Nazrana Times

ਪੰਜਾਬੀ

ਭਿੰਡਰਾਵਾਲੇ ਸੰਤਾਂ ਦੀ ਇੰਦਰਾ ਗਾਂਧੀ ਨੂੰ ਲਿਖੀ ਇਤਿਹਾਸਕ ਚਿੱਠੀ

20 Jan, 2025 05:30 AM

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਚਿੱਠੀ ਜੋ ਉਨ੍ਹਾਂ ਵਲੋਂ ਇੰਦਰਾ ਗਾਂਧੀ ਨੂੰ ਲਿਖੀ ਗਈ।

ੴ ਸਤਿਗੁਰ ਪ੍ਰਸਾਦਿ ॥

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥

ਰਾਜਨੀਤੀ ਪੱਖ ਤੋਂ ਹਿੰਦੁਸਤਾਨ ਦੀ ਪ੍ਰਮੁਖ ਸੇਵਾਦਾਰ, ਬੀਬੀ ਇੰਦਰਾ ਜੀ, ਤੁਹਾਡੇ ਬੋਲ਼ੇ ਕੰਨਾਂ ਤੱਕ, ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੋਂ ਦੁਖੀ ਸਿੱਖ ਹਿਰਦਿਆਂ ਦੀ ਅਵਾਜ਼ ਪਹੁੰਚਾਉਣ ਵਾਸਤੇ, ਚਿੱਠੀ ਦੁਆਰਾ ਮੈਂ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ। ਭਾਂਵੇ ਕਿ ‘ਬੋਲ਼ੇ ਕੰਨਾਂ’ ਦਾ ਅੱਖਰ ਸੁਣ ਕੇ ਤੁਹਾਨੂੰ ਕੁਝ ਮਹਿਸੂਸ ਹੋਵੇਗਾ, ਕਿ ਕਿਹੋ ਜਿਹੀ ਭਾਸ਼ਾ ਵਰਤੀ ਹੈ, ਪਰ ਮੈਂ ਬੋਲ਼ੇਪਣ ਦੀ ਸਿਧਤਾ ਵਾਸਤੇ ਕੁਝ ਵਿਚਾਰ ਦੱਸਣੇ ਜ਼ਰੂਰੀ ਸਮਝਦਾ ਹਾਂ, ਧਿਆਨ ਨਾਲ ਪੜ੍ਹ ਲੈਣਾ ।

ਹਿੰਦੂ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਲਾਲਾ ਜਗਤ ਨਰਾਇਣ ਦੀ ਮੌਤ ਦੀ ਇਨਕੁਆਰੀ ਤਿੰਨ ਦਿਨ ਵਿੱਚ ਹੋ ਜਾਂਦੀ ਹੈ, ਇਨਕੁਆਰੀ ਦਾ ਸਬੂਤ ਮੇਰੀ ਗ੍ਰਿਫਤਾਰੀ ਦਾ ਵਾਰੰਟ, ਪਰ ਸਿੱਖਾਂ ਦੇ ਇਸ਼ਟ ਨੂੰ ਅਤੇ ਸਿੱਖ ਕੌਮ ਦੀਆ ਬੱਸਾਂ ਦੇ ਰੂਪ ਵਿੱਚ ਇੱਕਤਰ ਕੀਤੀ ਹੋਈ ਸਮੱਗਰੀ ਦੀ ਬਰਬਾਦੀ ਅਤੇ ਚੰਦੋ ਕਲਾਂ ਦੀ ਤਿੰਨ ਲੱਖ ਦੀ ਲੁੱਟ-ਖਸੁੱਟ ਦੀ ਇਨਕੁਆਰੀ, ਸਰਕਾਰੀ ਅਫਸਰ ਦੁਆਰਾ ਰਿਟ ਕਰਵਾ ਕੇ ਬੰਦ ਕਰਵਾ ਦੇਣੀ, ਕਿਉਂਕਿ ਉੱਥੋਂ ਦੀ ਇਨਕੁਆਰੀ ਸਿੱਖ ਜੱਜ ਦੇ ਹੱਥ ਵਿੱਚ ਹੈ, ਜਦੋਂ ਕੇ ਮੇਰਾ ਕੇਸ ਇਕ ਹਿੰਦੂ ਜੱਜ ਪਾਸ ਲਗਵਾਇਆ ਗਿਆ, ਇਹ ਬੋਲੇਪਣ ਦੀ ਜਾਗਦੀ ਮਿਸਾਲ ਹੈ, ਕਿਉਂਕਿ ਕਿਸੇ ਸਿੱਖ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿ ਇਨਕੁਆਰੀ ਹਿੰਦੂ ਜੱਜ ਪਾਸ ਕਿਉਂ ?

ਬਹੁਗਿਣਤੀ ਦੇ ਲੋਕਾਂ ਵਿੱਚੋਂ ਲਾਲਾ ਜਗਤ ਨਰਾਇਣ ਦੀ ਲਾਸ਼ ਦਾ ਪੋਸਟ ਮਾਰਟਮ ਕਰਕੇ ਲਾਸ਼ ਰਮੇਸ਼ ਨੂੰ ਦਿੱਤੀ ਗਈ, ਪਰ 20 ਸਤੰਬਰ ਨੂੰ ਮਹਿਤਾ ਚੌਕ ਵਿਖੇ ਡੇਢ ਦਰਜਨ ਸ਼ਹੀਦ ਸਿੰਘਾਂ ਦੀਆ ਲਾਸ਼ਾਂ ਦਾ ਪੋਸਟ ਮਾਰਟਮ ਕਰਕੇ, ਇਕ ਵੀ ਸਰੀਰ ਵਾਰਸਾਂ ਨੂੰ ਵਾਪਿਸ ਨਹੀਂ ਕੀਤਾ, ਵਿਤਕਰੇ ਦੀ ਸਪੱਸ਼ਟ ਨਿਸ਼ਾਨੀ ਹੈ ।

ਕਿਸੇ ਵੀ ਹਿੰਦੂ ਨੇ ਹਿੰਦੀ ਬੋਲਣ ਵਾਸਤੇ, ਹਿੰਦੂ ਸੂਬਾ ਬਣਾਉਣ ਵਾਸਤੇ, ਹਿੰਦੂ ਧਾਰਮਿਕ ਮੰਦਰ ਉਪਰ ਗੱਡੀ ਦਾ ਨਾਮ ਰਖਵਾਉਣ ਵਾਸਤੇ, ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਜਾਂ ਆਪਣੇ ਧਾਰਮਿਕ ਚਿੰਨ੍ਹ ਨੂੰ ਅਪਣਾਉਣ ਵਾਸਤੇ, ਹਿੰਦੁਸਤਾਨ ਵਿੱਚ ਅਜ਼ਾਦੀ ਤੋਂ ਪਿੱਛੋਂ , ਦੱਸੋ ਕੋਈ ਇਕ ਵੀ ਹਿੰਦੂ ਨੇ ਜੇਲ੍ਹ ਕੱਟੀ ਹੈ ? ਪਰ ਇਸਦੇ ਉਲਟ ਸਿੱਖਾਂ ਨੂੰ ਪੰਜਾਬੀ ਬੋਲਣ ਵਾਸਤੇ, ਪੰਜਾਬੀ ਸੂਬਾ ਲੈਣ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਟਰਾਂਸਮੀਟਰ ਲਾਉਣ ਵਾਸਤੇ , ਧਾਰਮਿਕ ਅਸਥਾਨ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਅਤੇ ਆਪਣੇ ਧਾਰਮਿਕ ਚਿੰਨ੍ਹ ਨੂੰ ਪਰਪੱਕਤਾ ਸਹਿਤ ਧਾਰਨ ਕਰਨ ਵਾਸਤੇ, ਅਜ਼ਾਦੀ ਪਿੱਛੋਂ ਦੋ ਲੱਖ ਤੋਂ ਵੱਧ ਕੈਦ ਅਤੇ ਭਾਰੀ ਗਿਣਤੀ ਵਿੱਚ ਸ਼ਹੀਦੀਆਂ ਪਾ ਕੇ ਵੀ, ਤੁਹਾਡੇ ਬੋਲੇ ਕੰਨਾਂ ਤੱਕ ਅਵਾਜ਼ ਨਹੀਂ ਪੁੱਜੀ ।ਸਿੱਖ ਹਮੇਸ਼ਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਹੈ ਅਤੇ ਸਬਰ ਨਾਲ ਕਰਾਂਗੇ, ਪਰ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਕਿ ਜਦੋਂ ਸਬਰ ਦਾ ਪਿਆਲਾ ਭਰ ਜਾਵੇ, ਤਦੋਂ ਸਿੱਖ ਨੂੰ ਮਜਬੂਰ ਹੋ ਕਿ ਆਪਣਾ ਹੱਕ ਲੈਣ ਵਾਸਤੇ, ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥

ਦੇ ਅਨੁਸਾਰ ਚੱਲਣਾ ਪੈਦਾ ਹੈ। ਪਰ ਇਸ ਤੇ ਚੱਲਣ ਵਾਸਤੇ ਅਜੇ ਸਾਡਾ ਕੋਈ ਇਰਾਦਾ ਨਹੀਂ, ਪਰ ਜੇ ਕੁਰਸੀ ਦੇ ਨਸ਼ੇ ਵਿੱਚ ਇਸੇ ਤਰਾਂ ਹੀ ਸਿੱਖਾਂ ਨਾਲ ਅਤਿਆਚਾਰ ਹੁੰਦਾ ਰਿਹਾ, ਤਾਂ ਇਸ ਨੂੰ ਹੁਣ ਬਹੁਤ ਸਾਲ ਜਾਂ ਮਹੀਨੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਉਂਕਿ ਸ਼ਾਂਤੀਪੂਰਵਕ ਚੱਲਦਿਆਂ ਹੋਇਆਂ ਅਤੇ ਜ਼ੁਲਮ ਸਹਾਰਦਿਆਂ ਹੋਇਆਂ ਸਬਰ ਦਾ ਪਿਆਲਾ ਭਰ ਚੁੱਕਾ ਹੈ। ਜਦੋਂ ਕਿ ਸਾਡਾ ਪ੍ਰਚਾਰ ਹਿੰਦੂ ਨੂੰ ਪੱਕਾ ਹਿੰਦੂ ਬਣਾਉਣ ਵਾਸਤੇ ਪ੍ਰੇਰਨਾ ਕਰਨੀ, ਸਹੀ ਹਿੰਦੂ ਦੇ ਲੱਖਣ ਚੋਟੀ, ਸੋਟੀ, ਟੋਪੀ,ਧੋਤੀ (ਨੰਦੀਦਾਰ), ਜਨੇਊ , 12 ਤਿਲਕ (ਮੱਥਾ, ਨੱਕ, ਠੋਢੀ, ਮੋਢੇ,ਛਾਤੀ, ਗੱਲਾਂ,ਕੰਨ, ਗਿੱਚੀ ਅਤੇ ਤਾਲੂ ਆਦਿ ਵਿੱਚ) ਗੀਤਾ ਦਾ ਪਾਠੀ, ਸ਼ਿਵਲਿੰਗ ਦੀ ਚਰਨਾਮਤ ਅਤੇ ਸ਼ਿਵ ਦੁਆਰੇ ਟੱਲੀਆਂ ਖੜਕਾਵੇ ਅਤੇ ਜਗਤ ਜੂਠ (ਤਮਾਕੂ ) ਨਾ ਵਰਤੇ, ਉਸ ਹਿੰਦੂ ਨੂੰ ਅਸੀਂ ਭਰਾ ਸਮਝਦੇ ਹਾਂ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਆਪਣੇ ਧਰਮ ਵਿੱਚ ਪੱਕਾ ਹੋਵੇ, ਇਹ ਸਾਡਾ ਪ੍ਰਚਾਰ ਹੈ, ਪਰ ਐਸਾ ਪ੍ਰਚਾਰ ਕਰਨ ਵਾਲੇ ਨੂੰ ਅੱਤਵਾਦੀ ਕਹਿਣਾ ਕਿੱਥੋਂ ਕੁ ਤੱਕ ਸਚਾਈ ਹੈ ? ਹਕੂਮਤ ਦੇ ਨਸ਼ੇ ਵਿੱਚ ਸਿੱਖਾਂ ਨੂੰ ਮੁਕਾਉਣ ਦਾ ਯਤਨ ਕਰਦੇ ਹੋਏ, ਬਹੁਤ ਹੋ ਗੁਜ਼ਰੇ ਹਨ ਅਤੇ ਹਕੂਮਤ ਵਾਲੇ ਲੋਕਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ, ਜੇ ਉਸੇ ਤਰੁਾਂ ਹੀ ਜ਼ੁਲਮ ਤੇ ਅਤਿਆਚਾਰ ਜਾਰੀ ਰੱਖਿਆਂ , ਤਾਂ ਤੁਹਾਡਾ ਵੀ ਕਦੇ ਉਹੀ ਹਸ਼ਰ ਨਾ ਹੋਵੇ, ਕਿਉਂਕਿ ਕੁਰਸੀ ਅਤੇ ਮਾਇਆ ਇਸਥਿਤ ਨਹੀਂ ਹੈ। ਗੁਰਬਾਣੀ ਦਾ ਫੁਰਮਾਨ ਹੈ:

ਇਹ ਮਾਇਆ ਕੀ ਸੋਭਾ......॥ ਕੋਊ ਹਰਿ ਸਮਾਨਿ ਨਹੀ ਰਾਜਾ....॥ ਨਾਂਗੇ ਪਾਵਹੁ ਤੇ ਗਏ......॥ ਰਾਵਣ ਹੂੰ ਤੇ ਅਧਿਕ ਛਤ੍ਰਪਤਿ....॥

ਸਿੱਖ ਲੜਕੀਆਂ ਨੂੰ ਨੰਗਿਆਂ ਕਰਕੇ ਉਸ ਦੇ ਪਿਤਾ ਨੂੰ ਉਪਰ ਪਾਉਣ, ਸਿੱਖ ਦੇ ਮੂੰਹ ਵਿੱਚ ਤਮਾਕੂ ਪਾਉਣਾ ਅਤੇ ਮੂੰਹ ਵਿੱਚ ਥੁੱਕਣਾ , ਪਟ ਚੀਰ ਕੇ ਲੂਣ ਪਾਉਣਾ, ਸਿੱਖਾਂ ਦੇ ਘਰਾਂ ਨੂੰ ਅੱਗ ਲਾਉਣੀ, ਸਿੱਖ ਲੜਕੀਆਂ ਤੇ ਕੇਸ ਚਲਾਉਣੇ, ਸਿੱਖ ਵਿਦਿਆਰਥੀਆਂ ਨੂੰ ਨਜ਼ਰਬੰਦ ਕਰਨਾ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਤਲ, ਮੁੱਖ ਮੰਤਰੀ ਪੰਜਾਬ, ਐਸ.ਪੀ.ਡੀ.ਆਰ. ਭੱਟੀ ਲੁਧਿਆਣਾ, ਡੀ.ਅਈ.ਜੀ. ਮਾਂਗਟ ਪਟਿਆਲਾ, ਅਤੇ ਇਹਨੁਾਂ ਦੇ ਸਾਥੀਆਂ ਨੂੰ, ਡੀ.ਸੀ. ਹੁਕਮ ਰੂਪੀ ਖੰਭਾਂ ਹੇਠ ਲੁਕਾਉਣਾ, ਬੋਲੇ ਤੇ ਗੁੰਗੇਪਣ ਦੀ ਪ੍ਰਤੱਖ ਮਿਸਾਲ ਹੈ । ਇਹ ਸੰਖੇਪ ਰੂਪ ‘ਚ ਦੱਸਿਆ ਹੈ । ਸਮਾਂ ਆਉਣ ‘ਤੇ ਵਿਸਥਾਰ ਸਹਿਤ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਬਾਰੇ ਦੱਸਾਂਗਾ ।

ਜਰਨੈਲ ਸਿੰਘ ਖਾਲਸਾ( 19-02-1983 )

Posted By: GURBHEJ SINGH ANANDPURI

Latest News

Loading…
Loading the web debug toolbar…
Attempt #