Nazrana Times

ਪੰਜਾਬੀ

ਗੁਰ-ਇਤਿਹਾਸ ਦੀ ਪੇਸ਼ਕਾਰੀ ਵਿੱਚ ਸ਼ਰਧਾ ਤੇ ਸਤਿਕਾਰ ਕਾਇਮ ਰੱਖਿਆ ਜਾਵੇ : ਜਥੇਦਾਰ ਗੁਰਨਾਮ ਸਿੰਘ ਬੰਡਾਲਾ

01 Nov, 2026 05:49 PM

ਅੰਮ੍ਰਿਤਸਰ, 1 ਨਵੰਬਰ , ਭਾਈ ਰਣਜੀਤ ਸਿੰਘ ਖਾਲਸਾ

ਦਮਦਮੀ ਟਕਸਾਲ ਦੇ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਇੱਕ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਿਖਾਰੀ ਸਤਬੀਰ ਸਿੰਘ ਦੀ ਇਤਿਹਾਸਕ ਪੇਸ਼ਕਾਰੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚੋਂ ਸ਼ਰਧਾ, ਵੈਰਾਗ, ਪ੍ਰੇਮ, ਅਣਖ ਅਤੇ ਗ਼ੈਰਤ ਦੀ ਭਾਵਨਾ ਨੂੰ ਕਮਜ਼ੋਰ ਕਰਨ ਵਾਲੀਆਂ ਲਿਖਤਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਜਥੇਦਾਰ ਬੰਡਾਲਾ ਨੇ ਕਿਹਾ ਕਿ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਵੱਲੋਂ ਸਤਬੀਰ ਸਿੰਘ ਦੀਆਂ ਇਤਿਹਾਸਕ ਲਿਖਤਾਂ ਨੂੰ ਸਹੀ ਮੰਨਣ ਨਾਲ ਉਹ ਸਹਿਮਤ ਨਹੀਂ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਗੁਰ-ਇਤਿਹਾਸ ਦੀ ਵਿਆਖਿਆ ਕਰਦਿਆਂ ਲਿਖਤੀ ਹਵਾਲਿਆਂ ਦੇ ਨਾਲ ਗੁਰਮਤਿ ਦੀ ਸਮਝ, ਆਤਮਿਕ ਅਵਸਥਾ ਅਤੇ ਸੰਪਰਦਾਈ ਪਰੰਪਰਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਖ਼ਾਸ ਤੌਰ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਨਾਥ ਦੱਸਣ ਅਤੇ ਬਾਸਰਕੇ ਵਿਖੇ ਨਾਨੀ ਵੱਲੋਂ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤੇ ਜਾਣ ਵਾਲੇ ਬਿਰਤਾਂਤ ਨਾਲ ਅਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਨੇ ਵੀ ਸਤਬੀਰ ਸਿੰਘ ਦੀਆਂ ਕੁਝ ਇਤਿਹਾਸਕ ਲਿਖਤਾਂ ਦਾ ਸਖ਼ਤ ਸ਼ਬਦਾਂ ਵਿੱਚ ਖੰਡਨ ਕੀਤਾ ਸੀ ਅਤੇ ਉਨ੍ਹਾਂ ਨੂੰ ਮਨਘੜਤ ਕਰਾਰ ਦਿੱਤਾ ਸੀ।ਜਥੇਦਾਰ ਬੰਡਾਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਸੋਢੀ ਬੰਸ ਲਾਹੌਰ ਦਾ ਮੰਨਿਆ-ਪ੍ਰਮੰਨਿਆ ਖ਼ਾਨਦਾਨ ਸੀ। ਉਨ੍ਹਾਂ ਅਨੁਸਾਰ ਗੁਰੂ ਜੀ ਦੀ ਉਮਰ ਲਗਭਗ ਸੱਤ ਸਾਲ ਸੀ, ਜਦੋਂ ਪਿਤਾ ਜੀ ਭਾਈ ਹਰਿਦਾਸ ਜੀ ਅਕਾਲ ਚਲਾਣਾ ਕਰ ਗਏ ਸਨ, ਜਦਕਿ ਮਾਤਾ ਦਇਆ ਕੌਰ ਜੀ ਨੇ ਲੰਮੀ ਉਮਰ ਭੋਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੂੰ ਮਾਤਾ ਜੀ ਦੀ ਸਿਹਤ ਦਾ ਪਤਾ ਲੈਣ ਲਈ ਭੇਜਦੇ ਰਹੇ ਸਨ। ਉਨ੍ਹਾਂ ਮਾਤਾ ਜੀ ਨੂੰ ‘ਸੁਖਮਨਾ ਸਾਹਿਬ’ ਦੀ ਬਾਣੀ ਸੁਣਾਉਣ ਅਤੇ ਉਸ ਨਾਲ ਉਨ੍ਹਾਂ ਦੀਆਂ ਅੱਖਾਂ ਠੀਕ ਹੋਣ ਦਾ ਬਿਰਤਾਂਤ ਵੀ ਆਪਣੇ ਬਿਆਨ ਵਿੱਚ ਦਰਸਾਇਆ। ਉਨ੍ਹਾਂ ਕਿਹਾ ਕਿ ਸੰਗਤ ਨੂੰ ਭਾਵੁਕ ਕਰਨ ਲਈ ਗੁਰੂ ਸਾਹਿਬ ਨੂੰ ਅਨਾਥ ਅਤੇ ਬੇਸਹਾਰਾ ਦੱਸ ਕੇ ਪੇਸ਼ ਕਰਨਾ ਉਨ੍ਹਾਂ ਦੇ ਸਤਿਕਾਰ ਅਨੁਸਾਰ ਢੁੱਕਵਾਂ ਨਹੀਂ ਹੈ। ਉਨ੍ਹਾਂ ਇਸ ਵਿਸ਼ੇ ਬਾਰੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਪਾਸੋਂ ਵੀ ਸਪੱਸ਼ਟੀਕਰਨ ਲੈਣ ਦੀ ਗੱਲ ਆਖੀ। ਅਖੀਰ ਵਿੱਚ ਜਥੇਦਾਰ ਬੰਡਾਲਾ ਨੇ ਗਿਆਨੀ ਪਿੰਦਰਪਾਲ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਦੇ ਜਤ, ਸਤ, ਤਪ ਅਤੇ ਉਨ੍ਹਾਂ ਦੇ ਬਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਿਸ਼ੇ ਉੱਤੇ ਮੁੜ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਗੁਰ-ਇਤਿਹਾਸ ਦੀ ਪੇਸ਼ਕਾਰੀ ਸਬੰਧੀ ਮਤਭੇਦਾਂ ਨੂੰ ਪ੍ਰਮਾਣਿਕ ਹਵਾਲਿਆਂ ਅਤੇ ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ।

Latest News