Nazrana Times

ਪੰਜਾਬੀ

ਜੁਝਾਰੂ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਗੋਬਿੰਦ ਰਾਮ ਤੇ ਜ਼ੁਲਮ ਨੂੰ ਲਲਕਾਰਿਆ ਭਾਈ ਧਰਮ ਸਿੰਘ ਕਾਸ਼ਤੀਵਾਲ਼ ਦੇ ਸਿੱਖੀ ਸਿਦਕ ਨੇ...

27 Nov, 2026 02:37 PM

ਖਾਲਸਾ ਪੰਥ ਦੇ ਜੁਝਾਰੂ ਸਿੰਘ ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਦ ਦੀ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਮਾਗਮ ਅੱਜ ਸੁਲਤਾਨਵਿੰਡ ਵਿਖੇ …

ਸਾਬਕਾ ਗੋਬਿੰਦ ਰਾਮ ਐਸ.ਐਸ.ਪੀ. ਨੇ ਬਟਾਲ਼ਾ ਇਲਾਕੇ ’ਚ ਜ਼ੁਲਮੋ-ਸਿਤਮ ਦੀ ਹਨੇਰੀ ਝੁਲਾਈ ਅਤੇ ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੇ ਉਸ ਐਸ.ਐਸ.ਪੀ. ਨੂੰ ਅਖ਼ਬਾਰਾਂ ਰਾਹੀਂ ਚੈਲੰਿਜ ਕਰਕੇ ਸਮਾਂ ਤੇ ਸਥਾਨ ਮੁਕੱਰਰ ਕਰ ਕੇ ਮੁਕਾਬਲਾ ਕਰਨ ਲਈ ਲਲਕਾਰਿਆ ਸੀ। ਬਟਾਲ਼ਾ ਇਲਾਕੇ ਦੀਆਂ ਗਲ਼ੀਆਂ ਵਿੱਚ ਪਸਰਦੀ ਜਾ ਰਹੀ ਗੋਬਿੰਦ ਰਾਮ ਦੀ ਦਹਿਸ਼ਤ ਨੂੰ ਤਾਰ-ਤਾਰ ਕਰ ਸੁੱਟਿਆ ਅਤੇ ਆਮ ਲੋਕਾਂ ਅੰਦਰ ਪੁਲੀਸ ਦੇ ਜੱਲਾਦਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਜੁਰਅਤ ਭਰ ਦਿੱਤੀ। ਐਸਐਸਪੀ. ਗੋਬਿੰਦ ਰਾਮ ਜਿਸ ਵੀ ਇਲਾਕੇ ਅੰਦਰ ਤਾਇਨਾਤ ਰਿਹਾ, ਜਿਨ੍ਹਾਂ ਲੋਕਾਂ ਦਾ ਵੀ ਉਸ ਨਾਲ਼ ਵਾਹ ਪਿਆ, ਉਹਨਾਂ ਦੀਆਂ ਹੱਡ-ਬੀਤੀਆਂ ਨੂੰ ਸੁਣ ਕੇ ਇਸ ਹਕੀਕਤ ਵਿੱਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਪੁਲਿਸ ਅਫ਼ਸਰ ਸਿਰਫ਼ ਸਿੱਖ ਅਜ਼ਾਦੀ ਸੰਘਰਸ਼ ਪ੍ਰਤੀ ਹੀ ਨਹੀਂ, ਬਲਕਿ ਸਿੱਖ ਕੌਮ ਅਤੇ ਸਿੱਖ ਧਰਮ ਪ੍ਰਤੀ ਵੀ ਨੱਕੋ-ਨੱਕ ਨਫ਼ਰਤ ਨਾਲ਼ ਭਰਿਆ ਪਿਆ ਸੀ। ਉਸ ਵੱਲੋਂ ਵਾਰ-ਵਾਰ ਇਹ ਕਹਿਣਾ ਕਿ ‘ਹੁਣ ਤੁਸੀਂ (ਗੁਰੂ) ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਗੋਬਿੰਦ ਰਾਮ ਨੂੰ ਯਾਦ ਰੱਖੋਗੇ’, ਇਸ ਦੀ ਇੱਕ ਅਹਿਮ ਉਦਾਹਰਨ ਸੀ। ਗੋਬਿੰਦ ਰਾਮ ਨੇ ਸਿੱਖ ਸੰਘਰਸ਼ ਨਾਲ਼ ਮਾਨਸਿਕ ਤੌਰ ’ਤੇ ਜੁੜੇ ਹੋਏ ਆਮ ਕਿਰਤੀ ਸਿੱਖਾਂ ਨੂੰ ਬੇਦਿਲ ਕਰਨ ਲਈ ਕਈ ਤਰ੍ਹਾਂ ਦੇ ਤਸ਼ੱਦਦ ਦਾ ਦੌਰ ਅਰੰਭ ਕੀਤਾ। ਪਿੰਡਾਂ ਨੂੰ ਘੇਰਾ ਪਾ ਕੇ ਇੱਕ ਥਾਂ ਇਕੱਤਰ ਕਰ ਲੈਣਾ ਤੇ ਪਤਵੰਤੇ ਲੋਕਾਂ ਦੀ ਸਭ ਦੇ ਸਾਮ੍ਹਣੇ ਬੇਇੱਜ਼ਤੀ ਕਰਨੀ, ਕੁਟਾਪਾ ਚਾੜ੍ਹਨਾ ਤੇ ਗਾਲ਼ਾਂ ਕੱਢਣੀਆਂ ਅਤੇ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨ ਵਾਲ਼ਾ ਵਰਤਾਰਾ ਉਸ ਨੇ ਸਿਖਰ ’ਤੇ ਪਹੁੰਚਾ ਦਿੱਤਾ। ਜਿਸ ਪਿੰਡ ਦਾ ਕੋਈ ਗੱਭਰੂ ਰੂਪੋਸ਼ ਹੋ ਕੇ ਇਸ ਸੰਘਰਸ਼ ਵਿੱਚ ਹਿੱਸਾ ਪਾ ਰਿਹਾ ਹੁੰਦਾ, ਉਹਨਾਂ ਪਿੰਡਾਂ ਵਿੱਚ ਉਹ ਭਾਰਤੀ ਹਕੂਮਤ ਦੀ ਅਜਿਹੀ ਦਹਿਸ਼ਤ ਪੈਦਾ ਕਰ ਦੇਣੀ ਚਾਹੁੰਦਾ ਸੀ ਕਿ ਉਸ ਪਿੰਡ ਦਾ ਕੋਈ ਹੋਰ ਗੱਭਰੂ ਇਸ ਰਾਹ ’ਤੇ ਸੁਪਨੇ ਵਿੱਚ ਵੀ ਚੱਲਣ ਦੀ ਹਮਾਕਤ ਨਾ ਕਰੇ। ਭਾਈ ਧਰਮ ਸਿੰਘ ਬੱਬਰ ਦਾ ਪਿੰਡ ਕਾਸ਼ਤੀਵਾਲ਼ ਵੀ ਉਸ ਦੇ ਨਿਸ਼ਾਨੇ ’ਤੇ ਆਇਆ। ਸੰਨ 1989 ਦਾ ਅਰੰਭ, ਜਦੋਂ ਬਟਾਲ਼ਾ ਇਲਾਕੇ ਵਿੱਚ ਭਾਈ ਧਰਮ ਸਿੰਘ ਕਾਸ਼ਤੀਵਾਲ ਦੀ ਚਰਚਾ ਦਿਨੋ-ਦਿਨ ਵਧ ਰਹੀ ਸੀ, ਗੋਬਿੰਦ ਰਾਮ ਨੇ ਪਿੰਡ ਕਾਸ਼ਤੀਵਾਲ਼ ਵਿੱਚ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ। ਖੇਤਾਂ ਵਿੱਚ ਕੰਮ ਕਰਦੇ ਤੇ ਰਾਹ ਜਾਂਦੇ ਕਿਰਤੀ ਸਿੱਖਾਂ ਨੂੰ ਵੀ ਬੜੇ ਬੁਰੇ ਤਰੀਕੇ ਨਾਲ਼ ਕੁੱਟਿਆ ਤੇ ਜ਼ਲੀਲ ਕੀਤਾ ਜਾਣ ਲੱਗਾ ਤੇ ਉਹਨਾਂ ਨੂੰ ਭਾਈ ਧਰਮ ਸਿੰਘ ਨੂੰ ਫੜਾਉਣ ਲਈ ਦਬਕੇ ਮਾਰੇ ਜਾਣ ਲੱਗੇ। ਇਸੇ ਹੀ ਦੌਰ ਨੂੰ ਮਘਦਾ ਰੱਖਣ ਲਈ ਪੁਲਸੀਆਂ ਦੀ ਵੱਡੀ ਫ਼ੌਜ ਨਾਲ਼ ਆਏ ਗੋਬਿੰਦ ਰਾਮ ਨੇ ਭਾਈ ਧਰਮ ਸਿੰਘ ਕਾਸ਼ਤੀਵਾਲ਼ ਦੇ ਜੱਦੀ ਘਰ ਨੂੰ ਢਾਹ-ਢੇਰੀ ਕਰਨ ਦਾ ਹੁਕਮ ਦੇ ਦਿੱਤਾ। ਪਿੰਡ ਵਾਲ਼ਿਆਂ ਦੇ ਸਾਮ੍ਹਣੇ ਭਾਈ ਧਰਮ ਸਿੰਘ ਕਾਸ਼ਤੀਵਾਲ਼ ਦਾ ਘਰ ਲੁੱਟਿਆ-ਉਧੇੜਿਆ ਗਿਆ ਤੇ ਚਾਂਘੜਾਂ ਮਾਰੀਆਂ ਗਈਆਂ। ਗੋਬਿੰਦ ਰਾਮ ਇਹ ਕਹਿ ਕੇ ਦਬਕੇ ਮਾਰਦਾ ਗਿਆ ਕਿ ਜਦੋਂ ਤਕ ‘ਧਰਮੇ’ ਨੂੰ ਜਿਊਂਦਾ ਜਾਂ ਮੁਰਦਾ ਪੇਸ਼ ਨਹੀਂ ਕਰਦੇ, ਇਸੇ ਹੀ ਤਰ੍ਹਾਂ ਸਾਰੇ ਪਿੰਡ ਦਾ ਹਾਲ ਕਰਦਾ ਰਹਾਂਗਾ।

ਗੋਬਿੰਦ ਰਾਮ ਦੀ ਭਾਈ ਧਰਮ ਸਿੰਘ ਕਾਸ਼ਤੀਵਾਲ਼ ਦਾ ਘਰ ਢਾਹ ਦੇਣ ਦੀ ਇਸ ਕਾਰਵਾਈ ਦੇ ਪਿੱਛੇ ਨਿਰੋਲ ਉਸ ਦਾ ਪੁਲਸੀਆ ਦਿਮਾਗ ਹੀ ਨਹੀਂ ਸੀ, ਇਹ ਸਟੇਟ ਦੇ ਨੀਤੀ ਘਾੜਿਆਂ ਦੀ ਉਸ ਮਨੋਵਿਿਗਆਨਕ ਰਣਨੀਤੀ ਦਾ ਹਿੱਸਾ ਸੀ, ਜਿਸ ਅਧੀਨ ਪਿੰਡਾਂ ਦੇ ਲੋਕਾਂ ਅੰਦਰੋਂ ਜੁਝਾਰੂ ਸਿੰਘਾਂ ਦਾ ‘ਹੀਰੋ’ ਵਾਲ਼ਾ ਅਕਸ ਕੱਢ ਕੇ ਇਹ ਵਿਚਾਰ ਭਰਨਾ ਸੀ ਕਿ ‘ਇਹ ਲੋਕ ਤਾਂ ‘ਵਿਚਾਰੇ ਜਿਹੇ’ ਹਨ, ਜਿਹੜੇ ਪੁਲਿਸ ਤੋਂ ਲੁਕ ਛਿਪ ਕੇ ਦਿਨ ਕੱਟਦੇ ਹਨ ਤੇ ਪੁਲਿਸ ਦੇ ਸਾਮ੍ਹਣੇ ਆਉਣ ਦੀ ਹਿੰਮਤ ਨਹੀਂ ਕਰਦੇ।’ ਭਾਰਤੀ ਹਕੂਮਤ ਦੇ ਕਾਰਿੰਦੇ ਇਸ ਮਨੋਵਿਗਿਆਨਕ ਰਣਨੀਤੀ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਲਈ ਸਕੀਮਾਂ ਘੜ ਰਹੇ ਸਨ, ਪਰ ਉਹ ਨਹੀਂ ਸੀ ਜਾਣਦੇ ਕਿ ਇਸ ਰਣਨੀਤੀ ਦੇ ਅਰੰਭ ਵਿੱਚ ਹੀ ਉਹਨਾਂ ਨੂੰ ਇੱਕ ਅਜਿਹਾ ਮੂੰਹ ਤੋੜਵਾਂ ਜਵਾਬ ਮਿਲ਼ਣ ਵਾਲ਼ਾ ਹੈ ਕਿ ਉਹਨਾਂ ਦੇ ਰਾਤਾਂ ਜਾਗ-ਜਾਗ ਕੇ ਘੜੇ ਡੂੰਘੇ ਮਨਸੂਬੇ ਉਹਨਾਂ ਨੂੰ ਪੁੱਠੇ ਪੈ ਜਾਣਗੇ। ਉਹ ਜਰਨੈਲ ਜਿਸ ਨੂੰ ਗੋਬਿੰਦ ਰਾਮ ‘ਧਰਮਾ’ ਕਹਿ ਕੇ ਉਸ ਦਾ ਲੋਕ ਮਨਾਂ ’ਚ ਕੱਦ ਛੋਟਾ ਕਰਨ ਲਈ ਹਰ ਹਰਬਾ ਵਰਤ ਰਿਹਾ ਸੀ, ਬੱਬਰਾਂ ਦੇ ਉਸ ਜਰਨੈਲ ਨੇ ਹਕੂਮਤ ਦੇ ਇਸ ਮਨੋਵਿਗਿਆਨਕ ਚੈਲਿੰਜ ਦੀ ਸਹੀ-ਸਹੀ ਪਛਾਣ ਕਰ ਲਈ ਸੀ। ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੇ ਇਹ ਅਨੁਭਵ ਕਰ ਲਿਆ ਸੀ ਕਿ ਜੇਕਰ ਹਕੂਮਤ ਦੀ ਇਸ ਲਲਕਾਰ ਦਾ ਮੋੜਵਾਂ ਜਵਾਬ ਨਾ ਦਿੱਤਾ ਗਿਆ ਤਾਂ ਲੋਕ ਮਨਾਂ ਵਿੱਚ ਪੁਲਿਸ ਦੀ ਦਹਿਸ਼ਤ ਹਾਵੀ ਹੋ ਜਾਵੇਗੀ। ਇਸ ਦਾ ਜਵਾਬ ਅਜਿਹਾ ਹੋਣਾ ਚਾਹੀਦਾ ਸੀ ਕਿ ਪੁਲਿਸ ਦੀ ਦਹਿਸ਼ਤ ਹੋਰ ਵਧਣ ਦੀ ਬਜਾਏ ਪਹਿਲੀ ਵੀ ਖ਼ਤਮ ਹੋ ਜਾਵੇ। ਇਸ ਰਣਨੀਤੀ ਨੂੰ ਵਿਉਂਤਣ ਤੋਂ ਪਹਿਲਾਂ ਭਾਈ ਧਰਮ ਸਿੰਘ ਬੱਬਰ ਨੇ ਆਪਣੇ ਪਿੰਡ ਕਾਸ਼ਤੀਵਾਲ਼ ਵਿੱਚ ਫੇਰਾ ਮਾਰਨਾ ਜ਼ਰੂਰੀ ਸਮਝਿਆ।

ਪੁਲਿਸ ਤਸ਼ੱਦਦ ਦੇ ਭੰਨੇ ਕਿਰਤੀ ਸਿੱਖਾਂ ਨੇ ਆਪਣੇ ਦੁੱਖਾਂ ਦੀਆਂ ਪੰਡਾਂ ਉਸ ਦੇ ਸਾਹਵੇਂ ਢੇਰ ਕਰ ਦਿੱਤੀਆਂ। ਬੱਬਰਾਂ ਦਾ ਇਹ ਬਿੱਲੀਆਂ ਅੱਖਾਂ ਵਾਲ਼ਾ ਜਰਨੈਲ ਹਰ ਇੱਕ ਦੀ ਕਹਾਣੀ ਗੰਭੀਰਤਾ ਨਾਲ਼ ਸੁਣਦਾ ਰਿਹਾ ਤੇ ਨਾਲ਼ ਹੀ ਇਸ ਮਨੋਵਿਿਗਆਨਕ ਜੰਗ ਵਿੱਚ ਹਕੂਮਤ ਨੂੰ ਮਾਤ ਦੇਣ ਦੀ ਰਣਨੀਤੀ ਦੇ ਨਕਸ਼ ਘੜਦਾ ਰਿਹਾ। ਤੇ ਜ਼ੁਲਮ ਦੇ ਭੰਨੇ ਆਪਣੇ ਲੋਕਾਂ ਨੂੰ ਹੌਸਲਾ ਦੇ ਕੇ ਪਿੰਡ ਦੀ ਜੂਹ ’ਚੋਂ ਬਾਹਰ ਨਿਕਲ਼ਦਿਆਂ ਹੀ ਇਸ ਜਰਨੈਲ ਨੇ ਜਿਹੜਾ ਪੈਂਤੜਾ ਲਿਆ, ਉਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਭਾਈ ਧਰਮ ਸਿੰਘ ਬੱਬਰ ਨੇ ਅਖ਼ਬਾਰਾਂ ਰਾਹੀਂ ਗੋਬਿੰਦ ਰਾਮ ਨੂੰ ਸਿੱਧਾ ਚੈਲਿੰਜ ਕਰ ਦਿੱਤਾ:

“12 ਫ਼ਰਵਰੀ (ਸੰਨ 1989) ਨੂੰ ਮੈਂ ਸਾਰਾ ਦਿਨ ਆਪਣੇ ਪਿੰਡ ਕਾਸ਼ਤੀਵਾਲ਼ ’ਚ ਰਹਾਂਗਾ, ਜੇ ਤੇਰੇ ’ਚ ਹਿੰਮਤ ਹੋਵੇ ਤਾਂ ਓਥੇ ਆ ਕੇ ਸਿੱਧਾ ਟੱਕਰ ਲੈ...।”

ਸਿੱਖ ਅਜ਼ਾਦੀ ਦੇ ਇਸ ਸੰਘਰਸ਼ ਵਿੱਚ ਇਹ ਪਹਿਲੀ ਅਜਿਹੀ ਮਿਸਾਲ ਸੀ। ਆਹਮੋ-ਸਾਮ੍ਹਣੇ ਪਰ ਅਚਾਨਕ ਹੋਏ ਮੁਕਾਬਲਿਆਂ ਵਿੱਚ ਸਿੰਘਾਂ ਦੀ ਸੂਰਬੀਰਤਾ ਦੀਆਂ ਕਹਾਣੀਆਂ ਢੋਲ ਦੇ ਡੱਗੇ ਵਾਂਗ ਪਿੰਡ-ਪਿੰਡ ’ਚ ਗੂੰਜਦੀਆਂ ਸਨ, ਪਰ ਅਖ਼ਬਾਰ ਰਾਹੀਂ ਹਫ਼ਤਾ ਕੁ ਪਹਿਲਾਂ ਹੀ ਸ਼ਰੇਆਮ ਸਮਾਂ ਅਤੇ ਸਥਾਨ ਮਿਥ ਕੇ ਇੱਕ ਦਹਿਸ਼ਤ ਦਾ ਪ੍ਰਛਾਂਵਾਂ ਬਣ ਕੇ ਉੱਭਰ ਰਹੇ ਐਸ.ਐਸ.ਪੀ. ਨੂੰ ਲਲਕਾਰਨਾ ਇੱਕ ਅਸਲੋਂ ਹੀ ਨਿਵੇਕਲੀ ਉਦਾਹਰਨ ਸੀ। ਇਹ ਕੋਈ ਸਿੱਧ ਪੱਧਰੀ ਜਟਕਾ ਵੰਗਾਰ ਨਹੀਂ ਸੀ ਤੇ ਨਾ ਹੀ ਇਹ ਇਕੱਲੀ ਇੱਕ ਜ਼ਿਲ੍ਹੇ ਦੀ ਪੁਲਿਸ ਨੂੰ ਲਲਕਾਰ ਹੀ ਸੀ। ਇਹ ਚੈਲਿੰਜ ਸਿੱਧਾ ਦਿੱਲੀ ਦੀ ਉਸ ਜਾਬਰ ਹਕੂਮਤ ਨੂੰ ਸੀ, ਜਿਹੜੀ ਕਿ ਸਿੱਖ ਸੰਘਰਸ਼ ਨੂੰ ‘ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਹਿੰਸਾ’ ਕਹਿ ਕੇ ਕੁਚਲ ਦੇਣ ਦੇ ਦਮਗਜ਼ੇ ਨਿੱਤ ਦਿਹਾੜੇ ਹੀ ਮਾਰ ਰਹੀ ਸੀ।

ਇਸ ਸਭ ਕਾਸੇ ਤੋਂ ਭਾਈ ਧਰਮ ਸਿੰਘ ਕਾਸ਼ਤੀਵਾਲ਼ ਵੀ ਅਣਭੋਲ ਨਹੀਂ ਸੀ। ਉਸ ਨੂੰ ਭਾਰਤੀ ਹਕੂਮਤ ਅਤੇ ਫੋਰਸਾਂ ਦੀ ਤਾਕਤ ਦਾ ਵੀ ਠੀਕ-ਠੀਕ ਅੰਦਾਜ਼ਾ ਸੀ। ਦੁਸ਼ਮਣ ਕੋਲ਼ ਹਰ ਤਰ੍ਹਾਂ ਦੇ ਆਧੁਨਿਕ ਸਾਜੋ ਸਮਾਨ ਮੌਜੂਦ ਹੋਣ ਦੀ ਹਕੀਕਤ ਉਹ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਬੁਲੇਟ ਪਰੂਫ਼ ਜੈਕਟਾਂ, ਬੁਲੇਟ ਪਰੂਫ਼ ਗੱਡੀਆਂ ਤੇ ਮਾਰਟਰ ਗੰਨਾਂ ਨਾਲ਼ ਲੈਸ ਪੁਲਿਸ ਫ਼ੋਰਸਾਂ ਲਈ ਕਿਸੇ ਪਿੰਡ ਨੂੰ ਚਾਰ-ਚੁਫੇਰਿਓਂ ਘੇਰ ਲੈਣਾ ਅਤੇ ਲੰਮੇ ਸਮੇਂ ਲਈ ਘੇਰੀ ਰੱਖਣਾ ਕਿੰਨਾ ਅਸਾਨ ਹੈ। ਉਸ ਨੂੰ ਇਹ ਵੀ ਪਤਾ ਸੀ ਕਿ ਲੋੜ ਪੈਣ ਉੱਤੇ ਫੋਰਸਾਂ ਦੀ ਮਦਦ ਲਈ ਹੈਲੀਕਾਪਟਰ ਵੀ ਆ ਜਾਣੇ ਕੋਈ ਵੱਡੀ ਗੱਲ ਨਹੀਂ ਹੋਣੀ; ਪਰ ਭਾਰਤੀ ਹਕੂਮਤ ਦੇ ਵਰਦੀਧਾਰੀ ਜੱਲਾਦਾਂ ਨੇ ਸਿੱਖ ਸੰਘਰਸ਼ ਨਾਲ਼ ਜੁੜੀ ਲੋਕ ਮਾਨਸਿਕਤਾ ਉੱਪਰ ਜਿਹੜਾ ਮਨੋਵਿਿਗਆਨਕ ਦਹਿਲ ਬਿਠਾਉਣ ਦੀ ਰਣਨੀਤੀ ਅਮਲ ਵਿੱਚ ਲਿਆਉਣੀ ਅਰੰਭ ਦਿੱਤੀ ਸੀ, ਉਸ ਦਾ ਢੁਕਵਾਂ ਜਵਾਬ ਦੇਣ ਲਈ ਇਹ ਕਦਮ ਪੁੱਟਣਾ ਕਿੰਨਾ ਜ਼ਰੂਰੀ ਸੀ, ਇਹ ਅਨੁਭਵ ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੂੰ ਹੋ ਗਿਆ ਸੀ ਤੇ ਉਸ ਨੇ ਇਹ ਕਦਮ ਆਪਣਾ ਸਿਰ ਤਲ਼ੀ ’ਤੇ ਧਰ ਕੇ ਚੁੱਕਿਆ ਸੀ।

ਮਿਥੇ ਹੋਏ ਦਿਨ 12 ਫ਼ਰਵਰੀ 1989 ਤੋਂ ਪਹਿਲਾਂ 11 ਤਰੀਕ ਦੀ ਰਾਤ ਨੂੰ ਹੀ ਭਾਈ ਧਰਮ ਸਿੰਘ ਆਪਣੇ ਬੱਬਰ ਸਾਥੀਆਂ ਨਾਲ਼ ਕਾਸ਼ਤੀਵਾਲ਼ ਪਹੁੰਚ ਗਿਆ। ਪਿੰਡ ਵਿੱਚ ਦਾਖ਼ਲ ਹੋਣ ਵਾਲ਼ੇ ਰਾਹਾਂ ’ਤੇ ਜੰਗੀ ਰਣਨੀਤੀ ਅਨੁਸਾਰ ਬਰੂਦ ਲਾ ਦਿੱਤਾ ਗਿਆ ਤੇ ਸਿੰਘ ਤਾਇਨਾਤ ਕਰ ਦਿੱਤੇ ਗਏ। 12 ਫ਼ਰਵਰੀ 1989 ਦਾ ਸੂਰਜ ਚੜ੍ਹਨ ਤਕ ਬੱਬਰਾਂ ਦਾ ਇਹ ਨਿੱਕਾ ਜਿਹਾ ਗਰੁੱਪ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਕੇ ਪੁਲੀਸ ਫ਼ੋਰਸਾਂ ਅਤੇ ਗੋਬਿੰਦ ਰਾਮ ਦੀ ਉਡੀਕ ਕਰ ਰਿਹਾ ਸੀ। ਚੜ੍ਹਦੇ ਸੂਰਜ ਦੀ ਲੋਅ ਦੇ ਨਾਲ਼ ਹੀ ਭਾਈ ਧਰਮ ਸਿੰਘ ਕਾਸ਼ਤੀਵਾਲ਼ ਅਤੇ ਸਾਥੀ ਸਿੰਘਾਂ ਨੇ ਅਕਾਸ਼ ਗੁੰਜਾਊ ਸੁਰ ਵਿੱਚ ਜੈਕਾਰੇ ਛੱਡਣੇ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਣੇ ਅਰੰਭ ਕਰ ਦਿੱਤੇ। ਇਸ ਨਾਲ਼ ਵੀ ਜਦੋਂ ਕਿਸੇ ਪਾਸਿਓਂ ਪੁਲੀਸ ਦੀ ਗੱਡੀ ਦੀ ਘੂਕ ਸੁਣਾਈ ਨਾ ਦਿੱਤੀ ਤਾਂ ਫਿਰ ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੇ ਲਾਊਡ ਸਪੀਕਰ ਰਾਹੀਂ ਗੋਬਿੰਦ ਰਾਮ ਅਤੇ ਪੁਲਿਸ ਫੋਰਸਾਂ ਨੂੰ ਲਲਕਾਰਨਾ ਅਰੰਭ ਕਰ ਦਿੱਤਾ ਤੇ ਨਾਲ਼ ਹੀ ਹਵਾਈ ਫ਼ਾਇਰ ਕਰ ਕੇ ਆਪਣੀ ਜੁਝਾਰੂ ਹੋਂਦ ਦਾ ਅਹਿਸਾਸ ਕਰਵਾਉਣਾ ਅਰੰਭਿਆ।

ਹੁਣ ਕਾਸ਼ਤੀਵਾਲ਼ ਪਿੰਡ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਨੇ ਪੁਲਸੀਆ ਜੀਪਾਂ ਦੇ ਕਾਫ਼ਲੇ ਪੂਰੀ ਤੇਜ਼ੀ ਨਾਲ਼ ਕਾਸ਼ਤੀਵਾਲ਼ ਪਿੰਡ ਵੱਲ ਵਧਦੇ ਵੀ ਵੇਖੇ, ਪਰ ਕਾਸ਼ਤੀਵਾਲ਼ ਪਿੰਡ ਦੀ ਹੱਦ ਕੋਲ਼ ਜਾਂਦਿਆਂ ਹੀ ਹਰ ਇੱਕ ਪੁਲਸੀਆ ਗੱਡੀ ਦੇ ਡਰਾਈਵਰ ਦੇ ਕੰਬਦੇ ਪੈਰ ਦਾ ਸਾਰਾ ਭਾਰ ਬਰੇਕ ’ਤੇ ਪੈ ਜਾਂਦਾ ਤੇ ਚੀਂ ਚੀਂ ਕਰਦੀ ਹਰੇਕ ਗੱਡੀ ਦੇ ਪਹੀਏ ਜਾਮ ਹੋ ਜਾਂਦੇ। ਕਿਸੇ ਦੀ ਵੀ ਕਾਸ਼ਤੀਵਾਲ਼ ਦੀ ਜੂਹ ਵਿੱਚ ਵੜਨ ਦੀ ਹਿੰਮਤ ਨਾ ਪਈ; ਭਾਈ ਧਰਮ ਸਿੰਘ ਬੱਬਰ ਦੀ ਅਗਵਾਈ ਵਿੱਚ ਜੁਝਾਰੂ ਸਿੰਘ ਸਾਰਾ ਦਿਨ ਕਾਸ਼ਤੀਵਾਲ਼ ਪਿੰਡ ਦੀਆਂ ਜੂਹਾਂ ਵਿੱਚ ਬੁੱਕਦੇ ਰਹੇ, ਗੋਬਿੰਦ ਰਾਮ ਪੁਲੀਸ ਦੇ ਹੈੱਡਕੁਆਰਟਰ ’ਚੋਂ ਹੀ ਬਾਹਰ ਨਾ ਨਿਕਲ਼ਿਆ। ਕਿਸੇ ਅਨਹੋਣੀ ਦੇ ਖ਼ਦਸ਼ੇ ’ਚ ਸਹਿਮੇ ਆਮ ਲੋਕਾਂ ਦੇ ਚਿਹਰਿਆਂ ਤੋਂ ਵੀ ਹੌਲ਼ੀ-ਹੌਲ਼ੀ ਖ਼ੌਫ਼ ਉੱਡ ਗਿਆ ਤੇ ਫਿਰ ਮੁਸਕਰਾਹਟ ਤੈਰਨ ਲੱਗੀ; ਉਹਨਾਂ ’ਚੋਂ ਕਈ ਘਰਾਂ ਦੇ ਦਰ ਖੁੱਲ੍ਹੇ ਤੇ ਫਿਰ ਆਮ ਲੋਕ ਬੱਬਰਾਂ ਦੇ ਉਸ ਸਿਰਲੱਥ ਜਥੇ ਦੇ ਨਾਲ਼ ਤੁਰੇ ਫਿਰਦੇ ਵੀ ਦਿਸਣ ਲੱਗੇ, ਜਿਹੜਾ ਕਾਸ਼ਤੀਵਾਲ਼ ਪਿੰਡ ਦੀਆਂ ਜੂਹਾਂ ਵਿੱਚ ਖਲੋ ਕੇ ਲਾਲ ਕਿਲ੍ਹੇ ਨੂੰ ਲਲਕਾਰ ਰਿਹਾ ਸੀ। ਹਿੰਦ ਹਕੂਮਤ ਦੀਆਂ ਵਫ਼ਾਦਾਰ ਫੋਰਸਾਂ ਦੇ ਜਰਨੈਲ ਘੁਰਨਿਆਂ ’ਚ ਜਾ ਲੁਕੇ ਸਨ। ਸਾਰਾ ਦਿਨ ਉਡੀਕ ਕਰਨ ਤੋਂ ਬਾਅਦ ਬੱਬਰਾਂ ਨੇ ਕਾਸ਼ਤੀਵਾਲ਼ ਪਿੰਡ ਦੇ ਕਈ ਘਰਾਂ ਦੇ ਬਨੇਰਿਆਂ ’ਤੇ ‘ਖ਼ਾਲਿਸਤਾਨ’ ਦੇ ਝੰਡੇ ਲਹਿਰਾ ਦਿੱਤੇ। ਇਹ ਸਵਾ ਲੱਖ ਨਾਲ਼ ਇੱਕ ਲੜਨ ਵਾਲ਼ੇ ਖ਼ਾਲਸੇ ਦੀ ਦਿੱਲੀ ਦੀਆਂ ਜਾਬਰ ਧਾੜਾਂ ਉੱਪਰ ਫ਼ਤਹਿ ਦਾ ਸੰਕੇਤਕ ਐਲਾਨ ਸੀ। ਇੱਕ ਸਫਲ ਜਰਨੈਲ ਵਾਂਗ ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੇ ਆਪਣੇ ਜਾਂਬਾਜ਼ ਪੈਂਤੜੇ ਨਾਲ਼ ਭਾਰਤੀ ਹਕੂਮਤ ਦੀ ਲੋਕ ਮਾਨਸਿਕਤਾ ਵਿੱਚ ਦਹਿਲ ਪੈਦਾ ਕਰਨ ਦੀ ਰਣਨੀਤੀ ਤਾਰ-ਤਾਰ ਕਰ ਸੁੱਟੀ ਸੀ। ਗੋਬਿੰਦ ਰਾਮ ਸ਼ਰਮ ਤੇ ਡਰ ਕਾਰਨ ਇਸ ਘਟਨਾ ਤੋਂ 10 ਦਿਨ ਬਾਅਦ ਤਕ ਵੀ ਕਾਸ਼ਤੀਵਾਲ਼ ਪਿੰਡ ’ਚ ਵੜਨ ਦੀ ਜੁਰਅਤ ਪੈਦਾ ਨਾ ਕਰ ਸਕਿਆ। ਉਸ ਦੇ ਨਾਲ਼-ਨਾਲ਼ ਹਕੂਮਤ ਦੀ ਵੀ ਕਿਰਕਿਰੀ ਹੋ ਚੁੱਕੀ ਸੀ। ਭਾਈ ਧਰਮ ਸਿੰਘ ਕਾਸ਼ਤੀਵਾਲ਼ ਨੇ ਇੱਕ ਸਿੰਘ ਦੇ ਨਾਲ਼-ਨਾਲ਼ ਇੱਕ ਜਰਨੈਲ ਦਾ ਧਰਮ ਵੀ ਨਿਭਾ ਕੇ ਲੋਕ ਮਨਾਂ ਵਿੱਚ ਪੁਲੀਸ ਦੀ ਦਹਿਸ਼ਤ ਕੱਢ ਕੇ ਵਗਾਹ ਮਾਰੀ। 

-ਮੰਗਤ ਸਿੰਘ ਸੈਦਪੁਰ ਸੰਪਰਕ : 70877-76975

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News