Nazrana Times

ਪੰਜਾਬੀ

ਪੰਜਾਬ ‘ਚ ਗਰਮੀ ਦੇ ਕਹਿਰ ਨੇ ਲੋਕਾਂ ਦੀ ਸਿਹਤ ਅਤੇ ਕਾਰੋਬਾਰ ਨੂੰ ਕੀਤਾ ਵੱਡੇ ਪੱਧਰ 'ਤੇ ਪ੍ਰਭਾਵਿਤ...

29 Jun, 2026 01:02 AM

ਮਜ਼ਦੂਰ ਵਰਗ ਲਈ ਖਾਸ ਕਰਕੇ ਕੰਮ ਕਰਨ ਲਈ ਬਣੀ ਵੱਡੀ ਚੁਣੌਤੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ : ਸਿਹਤ ਮਾਹਿਰ 

ਚੰਡੀਗੜ੍ਹ, 28 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਪੈ ਰਹੀ ਕਹਿਰ ਦੀ ਗਰਮੀ ਅਤੇ ਹੁੰਮਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਦੁਭਰ ਹੋ ਗਿਆ ਹੈ। ਬਾਜ਼ਾਰਾਂ, ਸੜਕਾਂ ਅਤੇ ਜਨਤਕ ਥਾਵਾਂ ‘ਤੇ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਦਿਨ ਭਰ ਚੱਲੀਆਂ ਗਰਮ ਹਵਾਵਾਂ ਅਤੇ ਹੁੰਮਸ ਨੇ ਲੋਕਾਂ ਦੇ ਜੀਵਨ ਅਤੇ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਸਥਿਤੀ ਇਹ ਬਣੀ ਹੋਈ ਹੈ ਕਿ ਕੂਲਰ ਅਤੇ ਪੱਖੇ ਵੀ ਰਾਹਤ ਦੇਣ ਵਿੱਚ ਨਾਕਾਮ ਸਾਬਤ ਹੋਏ ਰਹੇ ਹਨ ਜਦੋਂ ਕਿ ਏਅਰ ਕੰਡੀਸ਼ਨਰ ਦੀ ਵਰਤੋਂ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਉਛਾਲ ਆਇਆ ਹੈ।ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 39°C ਦਰਜ ਕੀਤਾ ਗਿਆ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਹੁੰਮਸ ਭਰਿਆ ਬਣਿਆ ਰਹਿਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਕਹਿਰ ਦੀ ਗਰਮੀ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਮਜ਼ਦੂਰ ਵਰਗ ਲਈ ਇਸ ਤਪਸ਼ ਵਿੱਚ ਕੰਮ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸਿਹਤ ਮਾਹਰਾਂ ਨੇ ਲੋਕਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ। ਸਿਹਤ ਮਾਹਰਾਂ ਅਨੁਸਾਰ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ; ਲੋੜੀਂਦੀ ਮਾਤਰਾ ਵਿੱਚ ਪਾਣੀ, ਓ.ਆਰ.ਐੱਸ. ਅਤੇ ਹੋਰ ਤਰਲ ਪਦਾਰਥ ਪੀਂਦੇ ਰਹੋ। ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ। ਸਿੱਧੀ ਧੁੱਪ ਅਤੇ ਹੁੰਮਸ ਭਰੇ ਮੌਸਮ ਤੋਂ ਬਚਣ ਦੀ ਕੋਸ਼ਿਸ਼ ਕਰੋ। ਡਾਕਟਰਾਂ ਅਨੁਸਾਰ ਬਹੁਤ ਜ਼ਿਆਦਾ ਹੁੰਮਸ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਜਿਸਮਾਨੀ ਥਕਾਵਟ ਅਤੇ ‘ਹੀਟ ਸਟ੍ਰੈੱਸ’ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News