Nazrana Times

ਪੰਜਾਬੀ

ਭਾਈ ਪਰਵਿੰਦਰ ਸਿੰਘ ਝੋਟੇ ਦਾ ਸਰਕਾਰੀ ਤੇ ਸਿਆਸੀ ਕਤਲ

17 Oct, 2026 05:33 PM

ਭਾਈ ਪਰਵਿੰਦਰ ਸਿੰਘ ਝੋਟੇ ਨੂੰ ਮਰਵਾ ਕੇ ਹਕੂਮਤੀ ਸਿਸਟਮ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਓਗੇ ਤਾਂ ਇਸੇ ਤਰ੍ਹਾਂ ਮਾਰੇ ਜਾਓਗੇ। ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰਨਾ, ਪੰਜਾਬ ਦੇ ਪੁੱਤ ਖ਼ਤਮ ਕਰਨੇ ਹਨ। ਪਰ ਸਰਕਾਰ ਇਹ ਗੱਲ ਯਾਦ ਰੱਖੇ ਕਿ ਖਾੜਕੂਵਾਦ ਵੇਲੇ ਵੀ ਜਦੋਂ ਇੱਕ ਸਿੰਘ ਮਰਦਾ ਸੀ ਤਾਂ ਚਾਰ ਜਣੇ ਹੋਰ ਸ਼ਹੀਦ ਹੋਣ ਲਈ ਉੱਠ ਖੜ੍ਹਦੇ ਸਨ। ਪੰਜਾਬ ਦੇ ਲੋਕਾਂ ਅਤੇ ਜਵਾਨੀ ਨੇ ਚੁੱਪ ਕਰਕੇ ਨਹੀਂ ਬਹਿਣਾ; ਸੰਘਰਸ਼ ਜਾਰੀ ਰਹਿਣਾ ਹੈ। ਝੋਟੇ ਦਾ ਕਤਲ ਸਿਰਫ਼ ਅਸ਼ਵਨੀ ਕੁਮਾਰ ਨੇ ਨਹੀਂ, ਸਗੋਂ ਭਗਵੰਤ ਮਾਨ ਦੀ ਗੰਧਲੀ ਸਰਕਾਰ ਨੇ ਕੀਤਾ ਹੈ। ਪੰਜਾਬ ਦੇ ਲੋਕ ਇਸ ਦਾ ਬਦਲਾ ਜ਼ਰੂਰ ਲੈਣਗੇ। ਇੱਕ ਦੋਸ਼ੀ ਅਸ਼ਵਨੀ ਕੁਮਾਰ ਦੀ ਗ੍ਰਿਫ਼ਤਾਰੀ ਨਾਲ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਨਹੀਂ ਮਿਲਣਾ। ਇੱਥੇ ਪਤਾ ਨਹੀਂ ਅਸ਼ਵਨੀ ਵਰਗੇ ਕਿੰਨੇ ਨਸ਼ਿਆਂ ਦੇ ਸੌਦਾਗਰ ਤੁਰੇ ਫਿਰਦੇ ਹਨ, ਜਿਨ੍ਹਾਂ ਨੂੰ ਸਰਕਾਰਾਂ, ਮੰਤਰੀਆਂ ਅਤੇ ਪੁਲਿਸ ਦੀ ਸ਼ਹਿ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਜ਼ੋਰ ਲੱਗਿਆ ਪਿਆ ਹੈ ਕਿ ਅਣਖੀਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾਉਣਾ ਹੈ। 
ਪ੍ਰੋਫ਼ੈਸਰ ਪੂਰਨ ਸਿੰਘ ਨੇ ਲਿਖਿਆ ਸੀ ਕਿ “ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ।” ਪਰ ਅੱਜ ਸਰਕਾਰਾਂ ਗੁਰੂਆਂ, ਸੂਰਬੀਰਾਂ, ਸ਼ਹੀਦਾਂ ਅਤੇ ਯੋਧਿਆਂ ਦੇ ਪੰਜਾਬ ਨੂੰ ਨਸ਼ਿਆਂ ਰਾਹੀਂ ਖ਼ਤਮ ਕਰਨਾ ਚਾਹੁੰਦੀਆਂ ਹਨ। ਪਹਿਲਾਂ ਸਰਕਾਰ ਨੇ ਪੰਜਾਬ ਅਤੇ ਸਿੱਖ ਕੌਮ ਦੀ ਨੌਜਵਾਨੀ ਨੂੰ ਟੈਂਕਾਂ, ਤੋਪਾਂ, ਬੰਬਾਂ ਅਤੇ ਮਸ਼ੀਨਗੰਨਾਂ ਨਾਲ ਮਾਰਿਆ, ਫਿਰ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਮਾਰਿਆ, ਫਿਰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਇੱਕ ਲੱਖ ਤੋਂ ਵੱਧ ਨੌਜਵਾਨਾਂ ਦਾ ਘਾਣ ਕੀਤਾ ਤੇ ਹੁਣ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਮਾਰਿਆ ਜਾ ਰਿਹਾ ਹੈ। ਪਰ ਪਰਵਿੰਦਰ ਸਿੰਘ ਝੋਟੇ ਨੂੰ ਮਰਵਾ ਕੇ ਸਰਕਾਰ ਇਹ ਨਾ ਸਮਝ ਲਵੇ ਕਿ ਗੱਲ ਖ਼ਤਮ ਹੋ ਗਈ ਹੈ। ਗੁਰੂ ਦੇ ਸਿੰਘ ਫਿਰ ਉੱਠਣਗੇ, ਕੋਈ ਨਾ ਕੋਈ ਯੋਧਾ ਆਪਣਾ ਫ਼ਰਜ਼ ਨਿਭਾਉਂਦਾ ਰਹੇਗਾ। ਸਰਕਾਰਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਚੁੱਪ ਨਹੀਂ ਰਹਿਣਗੇ। ਪਰਵਿੰਦਰ ਸਿੰਘ ਦੀ ਮੌਤ ਇੱਕ ਕ੍ਰਾਂਤੀ ਲਿਆਏਗੀ। 
ਅੱਜ ਜਿਹੜੇ ਸਿਆਸੀ ਨੇਤਾ, ਪੁਲਿਸ ਅਫ਼ਸਰ ਅਤੇ ਨਸ਼ਿਆਂ ਦੇ ਸੌਦਾਗਰ ਬੜੀ ਸਾਜ਼ਿਸ਼ ਤਹਿਤ ਪੰਜਾਬ ਦੇ ਪੁੱਤਾਂ ਨੂੰ ਮਰਵਾਉਣ ਦਾ ਕਾਰਨ ਬਣ ਰਹੇ ਹਨ, ਇੱਕ ਦਿਨ ਇਹ ਵੀ ਰੜਕ-ਰੜਕ ਕੇ ਮਰਨਗੇ। ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਯਾਦ ਰੱਖੇ। ਪਰਵਿੰਦਰ ਸਿੰਘ ਝੋਟੇ ਦਾ ਕਤਲ ਕਰਨ ਵਾਲੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਕੋਲ ਰਿਵਾਲਵਰ ਸੀ। ਅਜਿਹੇ ਦਾਗ਼ੀ ਵਿਅਕਤੀਆਂ ਨੂੰ ਤਾਂ ਸਰਕਾਰ ਹਥਿਆਰ ਦਿੰਦੀ ਹੈ, ਪਰ ਜਿਹੜੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਦੀ ਸੁਰੱਖਿਆ ਦਾ ਸਰਕਾਰ ਕੋਈ ਜ਼ਿੰਮਾ ਨਹੀਂ ਲੈਂਦੀ। ਉਸ ਅਸ਼ਵਨੀ ਕੁਮਾਰ ਖ਼ਿਲਾਫ਼ ਨਸ਼ੇ ਵੇਚਣ ਦੀਆਂ ਪਹਿਲਾਂ ਵੀ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਸਭ ਕੁਝ ਜਾਣਦੇ ਹੋਣ ਦੇ ਬਾਵਜੂਦ ਵੀ ਸਰਕਾਰ ਉਸ ਨੂੰ ਹੱਲਾਸ਼ੇਰੀ ਦੇ ਰਹੀ ਸੀ। ਸ਼ਰ੍ਹੇਆਮ ਧੜਾਧੜ ਨਸ਼ਾ ਵਿਕ ਰਿਹਾ ਸੀ। ਜੇ ਪਰਵਿੰਦਰ ਸਿੰਘ ਝੋਟਾ ਉਸ ਨੂੰ ਰੰਗੇ ਹੱਥੀਂ ਫੜ ਸਕਦਾ ਸੀ ਤਾਂ ਫਿਰ ਪੁਲਿਸ ਨੇ ਕਿਉਂ ਅੱਖਾਂ ਮੀਚੀਆਂ ਹੋਈਆਂ ਸਨ? ਭਗਵੰਤ ਮਾਨ ਸਰਕਾਰ ਜੇਕਰ ਨਸ਼ਾ ਨਹੀਂ ਰੋਕ ਸਕਦੀ ਤਾਂ ਫਿਰ ਢੌਂਗ ਕਿਉਂ ਰਚਦੀ ਹੈ? ਸਗੋਂ ਪੰਜਾਬ ਦੇ ਲੋਕਾਂ ਨੂੰ ਸਿੱਧਾ ਦੱਸੇ ਕਿ ਮੁੱਖ ਮੰਤਰੀ ਦੇ ਹੱਥ ਵਿੱਚ ਵੀ ਨਸ਼ਾ ਰੋਕਣ ਦੀ ਤਾਕਤ ਨਹੀਂ ਹੈ! ਪਰਵਿੰਦਰ ਸਿੰਘ ਦੇ ਕਤਲ ਨੂੰ ਨਿੱਜੀ ਦੁਸ਼ਮਣੀ, ਆਪਸੀ ਰੰਜਿਸ਼ ਜਾਂ ਨਿੱਜੀ ਝਗੜੇ ਨਾਲ ਜੋੜਨਾ ਸਰਕਾਰ ਦੀ ਬੇਈਮਾਨੀ ਅਤੇ ਮੂਰਖਤਾ ਹੋਵੇਗੀ। ਉਸ ਦਾ ਕਤਲ ਨਸ਼ਾ ਵੇਚਣ ਦਾ ਵਿਰੋਧ ਕਰਨ ਕਰਕੇ ਹੋਇਆ ਹੈ। ਪਰ ਇਹ ਇਕੱਲੇ ਪਰਵਿੰਦਰ ਸਿੰਘ ਝੋਟੇ ਦਾ ਹੀ ਕਤਲ ਨਹੀਂ, ਬਲਕਿ ਪੂਰੇ ਪੰਜਾਬ ਦਾ ਕਤਲ ਹੈ। ਉਹ ਸੱਚਮੁੱਚ ਹੀ ਜ਼ਮੀਨੀ ਪੱਧਰ ਉੱਤੇ ਨਸ਼ਿਆਂ ਖ਼ਿਲਾਫ਼ ਇੱਕ ਯੁੱਧ ਲੜ ਰਿਹਾ ਸੀ ਤੇ ਉਹ ਬੜੀ ਬਹਾਦਰੀ, ਦਲੇਰੀ ਅਤੇ ਜੁਰਅਤ ਵਿਖਾਉਂਦਾ ਹੋਇਆ ਮਾਰਿਆ ਗਿਆ। 
ਪੰਜਾਬ ਦੇ ਪੁੱਤਾਂ ਨੂੰ ਬਚਾਉਂਦਾ-ਬਚਾਉਂਦਾ ਝੋਟਾ ਖ਼ੁਦ ਜਾਨ ਦੀ ਬਾਜ਼ੀ ਲਾ ਗਿਆ। ਪਰਵਿੰਦਰ ਸਿੰਘ ਝੋਟੇ ਦੀ ਤਸਵੀਰ ਵੇਖ ਕੇ ਗੱਚ ਭਰ ਆਉਂਦਾ ਹੈ। ਉਹ ਪੰਜਾਬ ਦੀ ਜਵਾਨੀ ਦਾ ਦਰਦ ਲੈ ਕੇ ਤੁਰਨ ਵਾਲਾ ਗੱਭਰੂ ਸੀ। ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ਿਆਂ ਨੇ ਖੋਹ ਲਏ, ਉਹ ਉਨ੍ਹਾਂ ਦੀ ਪੀੜ ਸਮਝਦਾ ਸੀ। ਪਰ ਦੂਜਿਆਂ ਦੇ ਪੁੱਤ ਬਚਾਉਣ ਲਈ ਖੜ੍ਹਾ ਹੋਇਆ ਇਹ ਪੁੱਤ ਆਪ ਗੋਲੀਆਂ ਦੀ ਭੇਟ ਚੜ੍ਹ ਗਿਆ। ਮਾਨਸਾ ਵਿੱਚ ਝੋਟੇ ਦਾ ਕਤਲ ਪੰਜਾਬ ਦੇ ਸਰਕਾਰੀ ਪ੍ਰਬੰਧ ਉੱਤੇ ਵੱਡਾ ਸਵਾਲ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਅਰੇ ਲਾਉਣ ਵਾਲਿਓ, ਪੰਜਾਬ ਦੀਆਂ ਮਾਵਾਂ ਨੂੰ ਦੱਸੋ ਕਿ ਇਸ ਯੁੱਧ ਵਿੱਚ ਉਨ੍ਹਾਂ ਦੇ ਪੁੱਤ ਕਿਉਂ ਮਰ ਰਹੇ ਹਨ? ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੇ ਇਸ਼ਤਿਹਾਰਾਂ ਨਾਲ ਕਿਸੇ ਮਾਂ ਦੀ ਝੋਲੀ ਮੁੜ ਨਹੀਂ ਭਰਨੀ। ਵੱਡੇ ਭਾਸ਼ਣਾਂ ਨਾਲ ਕਿਸੇ ਭੈਣ ਦਾ ਵੀਰ ਵਾਪਸ ਨਹੀਂ ਆਉਣਾ। ਜਿਹੜੀ ਮੁਹਿੰਮ ਨਸ਼ਿਆਂ ਖ਼ਿਲਾਫ਼ ਡਟੇ ਬੰਦੇ ਨੂੰ ਵੀ ਸੁਰੱਖਿਆ ਨਹੀਂ ਦੇ ਸਕਦੀ, ਉਸ ਸਰਕਾਰ ਦੀ ਕਾਮਯਾਬੀ ਦੇ ਦਾਅਵਿਆਂ ਉੱਤੇ ਲੋਕ ਸਵਾਲ ਕਿਉਂ ਨਾ ਕਰਨ? ਇਹ ਸਰਕਾਰੀ ਅਤੇ ਸਿਆਸੀ ਕਤਲ ਹੈ, ਜੋ ਸਰਕਾਰ ਦੇ ਨਾਕਾਮ ਸਿਸਟਮ ਦੀ ਦੇਣ ਹੈ। 
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News