੀ ਅਤੇ ਦਰਦਨਾਕ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਡੂੰਘਾ ਦੁੱਖ ਅਤੇ ਰੋਸ ਪਹੁੰਚਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸ੍ਰੀ ਗੁਲਜ਼ਾਰ ਸਿੰਘ ਨੇ 7 ਸਤੰਬਰ, ਐਤਵਾਰ ਨੂੰ ਆਪਣੇ ਖੇਤਰ ਵਿੱਚ ਨਸ਼ੇ ਦੇ ਵੱਧ ਰਹੇ ਪ੍ਰਕੋਪ ਸਬੰਧੀ ਵਿੱਤ ਮੰਤਰੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਅਗਲੇ ਹੀ ਦਿਨ 8 ਸਤੰਬਰ, ਸੋਮਵਾਰ ਨੂੰ ਉਨ੍ਹਾਂ 'ਤੇ ਮੁਆਫੀ ਮੰਗਣ ਲਈ ਦਬਾਅ ਬਣਾਇਆ ਗਿਆ। ਇਸੇ ਦਬਾਅ ਤੋਂ ਬਾਅਦ ਉਨ੍ਹਾਂ ਵੱਲੋਂ ਜ਼ਹਿਰੀਲਾ ਪਦਾਰਥ ਖਾ ਲਿਆ ਗਿਆ ਅਤੇ ਇਲਾਜ ਦੌਰਾਨ ਡੀ.ਐਮ.ਸੀ. ਲੁਧਿਆਣਾ ਵਿਖੇ ਉਨ੍ਹਾਂ ਦੀ ਮੌਤ ਹੋ ਗਈ।
ਮੈਂ ਇਸ ਸਮੁੱਚੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਮੈਂ ਦੁੱਖ ਦੀ ਇਸ ਘੜੀ ਵਿੱਚ ਗੁਲਜ਼ਾਰ ਸਿੰਘ ਜੀ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਅਤੇ ਇੱਕਜੁੱਟਤਾ ਪ੍ਰਗਟ ਕਰਦਾ ਹਾਂ। ਇੱਕ ਪਿਤਾ ਜੋ ਆਪਣੇ ਪੁੱਤ ਨੂੰ ਨਸ਼ੇ ਤੋਂ ਬਚਾਉਣ ਲਈ ਸਰਕਾਰ ਕੋਲ ਫਰਿਆਦ ਲੈ ਕੇ ਗਿਆ ਸੀ, ਉਸ ਨਾਲ ਜੋ ਵਾਪਰਿਆ ਹੈ, ਉਹ ਪੂਰੇ ਪੰਜਾਬ ਦੇ ਜ਼ਮੀਰ ਨੂੰ ਝੰਜੋੜਨ ਵਾਲਾ ਹੈ।
Posted By: GURBHEJ SINGH ANANDPURI