Nazrana Times

ਪੰਜਾਬੀ

ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ ਆਰਸੀਐੱਫ ਵਿੱਚ ਤਿੰਨ ਰੋਜ਼ਾ 32ਵਾਂ ਸਭਿਆਚਾਰਕ ਦੀਵਾਲੀ ਮੇਲਾ 2 ਨਵੰਬਰ ਤੋਂ ਸ਼ੁਰੂ

01 Nov, 2026 09:29 PM

ਹਰਵਿੰਦਰ ਸੰਧੂ ਨਾਈਟ, ਗਤਕਾ ਪ੍ਰਦਰਸ਼ਨ ਅਤੇ ਭੰਗੜਾ ਰਹਿਣਗੇ ਮੁੱਖ ਆਕਰਸ਼ਣ

ਬੱਚਿਆਂ ਲਈ ਲੱਗਣਗੇ ਝੂਲੇ, ਖਰੀਦਦਾਰੀ ਲਈ ਸਜਣਗੀਆਂ ਆਕਰਸ਼ਕ ਦੁਕਾਨਾਂ

ਕਪੂਰਥਲਾ, 1 ਨਵੰਬਰ, ਗੌਰਵ ਮੜੀਆ।

ਉੱਤਰੀ ਭਾਰਤ ਦੀ ਪ੍ਰਸਿੱਧ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ 2 ਤੋਂ 4 ਨਵੰਬਰ 2026 ਤੱਕ ਕਰਵਾਏ ਜਾਣ ਵਾਲੇ ਤਿੰਨ ਰੋਜ਼ਾ 32ਵੇਂ ਸਭਿਆਚਾਰਕ ਦੀਵਾਲੀ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਰਕਰ ਕਲੱਬ ਦੇ ਵਿਹੜੇ ਵਿੱਚ ਹਰ ਰੋਜ਼ ਸ਼ਾਮ 7 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਸਭਿਆਚਾਰਕ ਮੇਲੇ ਲਈ ਪੂਰੇ ਕੰਪਲੈਕਸ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਮੇਲੇ ਦੌਰਾਨ ਜਿੱਥੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ, ਉੱਥੇ ਹੀ ਗਤਕੇ ਦੀਆਂ ਦਿਲਚਸਪ ਪੇਸ਼ਕਾਰੀਆਂ, ਲਾਈਵ ਗਾਇਕੀ ਅਤੇ ਭੰਗੜਾ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਹੋਣਗੇ।

ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਰਕਰ ਕਲੱਬ ਦੇ ਸਕੱਤਰ ਭਰਤ ਰਾਜ ਨੇ ਦੱਸਿਆ ਕਿ ਆਰਸੀਐੱਫ ਪਰਿਵਾਰ ਦੀ ਸਭਿਆਚਾਰਕ ਵਿਰਾਸਤ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸੁਰੱਖਿਆ, ਸਜਾਵਟ ਅਤੇ ਹੋਰ ਲੋੜੀਂਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਲੋਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਨਾਲ ਜੋੜਨਾ ਅਤੇ ਪਰਿਵਾਰਾਂ ਨੂੰ ਇਕੱਠੇ ਬੈਠ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 2 ਨਵੰਬਰ, ਸੋਮਵਾਰ ਨੂੰ ਸ਼ਾਨਦਾਰ ਉਦਘਾਟਨ ਸਮਾਗਮ ਹੋਵੇਗਾ। ਇਸ ਮੌਕੇ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਵੱਲੋਂ ਗਤਕੇ ਦੀਆਂ ਹੈਰਾਨੀਜਨਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਆਰਸੀਐੱਫ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜੋ ਦਰਸ਼ਕਾਂ ਦਾ ਮਨ ਮੋਹਣਗੇ।

ਮੇਲੇ ਦੇ ਦੂਜੇ ਦਿਨ 3 ਨਵੰਬਰ, ਮੰਗਲਵਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਹਰਵਿੰਦਰ ਸੰਧੂ ਦੀ ਵਿਸ਼ੇਸ਼ ਪੇਸ਼ਕਾਰੀ 'ਹਰਵਿੰਦਰ ਸੰਧੂ ਨਾਈਟ' ਮੁੱਖ ਆਕਰਸ਼ਣ ਰਹੇਗੀ। ਇਸ ਦੌਰਾਨ ਗਾਇਕ ਹਰਵਿੰਦਰ ਸੰਧੂ ਆਪਣੀ ਲਾਈਵ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਮੇਲੇ ਦੇ ਮਾਹੌਲ ਨੂੰ ਸੰਗੀਤਮਈ ਬਣਾਉਣਗੇ।

ਮੇਲੇ ਦੇ ਆਖ਼ਰੀ ਦਿਨ 4 ਨਵੰਬਰ, ਬੁੱਧਵਾਰ ਨੂੰ ਮੁੰਡੇ ਰੁੜਕੇ ਵਾਲੇ ਭੰਗੜਾ ਗਰੁੱਪ ਵੱਲੋਂ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵਰਕਰ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮਾਂ ਨਾਲ ਤਿੰਨ ਰੋਜ਼ਾ ਮੇਲੇ ਦੀ ਸਮਾਪਤੀ ਹੋਵੇਗੀ।

ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਮੇਲੇ ਵਿੱਚ ਮਨੋਰੰਜਨ, ਖਰੀਦਦਾਰੀ ਅਤੇ ਖਾਣ-ਪੀਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬੱਚਿਆਂ ਅਤੇ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਝੂਲੇ, ਖੇਡਾਂ ਅਤੇ ਖਿਡੌਣਿਆਂ ਦੇ ਸਟਾਲ ਲਗਾਏ ਜਾਣਗੇ। ਇਸੇ ਤਰ੍ਹਾਂ ਦੀਵਾਲੀ ਦੀ ਖਰੀਦਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਜਾਵਟੀ ਸਾਮਾਨ, ਕੱਪੜਿਆਂ ਅਤੇ ਹਸਤਕਲਾ ਨਾਲ ਸਬੰਧਤ ਵਸਤਾਂ ਦੀਆਂ ਦੁਕਾਨਾਂ ਵੀ ਸਜਾਈਆਂ ਜਾਣਗੀਆਂ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨਾਂ, ਸਟ੍ਰੀਟ ਫੂਡ ਅਤੇ ਰਵਾਇਤੀ ਮਠਿਆਈਆਂ ਦੇ ਸਟਾਲ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ।

ਵਰਕਰ ਕਲੱਬ ਅਤੇ ਆਰਸੀਐੱਫ ਐਂਪਲਾਈਜ਼ ਯੂਨੀਅਨ ਵੱਲੋਂ ਆਰਸੀਐੱਫ ਦੇ ਵਸਨੀਕਾਂ ਅਤੇ ਕਪੂਰਥਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਇਸ ਤਿੰਨ ਰੋਜ਼ਾ ਸਭਿਆਚਾਰਕ ਦੀਵਾਲੀ ਮੇਲੇ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਹ ਮੇਲਾ ਲੋਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਸਭਿਆਚਾਰ, ਰਵਾਇਤਾਂ ਅਤੇ ਆਪਸੀ ਸਾਂਝ ਨਾਲ ਜੋੜਨ ਦਾ ਇੱਕ ਸੁਨਹਿਰੀ ਮੌਕਾ ਹੈ।

Latest News