ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੀ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਅਹਿਮ ਮੀਟਿੰਗ 23 ਸਤੰਬਰ ਨੂੰ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੀ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਅਹਿਮ ਮੀਟਿੰਗ 23 ਸਤੰਬਰ ਨੂੰ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ

ਝੋਨੇ ਦੀ ਖਰੀਦ, ਪਰਾਲੀ ਪ੍ਰਬੰਧਨ, ਡੀ.ਏ.ਪੀ. ਖਾਦ ਅਤੇ ਮੁੱਖ ਮੰਤਰੀ ਦੀ ਗੈਰ-ਗੰਭੀਰਤਾ ਵਿਰੁੱਧ ਬਣੇਗੀ ਅਗਲੀ ਰਣਨੀਤੀ…

ਚੰਡੀਗੜ੍ਹ 21 ਸਤੰਬਰ (ਮੰਗਤ ਸਿੰਘ ਸੈਦਪੁਰ) : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਭਾਰਤ ਦੇ ਪੰਜਾਬ ਅਤੇ ਹਰਿਆਣਾ ਚੈਪਟਰ ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਬੁੱਧਵਾਰ, 23 ਸਤੰਬਰ ਨੂੰ ਜਲੰਧਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਦੋਵਾਂ ਰਾਜਾਂ ਦੇ ਪ੍ਰਮੁੱਖ ਕਿਸਾਨ ਆਗੂ ਸ਼ਿਰਕਤ ਕਰਨਗੇ ਅਤੇ ਕਿਸਾਨੀ ਨਾਲ ਜੁੜੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਕੇ ਆਉਣ ਵਾਲੇ ਸਮੇਂ ਦੇ ਤਿੱਖੇ ਸੰਘਰਸ਼ੀ ਪ੍ਰੋਗਰਾਮ ਉਲੀਕੇ ਜਾਣਗੇ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਮੁੱਖ ਆਗੂਆਂ ਨੇ ਦੱਸਿਆ ਕਿ ਇਸ ਬੈਠਕ ਦਾ ਮੁੱਖ ਏਜੰਡਾ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਖਰੀਦ ਦੇ ਪੁਖ਼ਤਾ ਇੰਤਜ਼ਾਮ, ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਤੇ ਮੁਆਵਜ਼ਾ ਅਤੇ ਬਜਾਈ ਲਈ ਲੋੜੀਂਦੀ ਡੀਏਪੀ. ਖਾਦ ਦੀ ਘਾਟ ਨੂੰ ਦੂਰ ਕਰਵਾਉਣਾ ਹੋਵੇਗਾ।ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਤੀਰੇ 'ਤੇ ਡੂੰਘੀ ਚਿੰਤਾ ਅਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਆਪਣੇ ਆਪ ਨੂੰ "ਮਿੱਤਰ ਕੀੜਾ" ਦੱਸਣਾ ਅਤੇ ਕਿਸਾਨੀ ਵਰਗੇ ਸੰਜੀਦਾ ਮਸਲਿਆਂ 'ਤੇ ਹਮੇਸ਼ਾ ਮਜ਼ਾਕੀਆ ਲਹਿਜੇ ਵਿੱਚ ਗੱਲ ਕਰਨਾ ਬੇਹੱਦ ਮੰਦਭਾਗਾ ਹੈ। ਸਰਕਾਰ ਕਿਸਾਨਾਂ ਦੇ ਮੁੱਦਿਆਂ 'ਤੇ ਕਦੇ ਵੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਨਹੀਂ ਕਰ ਰਹੀ। ਜਲੰਧਰ ਮੀਟਿੰਗ ਦੌਰਾਨ ਸਰਕਾਰ ਦੇ ਇਸ ਗੈਰ-ਸੰਜੀਦਾ ਰਵੱਈਏ ਵਿਰੁੱਧ ਵੀ ਵਿਸ਼ੇਸ਼ ਤੌਰ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।ਮੋਰਚੇ ਦੇ ਆਗੂਆਂ ਨੇ ਸਾਫ਼ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖਨੌਰੀ,ਸ਼ੰਭੂ ਤੇ ਚੱਲੇ 401 ਦਿਨ ਮੋਰਚੇ ਦੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਵਿੱਚ ਬੁਲਾ ਕੇ ਧੋਖੇ ਨਾਲ ਕਿਸਾਨਾਂ ਦੇ ਮਿੱਤਰ ਕੀੜੇ ਕਹਾਉਣ ਵਾਲੇ ਮੁੱਖ ਮੰਤਰੀ ਨੇ ਰੈਸਟ ਕਰਵਾਇਆ ਅਤੇ ਜੋ ਮੋਰਚੇ 'ਤੇ ਪੁਲਿਸ ਨੇ ਅੱਤਿਆਚਾਰ ਕੀਤਾ, ਟਰਾਲੀਆਂ ਚੋਰੀਆਂ, ਲੰਗਰਾਂ ਦੇ ਸਮਾਨ, ਕੁਰਸੀਆਂ ਭਾਂਡੇ ਤੱਕ ਨਹੀਂ ਛੱਡੇ ਸਮਾਨ ਚੋਰੀ ਕਰਕੇ ਲੈ ਗਏ। ਸਾਢੇ ਚਾਰ ਸਾਲਾਂ ਤੋਂ ਹਰ ਇੱਕ ਵਰਗ 'ਤੇ ਅੱਤਿਆਚਾਰ ਕੀਤਾ ਤਾਂ ਉਹ ਮਿੱਤਰ ਕੀੜੇ ਕਿਵੇਂ ਹੋ ਗਏ। ਇਸ ਸਮੇਂ ਹਾਜ਼ਰ ਆਗੂ ਸਾਹਿਬਾਨ ਇੰਦਰਜੀਤ ਸਿੰਘ ਕੋਟ ਬੁੱਢਾ, ਗੁਰਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਹਰਦੋ ਝੰਡੇ, ਲਖਵਿੰਦਰ ਸਿੰਘ ਔਲਖ, ਗੁਰਸੇਵਕ ਸਿੰਘ ਧਾਲੀਵਾਲ, ਬਚਿੱਤਰ ਸਿੰਘ ਕੋਟਲਾ, ਭੈਣ ਪਰਮਜੀਤ ਕੌਰ ਸਾਈਆਂਵਾਲਾ ਹੋਰ ਆਗੂ ਹਾਜਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.