ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਖਸਤਾ ਹਾਲਤ ਕਾਰਨ ਸ਼ਰਧਾਲੂਆਂ ਤੇ ਰਾਹਗੀਰਾਂ ਦੀ ਵਧੀ ਪਰੇਸ਼ਾਨੀ
- ਧਾਰਮਿਕ/ਰਾਜਨੀਤੀ
- 26 Jul, 2026 02:41 PM (Asia/Kolkata)
ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਚੋਹਲਾ ਸਾਹਿਬ ਨੂੰ ਜਾਂਦੀ ਸੜਕ 'ਤੇ ਡੂੰਘੇ ਖੱਡੇ ਬਣੇ ਹਾਦਸਿਆਂ ਦਾ ਕਾਰਨ
ਲੋਕਾਂ ਨੇ ਪੰਜਾਬ ਸਰਕਾਰ,ਸਬੰਧਤ ਵਿਭਾਗ ਅਤੇ ਵਿਧਾਇਕ ਕੋਲੋਂ ਤੁਰੰਤ ਸੜਕ ਦੀ ਮੁਰੰਮਤ ਕਰਵਾਉਣ ਦੀ ਕੀਤੀ ਮੰਗ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,26 ਜੁਲਾਈ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲਾ ਕਸਬਾ ਚੋਹਲਾ ਸਾਹਿਬ ਅੱਜ ਵੀ ਲੱਖਾਂ ਸੰਗਤਾਂ ਦੀ ਅਟੁੱਟ ਆਸਥਾ ਦਾ ਕੇਂਦਰ ਹੈ।ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਪਵਿੱਤਰ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਧਰਤੀ 'ਤੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਦੋ ਸਾਲ,ਪੰਜ ਮਹੀਨੇ ਅਤੇ ਤੇਰ੍ਹਾਂ ਦਿਨ ਰਹੇ ਸਨ। ਇਤਿਹਾਸ ਅਨੁਸਾਰ ਇਸ ਨਗਰ ਦਾ ਨਾਮਕਰਨ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਕੀਤਾ ਗਿਆ ਸੀ।
ਪਰ ਇਤਿਹਾਸਕ ਨਗਰ ਨੂੰ ਸਰਹਾਲੀ ਨਾਲ ਜੋੜਨ ਵਾਲੀ ਮੁੱਖ ਸੜਕ ਦੀ ਮੌਜੂਦਾ ਹਾਲਤ ਸ਼ਰਧਾਲੂਆਂ ਅਤੇ ਰਾਹਗੀਰਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ।ਸੜਕ 'ਤੇ ਥਾਂ-ਥਾਂ ਪਏ ਡੂੰਘੇ ਖੱਡੇ ਅਤੇ ਉਨ੍ਹਾਂ ਵਿੱਚ ਖੜ੍ਹਾ ਗੰਦਾ ਪਾਣੀ ਨਾ ਸਿਰਫ਼ ਰੋਜ਼ਾਨਾ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਹੈ,ਸਗੋਂ ਹਾਦਸਿਆਂ ਦੇ ਖਤਰੇ ਨੂੰ ਵੀ ਵਧਾ ਰਿਹਾ ਹੈ।
ਸਰਹਾਲੀ ਤੋਂ ਚੋਹਲਾ ਸਾਹਿਬ ਵੱਲ ਆਉਂਦੇ ਹੀ ਪੁੱਲ ਹੇਠਾਂ ਖੜ੍ਹਾ ਰਹਿੰਦਾ ਡੂੰਘਾ ਗੰਦਾ ਪਾਣੀ,ਪਿੰਡ ਬਿੱਲਿਆਂਵਾਲਾ ਬੱਸ ਸਟਾਪ ਨੇੜੇ ਥਾਂ-ਥਾਂ ਤੋਂ ਟੁੱਟੀ ਸੜਕ ਅਤੇ ਚੋਹਲਾ ਸਾਹਿਬ ਦਾਖਲ ਹੁੰਦਿਆਂ ਪੈਟਰੋਲ ਪੰਪ ਅਤੇ ਘੋੜੇ ਵਾਲਾ ਚੌਂਕ ਦੇ ਕੋਲ ਪਾਣੀ ਨਾਲ ਭਰੇ ਵੱਡੇ ਖੱਡੇ ਸਰਕਾਰ ਅਤੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਦੋਪਹੀਆ ਵਾਹਨ ਚਾਲਕ ਇਨ੍ਹਾਂ ਖੱਡਿਆਂ ਕਾਰਨ ਸੰਤੁਲਨ ਗੁਆ ਬੈਠਦੇ ਹਨ,ਜਿਸ ਨਾਲ ਹਾਦਸਿਆਂ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ।
ਇਲਾਕਾ ਨਿਵਾਸੀਆਂ ਅਨੁਸਾਰ ਸੜਕ ਵਿੱਚ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਫੈਲਣ ਦਾ ਵੀ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਟੁੱਟੀਆਂ ਸੜਕਾਂ ਅਤੇ ਗੰਦਗੀ ਕਾਰਨ ਇਤਿਹਾਸਕ ਨਗਰ ਦਾ ਪ੍ਰਭਾਵ ਵੀ ਖਰਾਬ ਹੋ ਰਿਹਾ ਹੈ,ਜਿਸ ਦਾ ਅਸਰ ਸਥਾਨਕ ਵਪਾਰ 'ਤੇ ਵੀ ਪੈ ਰਿਹਾ ਹੈ।ਇਸ ਸੰਬੰਧੀ ਦੁਕਾਨਦਾਰ ਚਰਨਜੀਤ ਸਿੰਘ ਮਿਸਤਰੀ, ਸੁਖਦੀਪ ਸਿੰਘ ਹਲਵਾਈ, ਸੁਨੀਲ ਕੁਮਾਰ ਸ਼ੀਲੂ, ਗੁਰਵਿੰਦਰ ਸਿੰਘ ਖਾਰੇ ਵਾਲੇ,ਸਰਬਜੀਤ ਸਿੰਘ ਰਾਜਾ ਖਾਦ ਵਾਲੇ, ਬਲਜੀਤ ਸਿੰਘ ਸੰਧੂ,ਪ੍ਰਗਟ ਸਿੰਘ,ਲਾਲੀ ਸੇਵਾਦਾਰ, ਲਵਪ੍ਰੀਤ ਸਿੰਘ ਸਾਗਰ ਹਸਪਤਾਲ ਵਾਲੇ ਅਤੇ ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ ਸਮੇਤ ਹੋਰ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਚੋਹਲਾ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਸਫਾਈ,ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਪੰਜਾਬ ਸਰਕਾਰ,ਸਬੰਧਤ ਵਿਭਾਗ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਸਰਹਾਲੀ ਤੋਂ ਚੋਹਲਾ ਸਾਹਿਬ ਤੱਕ ਦੀ ਸੜਕ ਦਾ ਨਿਰਮਾਣ ਕਿਸੇ ਯੋਗ ਅਤੇ ਇਮਾਨਦਾਰ ਠੇਕੇਦਾਰ ਰਾਹੀਂ ਜਲਦ ਕਰਵਾਇਆ ਜਾਵੇ,ਤਾਂ ਜੋ ਰਾਹਗੀਰਾਂ ਅਤੇ ਸ਼ਰਧਾਲੂਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।
ਵਿਧਾਇਕ ਨਾਲ ਨਹੀਂ ਹੋ ਸਕਿਆ ਸੰਪਰਕ,ਮੀਡੀਆ ਇੰਚਾਰਜ ਨੇ ਦਿੱਤਾ ਭਰੋਸਾ
ਸਰਹਾਲੀ-ਚੋਹਲਾ ਸਾਹਿਬ ਸੜਕ ਦੀ ਮਾੜੀ ਹਾਲਤ ਸਬੰਧੀ ਪੱਖ ਜਾਣਨ ਲਈ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਉਨ੍ਹਾਂ ਵੱਲੋਂ ਫੋਨ ਰਿਸੀਵ ਨਹੀਂ ਕੀਤਾ ਗਿਆ।ਇਸ ਸਬੰਧੀ ਵਿਧਾਇਕ ਦੇ ਮੀਡੀਆ ਇੰਚਾਰਜ ਗੁਰਇਕਬਾਲ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਪੜਾਅਵਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਰਹਾਲੀ ਤੋਂ ਚੋਹਲਾ ਸਾਹਿਬ ਤੱਕ ਦੀ ਇਸ ਸੜਕ ਦੀ ਮਾੜੀ ਹਾਲਤ ਬਾਰੇ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪੂਰੀ ਤਰ੍ਹਾਂ ਜਾਣੂ ਹਨ।ਉਨ੍ਹਾਂ ਭਰੋਸਾ ਦਿਵਾਇਆ ਕਿ ਸਬੰਧਤ ਸੜਕ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰਵਾ ਕੇ ਸ਼ਰਧਾਲੂਆਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਰਾਹਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇਗੀ।
Leave a Reply