ਪੰਜਾਬ ਵਾਸੀਓ! ਹੈ ਕੋਈ ਫਰਕ ਬਾਦਲ, ਕੈਪਟਨ ਤੇ ਭਗਵੰਤ ਮਾਨ ਵਿੱਚ ?
- ਰਾਜਨੀਤੀ
- (Asia/Kolkata)
ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ ਮਾਂ ਮਰ ਗਈ ਤੇ ਧੀ ਜੰਮ ਪਈ ਤੇ ਟੱਬਰ ਪੂਰੇ ਦਾ ਪੂਰਾ। ਬਾਦਲ ਚਲਾ ਗਿਆ, ਕੈਪਟਨ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਚਲਾ ਗਿਆ, ਦੋਨਾਂ ਨੂੰ ਹੀ ਨਕਾਰ ਕੇ ਪੰਜਾਬ ਵਾਸੀਆਂ ਨੇ ਤੀਜਾ ਬਦਲ ਲਿਆਂਦਾ ਸੀ ਭਗਵੰਤ ਮਾਨ । ਪੰਜਾਬੀ ਵਾਸੀਆਂ ਨੇ ਇਹ ਸੋਚਿਆ ਸੀ ਬਾਦਲ ਕੈਪਟਨ ਨੂੰ ਬਹੁਤ ਸਮਾਂ ਵੇਖ ਲਿਆ ਹੈ,ਆਹ ਸਤੌਜ ਪਿੰਡ ਆਲਾ ਮੁੰਡਾ ਭਗਵੰਤ ਮਾਨ ਬੜੀਆਂ ਫੜਾਂ ਮਾਰਦਾ ਹੈ ਕਿ ਮੈਂ ਆਹ ਕਰ ਦਊਂ ਮੈਂ ਔਹ ਕਰ ਦਊਂ, ਇੱਕ ਵਾਰੀ ਏਹਨੂੰ ਵੀ ਚੈੱਕ ਕਰ ਹੀ ਲੈਣਾ ਚਾਹੀਦਾ ਹੈ ਕਿ ਏਹ ਪੰਜਾਬ ਵਿੱਚ ਕੀ ਨਵਾਂ ਕਰਦਾ ਹੈ।
ਖੈਰ ਦੂਰ ਅੰਦੇਸ਼ੀ ਬੰਦੇ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਉੱਰਫ ਦੀਪ ਸਿੱਧੂ ਨੂੰ ਐਸ ਐਮ ਟੀਵੀ ਵਾਲੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਅਤੇ ਪਰੋ ਪੰਜਾਬ ਟੀਵੀ ਵਾਲੇ ਪੱਤਰਕਾਰ ਜਾਦਵਿੰਦਰ ਸਿੰਘ ਕਰਫਿਊ ਨੇ ਭਗਵੰਤ ਮਾਨ ਵਾਰੇ ਜਦੋਂ ਕਿਸਾਨ ਅੰਦੋਲਨ ਵਿੱਚ ਏਹ ਪੁੱਛਿਆ ਸੀ ਕਿ ਤੁਹਾਡਾ ਭਗਵੰਤ ਮਾਨ ਵਾਰੇ ਕੀ ਖਿਆਲ ਹੈ ਕਿ ਅਗਰ ਏਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ ਤਾਂ ਪੰਜਾਬ ਦਾ ਕੋਈ ਸੁਧਾਰ ਹੋ ਸਕਦਾ ਹੈ? ਤਾਂ ਬਾਈ ਦੀਪ ਸਿੱਧੂ ਨੇ ਬੜਾ ਹੀ ਦਿਲਚਸਪ ਜਵਾਬ ਦਿੱਤਾ ਸੀ ਕਿ ਅਗਰ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਤਾਂ ਇਹ ਦੂਜਾ ਬੇਅੰਤਾ ਬੁੱਚੜ ਬਣੇਗਾ। ਦੀਪ ਸਿੱਧੂ ਕਹਿੰਦਾ ਸੀ ਕਿ ਬਾਈ ਜੀ ਇਹ ਲੋਕ ਦਿੱਲੀ ਦੇ ਦਲਾਲ ਨੇ ਦਿੱਲੀ ਦੇ ਦਲਾਲ ।
ਅੱਜ ਲੋਕ ਬਾਈ ਦੀਪ ਸਿੱਧੂ ਦੀਆਂ ਕਹੀਆਂ ਹੋਈਆਂ ਅਤੇ ਸੱਚ ਸਿੱਧ ਹੋਈਆਂ ਏਹਨਾਂ ਗੱਲਾਂ ਨੂੰ ਪ੍ਰਤੱਖ ਰੂਪ ਵਿੱਚ ਵੀ ਵੇਖ ਸਕਦੇ ਹਨ । ਅਗਰ ਆਪਾਂ ਧਰਮ ਵਾਲਾ ਪੱਖ ਇੱਕ ਪਾਸੇ ਰੱਖ ਕੇ ਇਕੱਲੇ ਪੰਜਾਬ ਵਾਲੇ ਪਾਸੇ ਦੀ ਹੀ ਗੱਲ ਕਰੀਏ ਤਾਂ ਭਗਵੰਤ ਮਾਨ ਬਾਦਲਾਂ ਅਤੇ ਕੈਪਟਨ ਵਿੱਚ ਕੋਈ ਵੀ ਅੰਤਰ ਨਜ਼ਰ ਨਹੀਂ ਆਵੇਗਾ। ਧਰਨੇ ਰੋਸ ਮੁਜ਼ਾਹਰੇ ਹੜਤਾਲਾਂ ਓਸੇ ਤਰ੍ਹਾਂ ਹੀ ਚੱਲ ਰਹੇ ਹਨ , ਧਰਨਾਕਾਰੀਆਂ ਮੁਜਾਹਰਾਕਾਰੀਆਂ ਮਰਦਾਂ ਅਤੇ ਔਰਤਾਂ ਨੂੰ ਬਾਦਲ ਕੈਪਟਨ ਦੇ ਰਾਜ ਵਿੱਚ ਵੀ ਡਾਂਗਾਂ ਨਾਲ ਕੁੱਟਿਆ ਜਾਂਦਾ ਸੀ , ਦਸਤਾਰਾਂ ਅਤੇ ਚੁੰਨੀਆਂ ਲਾਹੀਆਂ ਜਾਂਦੀਆਂ ਸਨ , ਹੁਣ ਭਗਵੰਤ ਮਾਨ ਦੇ ਰਾਜ ਵਿੱਚ ਵੀ ਓਹੀ ਕੁੱਝ ਹੋ ਰਿਹਾ ਹੈ।
ਪੰਜਾਬੀ ਅਤੇ ਸਿੱਖ ਮੁੰਡਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਾਦਲ ਕੈਪਟਨ ਦੇ ਰਾਜ ਵਿੱਚ ਵੀ ਬਣਾਏ ਜਾਂਦੇ ਸਨ ਅਤੇ ਭਗਵੰਤ ਮਾਨ ਦੇ ਰਾਜ ਵਿੱਚ ਵੀ ਹੁਣ ਤੱਕ ਪੰਜਾਹ ਦੇ ਕਰੀਬ ਪੰਜਾਬੀ ਮੁੰਡੇ ਗੈਂਗਸਟਰਵਾਦ ਦੇ ਨਾਮ ਹੇਠ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ । ਜੋ ਕਿ ਆਨ ਰਿਕਾਰਡ ਮੀਡੀਆ ਵਿੱਚ ਵੀ ਦਰਜ ਹੈ। ਰਿਸ਼ਵਤ ਬਾਦਲ ਕੈਪਟਨ ਦੇ ਰਾਜ ਨਾਲੋਂ ਕਿਤੇ ਜਿਆਦਾ ਭਗਵੰਤ ਮਾਨ ਦੇ ਰਾਜ ਵਿੱਚ ਵਧ ਵੀ ਗਈ ਹੈ ਅਤੇ ਮਹਿੰਗੀ ਵੀ ਹੋ ਗਈ ਹੈ। ਹੁਣ ਰਿਸ਼ਵਤ ਦੇ ਕੇਸ ਭਗਵੰਤ ਮਾਨ ਦੇ ਘਰ ਅਤੇ ਸੀ ਐਮ ਦਫ਼ਤਰ ਤੱਕ ਵੀ ਪਹੁੰਚ ਗਏ ਹਨ।
ਜੇਕਰ ਚਿੱਟੇ ਦੀ ਗੱਲ ਕਰੀਏ ਤਾਂ ਬਾਦਲ ਅਤੇ ਕੈਪਟਨ ਦੇ ਰਾਜ ਜੋ ਕੋਈ ਮਾੜੀ ਮੋਟੀ ਕਸਰ ਰਹਿ ਗਈ ਸੀ ਉੱਹ ਭਗਵੰਤ ਮਾਨ ਨੇ ਚੰਗੀ ਤਰ੍ਹਾਂ ਪੂਰੀ ਕਰ ਦਿੱਤੀ ਹੈ। ਬਾਦਲ ਕੈਪਟਨ ਦੇ ਰਾਜ ਚਿੱਟਾ ਸਿਰਫ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਤੱਕ ਪਹੁੰਚਿਆ ਸੀ ਪਰ ਭਗਵੰਤ ਮਾਨ ਦੇ ਰਾਜ ਚਿੱਟੇ ਦੀ ਸਪਲਾਈ ਪੰਜਾਬ ਦੇ ਤੇਰਾਂ ਹਜਾਰ ਪਿੰਡਾਂ ਅਤੇ ਸਾਰੇ ਹੀ ਕਸਬਿਆਂ ਸ਼ਹਿਰਾਂ ਦੇ ਘਰ-ਘਰ ਤੱਕ ਪਹੁੰਚ ਗਈ ਹੈ। ਬਾਰਾਂ ਪੰਦਰਾਂ ਸਾਲਾਂ ਦੇ ਮੁੰਡਿਆਂ ਕੁੜੀਆਂ ਵੀ ਚਿੱਟੇ ਦੇ ਟੀਕੇ ਜਾਂ ਕਾਰਡ ਲਗਾ ਲਗਾ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ । ਪਿੰਡਾਂ ਦੇ ਸਰਪੰਚਾਂ ਤੱਕ ਅਤੇ ਮਰ ਰਹੇ ਬੱਚਿਆਂ ਦੇ ਮਾਪਿਆਂ ਤੱਕ ਰੋ ਰੋ ਕੇ ਕੀਰਨੇ ਪਾ ਪਾ ਕੇ ਦੱਸ ਰਹੇ ਹਨ ਸਾਡੇ ਪਿੰਡ ਵਿੱਚੋਂ ਚਿੱਟਾ ਖਤਮ ਨਹੀਂ ਹੋਇਆ ਹੈ।
ਪਰ ਕਹਿੰਦੇ ਹਨ ਕਿ ਰਾਜੇ ਗੂੰਗੇ ਬੋਲੇ ਅਤੇ ਅੰਨ੍ਹੇ ਹੁੰਦੇ ਹਨ। ਬਾਦਲਾਂ ਨੂੰ ਨਸ਼ਿਆਂ ਦੇ ਨਾਮ ਤੇ ਭੰਡ ਭੰਡ ਕੇ ਸਟੇਜਾਂ ਉੱਪਰੋਂ ਪੰਜਾਬ ਦਾ ਰਾਜਾ ਬਣਿਆ ਭਗਵੰਤ ਮਾਨ ਅੱਜ ਅਹੰਕਾਰ , ਹੁਉਮੇ ਅਤੇ ਆਕੜ ਰੂਪੀ ਘੋੜੇ ਉੱਪਰ ਅਸਵਾਰ ਹੈ। ਸ਼ਾਇਦ ਉੱਸ ਨੂੰ ਏਹ ਨਹੀਂ ਯਾਦ ਕਿ ਜਦੋਂ ਏਹਨੂੰ 92 ਐਮ ਐਲ ਏ ਦੇ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ ਓਦੋਂ ਪੰਜਾਬੀਆਂ ਨੇ ਇਹ ਵੀ ਕਿਹਾ ਸੀ ਕਿ ਏਹਨੂੰ ਵੀ ਪੰਜ ਸਾਲ ਦੇ ਕੇ ਵੇਖ ਲਓ , ਅਗਰ ਠੀਕ ਨਿਕਲਿਆ ਤਾਂ ਅੱਗੋਂ ਵੀ ਮੁੱਖ ਮੰਤਰੀ ਬਣਾ ਦਿਆਂਗੇ, ਨਹੀਂ ਤਾਂ ਫੇਰ ਏਹਦੀ ਵੀ ਫੱਟੀ ਪੋਚ ਦਿਆਂਗੇ।
ਬਾਕੀ ਭਗਵੰਤ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਵੀ ਮੱਥਾ ਲਗਾਇਆ ਹੋਇਆ ਹੈ। ਮੌਜੂਦਾ ਜਥੇਦਾਰਾਂ ਨਾਲ ਵੀ ਮੱਥਾ ਲਗਾਇਆ ਹੋਇਆ ਹੈ। ਪਹਿਲਾਂ ਮੱਥਾ ਲਗਾਉਣ ਵਾਲੇ ਬਾਦਲ ਅੱਜ ਪੰਜਾਬ ਵਿੱਚ ਹਾਸ਼ੀਏ ਉੱਪਰ ਧੱਕੇ ਗਏ ਹਨ ਅਤੇ ਸਾਰੇ ਜਾਣੇ ਹੀ ਕੀ ਸੁਖਬੀਰ ਬਾਦਲ ਕੀ ਹਰਸਿਮਰਤ ਬਾਦਲ ਤੇ ਕੀ ਮਜੀਠੀਆ ਏਹਨਾਂ ਸਾਰਿਆਂ ਦੇ ਹੀ ਦਿਮਾਗੀ ਸੰਤੁਲਨ ਵੀ ਖਰਾਬ ਹੋ ਚੁੱਕੇ ਹਨ । ਪਤਾ ਨਹੀਂ ਸਟੇਜਾਂ ਉੱਪਰੋਂ ਕੀ ਕੀ ਬੋਲੀ ਜਾਂਦੇ ਹਨ , ਲੋਕ ਮੁਜਾਕ ਉੱਡਾਉਂਦੇ ਹਨ ਸ਼ੋਸ਼ਲ ਮੀਡੀਏ ਉੱਪਰ ਰੀਲਾਂ ਬਣਾ ਬਣਾ ਕੇ । ਤਾਂ ਹੀ ਸਿਆਣੇ ਕਹਿੰਦੇ ਹਨ ਕਿ ਰੱਬ ਕਿਸੇ ਦੇ ਵੀ ਲੱਤ ਨਹੀਂ ਮਾਰਦਾ, ਜਦੋਂ ਵੀ ਮਾਰਦਾ ਹੈ ਮੱਤ ਹੀ ਮਾਰਦਾ ਹੈ, ਜਿਵੇਂ ਬਾਦਲਾਂ ਦੀ ਮੱਤ ਤਕਰੀਬਨ ਮਰ ਹੀ ਗਈ ਹੈ।
ਏਸ ਕਰਕੇ ਬਾਦਲਾਂ, ਕੈਪਟਨ ਅਤੇ ਭਗਵੰਤ ਮਾਨ ਵਰਗਿਆਂ ਸਾਰਿਆਂ ਨੇ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਰੱਜ ਰੱਜ ਲੁੱਟਿਆ ਵੀ ਹੈ ਅਤੇ ਕੁੱਟਿਆ ਵੀ ਹੈ ਤੇ ਜਲੀਲ ਵੀ ਕੀਤਾ ਹੈ ਤੇ ਟਿੱਚਰਾਂ ਤੱਕ ਵੀ ਕੀਤੀਆਂ ਹਨ । ਹੁਣ 2027 ਵਿੱਚ ਵੇਖੋ ਕਿ ਊਠ ਕਿਸ ਕਰਵਟ ਬੈਠਦਾ ਹੈ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply