ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ਤੇ ਚੱਲਣਾ ਚਾਹੀਦਾ ਹੈ-ਮੰਮੂ ਚਾਹਲ
ਕਪੂਰਥਲਾ 27 ਅਕਤੂਬਰ ਗੌਰਵ ਮੜੀਆ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਹਲਕੇ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਆਯੋਜਿਤ ਸਮਾਗਮ ਵਿਚ ਅਜਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਸ਼ਿਰਕਤ ਕਰਦਿਆਂ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਵਲੋਂ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਮੰਮੂ ਚਾਹਲ ਨੇ ਸਮੂਹ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਸਮਾਨਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ਤੇ ਚੱਲਣ ਦਾ ਸੱਦਾ ਦਿੱਤਾ ਹੈ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਉਨ੍ਹਾਂਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਨ੍ਹਾਂ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਰਾਹੀਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ।ਉਨ੍ਹਾਂ ਇਹ ਵੀ ਕਿਹਾ ਕਿ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾਉਂਦਾ ਆਇਆ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਰਿਹਾ ਹੈ ਜੋ ਕਿ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਕਿਤੇ ਜ਼ਿਆਦਾ ਪ੍ਰਸੰਗਿਕ ਸੀ।ਮੰਮੂ ਚਾਹਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰਤਾ ਦੇ ਨਾਲ-ਨਾਲ ਨੈਤਿਕਤਾ ਤੇ ਜ਼ੋਰ ਦਿੰਦੀਆਂ ਹਨ ਕਿ ਇੱਕ ਆਦਰਸ਼ ਰਾਜ ਜਾਂ ਸਮਾਜ ਦੀ ਸਿਰਜਣਾ ਲਈ ਇੱਕ ਆਦਰਸ਼ ਮਨੁੱਖ, ਆਦਰਸ਼ ਸ਼ਾਸਕ ਅਤੇ ਆਦਰਸ਼ ਲੋਕਾਂ ਨੂੰ ਕਿਸ ਤਰ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ।ਪ੍ਰਬੰਧਕ ਕਮੇਟੀ ਵੱਲੋਂ ਇਸ ਵਿਸ਼ਾਲ ਸਮਾਗਮ ਦੇ ਆਯੋਜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੰਮੂ ਚਾਹਲ ਨੇ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਇੱਕ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਫਲਸਫ਼ੇ ਦਾ ਪ੍ਰਚਾਰ ਕਰਨ ਵਿੱਚ ਸਹਾਈ ਹੁੰਦੇ ਹਨ ਸਗੋਂ ਸਾਡੇ ਨੌਜਵਾਨਾਂ ਵਿੱਚ ਸਮਾਜ ਨੂੰ ਸੇਧ ਦੇਣ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਵੀ ਕਰਦੇ ਹਨ।ਉਨ੍ਹਾਂ ਭਗਵਾਨ ਵਾਲਮੀਕਿ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਾਲ ਇਸ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।ਇਸ ਦੌਰਾਨ ਉਨ੍ਹਾਂ ਸਮਾਜ ਵਿੱਚ ਸਿੱਖਿਆ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਲਈ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਸਮਾਜਿਕ ਅਤੇ ਆਰਥਿਕ ਪੱਖੋਂ ਪੈਰਾਂ ਸਿਰ ਹੋ ਸਕਣ।ਉਨ੍ਹਾਂ ਕਿਹਾ ਕਿ ਕੇਵਲ ਸਿੱਖਿਆ ਹੀ ਸਮਾਜ ਵਿੱਚ ਖੁਸ਼ਹਾਲੀ ਲਿਆ ਸਕਦੀ ਹੈ,ਇਸ ਲਈ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਦੇਸ਼ ਤੇ ਚੱਲੀਏ।ਇਸ ਮੌਕੇ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਲ ਸਿੰਘ,ਪ੍ਰਧਾਨ ਬਲਬੀਰ ਕੋਚ ਗਿੱਲ,ਦੇਵ ਰਾਜ ਗਿੱਲ,ਤੀਰਥ ਸਿੰਘ ਗਿੱਲ, ਪ੍ਰਧਾਨ ਕਮਲਜੀਤ, ਰੇਸ਼ਮ ਸਿੰਘ,ਤਰਵਿੰਦਰ ਸਿੰਘ ਬੱਬਾ,ਜਰਨੈਲ ਸਿੰਘ ਗਿੱਲ,ਬਾਬਾ ਜੋਤ ਸਿੰਘ ਗਿੱਲ,ਜਤਿੰਦਰ ਕੁਮਾਰ ਰਾਜੂ ਆਦਿ ਹਾਜ਼ਰ ਸਨ।
Posted By: Gaurav Maria