ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਇੱਕ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸੰਪੰਨ
- ਸਿੱਖਿਆ/ਵਿਗਿਆਨ
- 27 Jan, 2026 01:20 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਾਲੜੀ ਦਿਵਸ ਦੇ ਮੌਕੇ ਇੱਕ ਰੋਜ਼ਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕਰਵਾਇਆ ਗਿਆ ਇਹ ਵਰਕਸ਼ਾਪ ਭਾਰਤ ਸਰਕਾਰ ਦੇ ਅਦਾਰੇ ਰੂਸਾ (RUSA) ਵੱਲੋਂ ਪ੍ਰਾਪਤ ਗਰਾਂਟ ਤਹਿਤ ਕਰਵਾਈ ਕੀਤੀ ਗਈ।
ਇਹ ਵਰਕਸ਼ਾਪ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ ਕੁਲਪਤੀ ਪ੍ਰੋ.(ਡਾ.) ਕਰਮਜੀਤ ਸਿੰਘ ਅਤੇ ਡੀਨ, ਕਾਲਜ ਵਿਕਾਸ ਕੌਂਸਲ ਪ੍ਰੋ.(ਡਾ.) ਸਰੋਜ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਲਜ ਇੰਚਾਰਜ ਅਤੇ ਇਸ ਵਰਕਸ਼ਾਪ ਦੇ ਕਨਵੀਨਰ ਡਾ.(ਲੈਫ.) ਹਰਸਿਮਰਨ ਕੌਰ ਦੀ ਯੋਗ ਰਹਿਨੁਮਾਈ ਹੇਠ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਯੂਨੀਵਰਸਿਟੀ ਦੇ ਸੈਂਟਰ ਫਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੇ ਕੋਆਰਡੀਨੇਟਰ ਡਾ. ਪ੍ਰਤਾਪ ਕੁਮਾਰ ਪਤੀ ਦੇ ਸਹਿਯੋਗ ਨਾਲ ਲਗਾਈ ਗਈ।
ਇਸ ਵਰਕਸ਼ਾਪ ਵਿੱਚ ਹਲਕਾ ਬਾਬਾ ਬਕਾਲਾ ਦੇ ਮਾਨਯੋਗ ਵਿਧਾਇਕ ਦਲਬੀਰ ਸਿੰਘ ਟੋਂਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦਿਹਾਤੀ ਅਤੇ ਝੁੱਗੀ-ਝੋਪੜੀ ਖੇਤਰਾਂ ਵਿੱਚ ਰਹਿੰਦੀਆਂ ਔਰਤਾਂ ਲਈ ਸਿਹਤ ਸੇਵਾਵਾਂ ਦੀ ਮਹੱਤਤਾ ਉੱਤੇ ਰੋਸ਼ਨੀ ਪਾਈ ਅਤੇ ਇਸ ਤਰ੍ਹਾਂ ਦੇ ਸਮਾਜਿਕ ਜਾਗਰੂਕਤਾ ਕਾਰਜਕ੍ਰਮਾਂ ਦੀ ਸਰਾਹਨਾ ਕੀਤੀ।
ਵਰਕਸ਼ਾਪ ਵਿੱਚ ਬਤੌਰ ਮੁੱਖ ਬੁਲਾਰੇ ਡਾ. ਨੀਰਜ ਭਾਟੀਆ, ਸੀਨੀਅਰ ਮੈਡੀਕਲ ਅਫਸਰ, ਸਿਵਿਲ ਹਸਪਤਾਲ ਬਾਬਾ ਬਕਾਲਾ ਅਤੇ ਡਾ. ਜੀ.ਐਸ. ਬਾਜਵਾ, ਮੁਖੀ, ਸਮਾਜਿਕ ਸਿੱਖਿਆ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ਼੍ਰੀ ਮਤੀ ਰਵਿੰਦਰ ਕੌਰ ਪਿੰਡ ਬੇਦਾਦਪੁਰ ਤੇ ਸਿਮਰਨਜੀਤ ਕੌਰ ,ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਅਤੇ ਹੋਰ ਪਿੰਡ ਨਿਵਾਸੀਆਂ ਦੇ ਨਾਲ ਆਸ ਪਾਸ ਸਰਪੰਚਾਂ ਤੇ ਉੱਘੀਆ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਔਰਤਾਂ ਨੂੰ ਸਿਹਤ, ਪੋਸ਼ਣ, ਮਾਤਾ-ਸ਼ਿਸ਼ੂ ਸਿਹਤ, ਸਫਾਈ, ਟੀਕਾਕਰਨ ਅਤੇ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਔਰਤਾਂ ਦਾ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ ਅਤੇ ਉਹਨਾਂ ਨੂੰ ਜਰੂਰਤ ਦੀਆਂ ਦਵਾਈਆਂ ਦੇ ਨਾਲ ਨਾਲ ਜਰੂਰੀ ਸਮਾਨ ਦੀ ਕਿੱਟ ਮੁੱਹਈਆ ਕਰਾਈ ਗਈ ਅਤੇ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਰਈਆ ਦੇ ਝੁੱਗੀਆਂ ਵਾਲੇ ਖੇਤਰ ਤੋਂ ਆਈਆਂ ਔਰਤਾਂ ਸਮੇਤ ਨੇੜਲੇ ਪਿੰਡਾਂ ਦੀਆਂ ਔਰਤਾਂ ਅਤੇ ਆਂਗਣਵਾੜੀ ਵਰਕਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਵਰਕਸ਼ਾਪ ਦੇ ਦੂਸਰੇ ਭਾਗ ਦੌਰਾਨ ਭਾਗੀਦਾਰਾਂ ਨਾਲ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ, ਜਿਸ ਨਾਲ ਔਰਤਾਂ ਨੂੰ ਆਪਣੀਆਂ ਸਮੱਸਿਆਵਾਂ ਸਿੱਧੇ ਤੌਰ ’ਤੇ ਮਾਹਿਰਾਂ ਸਾਹਮਣੇ ਰੱਖਣ ਦਾ ਮੌਕਾ ਮਿਲਿਆ।
ਇਸ ਮੌਕੇ ਕਾਲਜ ਦੇ ਇੰਚਾਰਜ ਡਾ.ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਬਾਲੜੀ ਦਿਵਸ ਮੌਕੇ ਰੱਖੇ ਇਸ ਇੱਕ ਰੋਜ਼ਾ ਵਰਕਸ਼ਾਪ ਦਾ ਮੂਲ ਮੰਤਵ ਅਜਿਹੀਆਂ ਔਰਤਾਂ ਜਿਹੜੀਆਂ ਕਿ ਸਮਾਜ ਵੱਲੋਂ ਲਤਾੜੀਆਂ ਪਛਾੜੀਆਂ ਗਈਆਂ ਹਨ, ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਜਿਸ ਵਿੱਚ ਉਹ ਘਰੋਂ ਬਾਹਰ ਵੀ ਆਪਣੀ ਮੂਲ ਪਛਾਣ ਸਕਣ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਰੂਸਾ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਕਿ ਇਹ ਹਾਸ਼ੀਆਗਤ ਤਬਕੇ ਨੂੰ ਉਪਰ ਚੁੱਕਣ ਦੇ ਮਨੋਰਥ ਹਿਤ ਉਲੀਕਿਆ ਜਾ ਸਕਿਆ।
Leave a Reply