ਟਾਕਾਨੀਨੀ ਹਾਦਸੇ ਵਿੱਚ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਿੱਖ ਤੇ ਮਾਓਰੀ ਭਾਈਚਾਰੇ ਨੇ ਕੀਤੀ ਅਰਦਾਸ ਤੇ ਕਰਾਕੀਆ
ਆਕਲੈਂਡ, ਨਿਊਜ਼ੀਲੈਂਡ (ਤਰਨਜੋਤ ਸਿੰਘ)
ਨਿਊਜ਼ੀਲੈਂਡ ਦੇ ਟਾਕਾਨੀਨੀ ਵਿਖੇ ਬਰਗਰਫਿਊਲ ਰੈਸਟੋਰੈਂਟ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਪੰਜਾਬੀਆਂ ਦੀ ਯਾਦ ਵਿੱਚ ਅੱਜ ਸਵੇਰੇ ਸਿੱਖ ਅਤੇ ਮਾਓਰੀ ਭਾਈਚਾਰੇ ਵੱਲੋਂ ਸਾਂਝੇ ਤੌਰ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਸਵੇਰੇ 6 ਵਜੇ ਗ੍ਰੇਟ ਸਾਊਥ ਰੋਡ ਵਿਖੇ ਹੋਏ ਇਸ ਸਮਾਗਮ ਦੌਰਾਨ ਮਾਓਰੀ ਭਾਈਚਾਰੇ ਦੇ ਮਾਤੁਆ ਟੈਡ ਨਗਾਤਾਕੀ ਵੱਲੋਂ ਕਰਾਕੀਆ ਦੀ ਰਸਮ ਨਿਭਾਈ ਗਈ। ਇਸ ਉਪਰੰਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਅਰਦਾਸੀਏ ਸਿੰਘ ਵੱਲੋਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸਥਾਨਕ ਸੰਸਦ ਮੈਂਬਰ ਐਮਾ ਚੈਟਰਟਨ, ਕੌਂਸਲਰ ਡੈਨੀਅਲ ਨਿਊਮੈਨ, ਮਾਓਰੀ ਆਗੂਆਂ, ਪੁਲਿਸ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਪੰਜਾਬੀ
ਸੁਖਦੀਪ ਸਿੰਘ (33) , ਸੁਖਵੀਰ ਕੌਰ (29) , ਗੁਰਪ੍ਰੀਤ ਸਿੰਘ (38)
ਇਹ ਤਿੰਨੇ 8 ਨਵੰਬਰ ਦੀ ਰਾਤ ਦੀਵਾਲੀ ਸਮਾਗਮ ਉਪਰੰਤ ਮਾਨੂਰੇਵਾ ਦੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਤਾਕਾਨਿਨੀ ਵਿਖੇ ਬਰਗਰਫਿਊਲ ਰੈਸਟੋਰੈਂਟ ਨਾਲ ਟਕਰਾ ਗਈ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਵਿਚੋਂ ਪਿਛੋਕੜ ਗੁਰਪ੍ਰੀਤ ਸਿੰਘ ਦੇ ਪਿੰਡ ਦੀ ਹੀ ਨਵਜੋਤ ਕੌਰ ਵੀ ਇਸ ਸ਼ਰਧਾਂਜਲੀ ਸਮਾਗਮ ਵਿੱਚ ਮੌਜੂਦ ਸੀ ਅਤੇ ਉਸਨੇ ਦਸਿਆ ਕਿ ਮ੍ਰਿਤਕਾਂ ਦੇ ਉਸ ਨਾਲ ਪਰਿਵਾਰ ਵਾਂਗ ਸੰਬੰਧ ਸਨ ਅਤੇ ਉਹ ਚੰਗੇ ਰਹਿਣ ਸਹਿਣ ਅਤੇ ਧਾਰਮਿਕ ਬਿਰਤੀ ਵਾਲੇ ਸਨ ਜੋ ਕਿ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣਾ ਉਹਨਾਂ ਦਾ ਨੇਮ ਸੀ । ਉਸਨੇ ਇਸ ਦੁਖਦਾਈ ਘਟਨਾ ਨੂੰ ਕੁਦਰਤ ਦਾ ਕਹਿਰ ਹੀ ਆਖਿਆ ।
ਟਾਕਾਨੀਨੀ ਗੁਰਦੁਆਰਾ ਸਾਹਿਬ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਵੀ ਇਥੇ ਮੌਜੂਦ ਸਨ ਉਹਨਾਂ ਮਾਓਰੀ ਭਾਈਚਾਰੇ ਵਲੋਂ ਸਿੱਖ ਭਾਈਚਾਰੇ ਨਾਲ ਸਾਂਝੇ ਕੀਤੇ ਦੁੱਖ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਿਊਜ਼ੀਲੈਂਡ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਇਕ ਵਡਾ ਸੁਨੇਹਾ ਹੈ ।
Posted By: TARANJOT SINGH