Nazrana Times

ਪੰਜਾਬੀ

ਸੁਖਬੀਰ ਬਾਦਲ ਨੇ ਆਪਣੇ ਪੈਰਾਂ 'ਤੇ ਕੁਹਾੜਾ ਮਾਰਿਆ

26 Nov, 2026 11:24 PM

ਜਦੋਂ ਕੋਈ ਬੰਦਾ ਸੌਦਾ ਕਰਨ ਜਾਵੇ ਤਾਂ ਘਰ ਮੁੜਦਿਆਂ ਉਹਨੂੰ ਪੁੱਛੀਦਾ ਹੈ, ‘ਦੱਸ, ਕੀ ਲੈ ਕੇ ਆਇਆਂ ?’ ਪੰਜਾਬ ਵੀ ਸੁਖਬੀਰ ਬਾਦਲ ਨੂੰ ਏਹੀ ਪੁੱਛਦਾ ਹੈ। ਆਪਣੇ ਲਈ ਕੀ ਲੈ ਕੇ ਆਏ ਹੋ, ਇਹ ਕੁਰਸੀਆਂ ਵੰਡਣ ਵੇਲੇ ਪਤਾ ਲੱਗ ਜਾਊ। ਪੰਜਾਬ ਲਈ ਕੀ ਲੈ ਕੇ ਆਏ ਹੋ, ਉਹ ਦੱਸੋ। ਗੱਠਜੋੜ ਦਾ ਐਲਾਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਤੇ ਇਸ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂ ਦੇ ਦਿੱਤਾ। ਜਦ ਕਿ ਪੰਜਾਬ ਵਿੱਚ ਸਿੱਖ ਅਤੇ ਹਿੰਦੂ ਚਿਰਾਂ ਤੋਂ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਖੜ੍ਹਦੇ ਆਏ ਨੇ। ਇਸ ਸਾਂਝ ਲਈ ਉਨ੍ਹਾਂ ਨੂੰ ਸੁਖਬੀਰ ਬਾਦਲ ਤੇ ਅਮਿਤ ਸ਼ਾਹ ਦੀ ਸਾਂਝੀ ਸਟੇਜ ਦੀ ਲੋੜ ਨਹੀਂ ਹੈ। ਉਸੇ ਸਟੇਜ ਤੋਂ ਪੰਜਾਬ ਦੇ ਹੱਕ ਵਿੱਚ ਕੋਈ ਫ਼ੈਸਲਾ ਵੀ ਸੁਣਾ ਦਿੰਦੇ। 

2012 ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਖ਼ਿਲਾਫ਼ ਪੰਜਾਬ ਵਿੱਚ ਆਵਾਜ਼ ਉੱਠੀ ਸੀ। ਬਾਅਦ ਵਿੱਚ ਬਾਦਲ ਦਲ ਕਈ ਸਾਲ ਮੋਦੀ ਸਰਕਾਰ ਵਿੱਚ ਭਾਈਵਾਲ ਰਿਹਾ। ਓਦੋਂ ਸਜ਼ਾ ਘਟਾਉਣ ਤੇ ਰਿਹਾਈ ਲਈ ਕੇਂਦਰ ਕੋਲ ਕਦੋਂ ਅੜੇ ਤੇ ਕੀ ਮਨਵਾਇਆ ? ਭਾਜਪਾ ਨਾਲ ਯਾਰੀ ਟੁੱਟੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਡਰਾਮੇਬਾਜ਼ੀ ਕਰਦੇ ਰਹੇ ਤੇ ਹੁਣ ਯਾਰੀ ਮੁੜ ਪੈ ਗਈ ਹੈ। ਸੁਖਬੀਰ ਦੱਸਣ ਕਿ ਭਾਈ ਰਾਜੋਆਣਾ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਠਜੋੜ ਵਿੱਚ ਕੀ ਸ਼ਰਤ ਰੱਖੀ ? ਸਟੇਜ ’ਤੇ ਜੱਫੀਆਂ ਪੈ ਰਹੀਆਂ ਨੇ ਤੇ ਅਦਾਲਤ ਵਿੱਚ ਕੇਂਦਰ ਵਿਰੋਧ ਕਰ ਰਿਹਾ ਹੈ। ਬਰਗਾੜੀ ਤੇ ਬਹਿਬਲ ਕਲਾਂ ਦਾ ਇਨਸਾਫ਼ ਕਦੋਂ ਮਿਲੂ ? ਕੁੰਵਰ ਵਿਜੈ ਪ੍ਰਤਾਪ ਸਿੰਘ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ਼ ਦੀ ਗੱਲ ਲੈ ਕੇ ‘ਆਪ’ ਵਿੱਚ ਗਏ ਸਨ। ਉੱਥੇ ਗੱਲ ਸਿਰੇ ਨਾ ਲੱਗੀ, ਫਿਰ ਉਹ ਭਾਜਪਾ ਵੱਲ ਪਲਟ ਗਏ। ਭਾਜਪਾ ਨੇ ਉਸੇ ਬਾਦਲ ਦਲ ਨਾਲ ਹੱਥ ਮਿਲਾਇਆ ਹੈ ਜਿਸ ਦੇ ਰਾਜ ਵੇਲੇ ਇਹ ਸਭ ਵਾਪਰਿਆ ਸੀ। ਆਗੂਆਂ ਨੂੰ ਇੱਕ ਪਾਰਟੀ ਤੋਂ ਦੂਜੀ ਪਾਰਟੀ ਦਾ ਰਾਹ ਲੱਭ ਜਾਂਦਾ ਹੈ। ਗੋਲੀਕਾਂਡ ਵਿੱਚ ਜਿਨ੍ਹਾਂ ਦੇ ਘਰਾਂ ਦੇ ਜੀਅ ਗਏ, ਉਨ੍ਹਾਂ ਨੂੰ ਇਨਸਾਫ਼ ਕਦੋਂ ਮਿਲੂ ? 

ਅਨੰਦਪੁਰ ਸਾਹਿਬ ਦਾ ਮਤਾ ਕਾਹਦੇ ਲਈ ਸੀ ? ਸੁਖਬੀਰ ਨੇ ਅਮਿਤ ਸ਼ਾਹ ਸਾਹਮਣੇ ਮਜ਼ਬੂਤ ਕੇਂਦਰ ਦੀ ਗੱਲ ਕੀਤੀ। ਇਸੇ ਅਕਾਲੀ ਦਲ ਨੇ ਸੂਬਿਆਂ ਨੂੰ ਵੱਧ ਹੱਕ ਦਿਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਅਪਣਾਇਆ ਸੀ। ਉਸ ਲਈ ਮੋਰਚੇ ਲੱਗੇ, ਲੋਕ ਜੇਲ੍ਹਾਂ ਗਏ ਤੇ ਜਾਨਾਂ ਗਈਆਂ। ਹੁਣ ਦਿੱਲੀ ਨੂੰ ਹੋਰ ਤਾਕਤ ਦੇਣ ਦੀ ਗੱਲ ਕਰਨ ਵਾਲੇ ਸੁਖਬੀਰ ਆਪਣੇ ਦਲ ਦੇ ਮਤੇ ’ਤੇ ਕਿੱਥੇ ਖੜ੍ਹੇ ਨੇ ? ਕੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਦੀ ਗੱਲ ਹੋਈ ? ਅਟਾਰੀ ਰਾਹੀਂ ਵਪਾਰ ਮੁੜ ਚਲਾਉਣ ਲਈ ਕੋਈ ਤਰੀਕ ਮਿਲੀ ? ਕਿਸਾਨੀ ਤੇ ਪੰਜਾਬ ਦੇ ਹੱਕਾਂ ਬਾਰੇ ਕੀ ਮਨਵਾਇਆ ? ‘ਨਹੁੰ-ਮਾਸ ਦਾ ਰਿਸ਼ਤਾ’ ਦੱਸਣ ਵਾਲੇ ਇਨ੍ਹਾਂ ਸਵਾਲਾਂ ਦਾ ਸਿੱਧਾ ਜਵਾਬ ਦੇਣ।

ਬਾਦਲਕਿਆਂ ਦੇ ਹਮਾਇਤੀ ਹਰ ਸਵਾਲ ਪੁੱਛਣ ਵਾਲੇ ਨੂੰ ‘ਪੰਥ ਵਿਰੋਧੀ’ ਆਖ ਦਿੰਦੇ ਨੇ। ਜਥੇਦਾਰ ਗੁਰਬਚਨ ਸਿੰਘ ਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰੇ ਕੌਮ’ ਦਿੱਤਾ ਗਿਆ ਸੀ ਜੋ ਬਾਅਦ ਵਿੱਚ ਜਥੇਦਾਰ ਰਘਬੀਰ ਸਿੰਘ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਖੋਹਿਆ। ਸੁਖਬੀਰ ਬਾਦਲ ਦੇ ਹਮਾਇਤੀ ਹੁਣ ਕਿਤੇ ਕੱਲ੍ਹ ਨੂੰ ਸੁਖਬੀਰ ਲਈ ਵੀ ਅਜਿਹਾ ਸਨਮਾਨ ਮੰਗਣ ਨਾ ਤੁਰ ਪੈਣ। ਸੁਖਬੀਰ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਹਰਸਿਮਰਤ ਦੀ ਕੇਂਦਰੀ ਵਜ਼ਾਰਤ ਦੀ ਚਰਚਾ ਪੰਜਾਬ ਨੇ ਸੁਣ ਲਈ। ਹੁਣ ਗੱਠਜੋੜ ਦੀਆਂ ਸ਼ਰਤਾਂ ਲੋਕਾਂ ਅੱਗੇ ਰੱਖ ਦਿਓ। ਪੰਜਾਬ ਆਪਣਾ ਨਾਂ ਆਪ ਲੱਭ ਲਊਗਾ, ਜੇ ਕਿਤੇ ਲਿਖਿਆ ਹੋਇਆ ਤਾਂ। 

ਗੱਠਜੋੜ ਨਾਲ ਭਾਜਪਾ ਨੂੰ ਫ਼ਾਇਦਾ ਦੇ ਕੇ ਸੁਖਬੀਰ ਨੇ ਆਪਣੇ ਪੈਰੀਂ ਕੁਹਾੜਾ ਮਾਰਿਆ ਹੈ। ਬਾਦਲ ਦਲ ਤੇ ਭਾਜਪਾ ਦੀ ਮੁੜ ਪਈ ਯਾਰੀ ਦਾ ਵੱਧ ਫ਼ਾਇਦਾ ਭਾਜਪਾ ਨੂੰ ਹੋ ਸਕਦਾ ਹੈ। ਪੰਜਾਬ ਵਿੱਚ ਭਾਜਪਾ ਦੀ ਇਕੱਲਿਆਂ ਸਰਕਾਰ ਬਣਦੀ ਨਾ ਵੇਖ ਕੇ ਕਈ ਸ਼ਹਿਰੀ ਹਿੰਦੂ ਵੋਟਰ ਪਹਿਲਾਂ ਕਾਂਗਰਸ ਜਾਂ ‘ਆਪ’ ਨੂੰ ਵੋਟ ਪਾਉਂਦੇ ਰਹੇ। ਹੁਣ ਉਨ੍ਹਾਂ ਵਿੱਚੋਂ ਕਈ ਭਾਜਪਾ ਵੱਲ ਜਾ ਸਕਦੇ ਨੇ। ਜਿੱਥੇ ਭਾਜਪਾ ਦਾ ਉਮੀਦਵਾਰ ਖੜ੍ਹਾ ਹੋਵੇਗਾ, ਉੱਥੇ ਬਾਦਲ ਦਲ ਦੇ ਕੁਝ ਸ਼ਹਿਰੀ ਸਿੱਖ ਵੋਟਰਾਂ ਦੀ ਵੋਟ ਵੀ ਉਸ ਨੂੰ ਮਿਲ ਸਕਦੀ ਹੈ। ਉੱਧਰ ਪਿੰਡਾਂ ਵਿੱਚ ਬਾਦਲ ਦਲ ਨਾਲ ਨਾਰਾਜ਼ਗੀ ਹੈ। ਪੇਂਡੂ ਤੇ ਸਿੱਖ ਵੋਟ ਬਾਦਲ ਦਲ, ਕਾਂਗਰਸ, ‘ਆਪ’ ਤੇ ਵਾਰਿਸ ਪੰਜਾਬ ਦੇ ਧਿਰਾਂ ਵਿੱਚ ਵੰਡੀ ਜਾ ਸਕਦੀ ਹੈ। ਇਸ ਨਾਲ ਕਈ ਹਲਕਿਆਂ ਵਿੱਚ ਜਿੱਤ-ਹਾਰ ਦਾ ਫ਼ਰਕ ਥੋੜ੍ਹਾ ਰਹਿ ਸਕਦਾ ਹੈ। ਜੇ ਭਾਜਪਾ ਨੂੰ ਲੜਨ ਲਈ ਤਕਰੀਬਨ 40 ਅਜਿਹੀਆਂ ਸੀਟਾਂ ਮਿਲ ਗਈਆਂ ਜਿੱਥੇ ਸ਼ਹਿਰੀ ਵੋਟ ਵੱਧ ਹੈ, ਤਾਂ ਉਹ ਬਾਦਲ ਦਲ ਨਾਲੋਂ ਵੱਧ ਸੀਟਾਂ ਵੀ ਜਿੱਤ ਸਕਦੀ ਹੈ। 

ਅਮਿਤ ਸ਼ਾਹ ਕਹਿੰਦੇ ਨੇ, ‘ਮੁੱਖ ਮੰਤਰੀ ਵੱਡੇ ਭਰਾ ਦਾ ਹੋਵੇਗਾ।’ ਸੁਖਬੀਰ ਇਹ ਦੱਸਣ ਕਿ ਵੱਡਾ ਭਰਾ ਕੌਣ ਹੈ ? ਜੇ ਭਾਜਪਾ ਦੇ ਵੱਧ ਵਿਧਾਇਕ ਜਿੱਤ ਗਏ ਤਾਂ ਕੀ ਉਹ ਮੁੱਖ ਮੰਤਰੀ ਦੀ ਕੁਰਸੀ ਬਾਦਲ ਦਲ ਨੂੰ ਦੇ ਦੇਵੇਗੀ ? ਵੋਟਾਂ ਨੇੜੇ ਆਉਣ ’ਤੇ ਗੱਲ ਹੋਰ ਸਾਫ਼ ਹੋਊ। ਪਰ ਦੂਜੇ ਸੂਬਿਆਂ ਵਿੱਚ ਭਾਜਪਾ ਦੀ ਚਾਲ ਵੇਖ ਕੇ ਲੱਗਦਾ ਹੈ ਕਿ ਇਸ ਯਾਰੀ ਵਿੱਚ ਬਾਦਲ ਦਲ ਆਪਣੀ ਬਚੀ-ਖੁਚੀ ਸਿਆਸੀ ਜ਼ਮੀਨ ਵੀ ਗੁਆ ਸਕਦਾ ਹੈ।

 ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Latest News