ਕੀ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਅਮਿਤਾਭ ਬਚਨ ਵੀ ਦੋਸ਼ੀ ਸੀ ?

ਕੀ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਅਮਿਤਾਭ ਬਚਨ ਵੀ ਦੋਸ਼ੀ ਸੀ ?

“ਇੰਦਰਾ ਮਾਤਾ ਕੇ ਖ਼ੂਨ ਕੇ ਛੀਂਟੇ, ਉਨ ਕੇ ਕਾਤਲੋਂ ਕੇ ਘਰ ਤਕ ਪਹੁੰਚਣੇ ਚਾਹੀਏ, ਖ਼ੂਨ ਕਾ ਬਦਲਾ ਖ਼ੂਨ”

ਜਦੋਂ-ਜਦੋਂ ਵੀ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਗੱਲ ਚੱਲਦੀ ਹੈ ਤਾਂ ਇਸ ਵਿੱਚ ਹੋਰਾਂ ਦੋਸ਼ੀਆਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਮਿਤਾਭ ਬਚਨ ਦਾ ਨਾਮ ਵੀ ਅਕਸਰ ਹੀ ਚਰਚਾ ਵਿੱਚ ਆਉਂਦਾ ਹੈ। ਅਕਸਰ ਹੀ ਕੁਝ ਸਿੱਖਾਂ, ਮੀਡੀਆ ਅਦਾਰਿਆਂ ਅਤੇ ਹੋਰ ਲੋਕਾਂ ਵੱਲੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਕੀ ਨਵੰਬਰ 1984 ਵਿੱਚ ਸਿੱਖਾਂ ਦੇ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ਵਿੱਚ ਅਮਿਤਾਭ ਬਚਨ ਵੀ ਦੋਸ਼ੀ ਸੀ ? ਉਸ ਦੀ ਕਿੰਨੀ ਕੁ ਅਤੇ ਕੀ ਭੂਮਿਕਾ ਸੀ ? ਕੀ ਉਸ ਖ਼ਿਲਾਫ਼ ਕੋਈ ਗਵਾਹ, ਸਬੂਤ ਜਾਂ ਤੱਥ ਹੈ ? ਜਦੋਂ ਮੈਂ ਇਸ ਬਾਰੇ ਖੋਜ-ਪੜਤਾਲ ਕਰ ਰਿਹਾ ਸੀ ਤਾਂ ਕੁਝ ਗਵਾਹੀਆਂ ਅਤੇ ਸਬੂਤ ਮੇਰੇ ਸਾਹਮਣੇ ਆਏ ਜੋ ਆਪ ਨਾਲ ਸਾਂਝਾ ਕਰ ਰਿਹਾ ਹਾਂ। 

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਟੈਂਕਾਂ-ਤੋਪਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਹੋਰ ਜੁਝਾਰੂਆਂ ਤੇ ਸੰਗਤਾਂ ਨੂੰ ਸ਼ਹੀਦ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ 'ਤੇ ਗੋਲ਼ੀਆਂ ਮਾਰੀਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੇ ਤੋਸ਼ਾਖਾਨਾ ਵੀ ਸਾੜਿਆ ਗਿਆ। ਜਿਸ ਦੇ ਬਦਲੇ ਵਜੋਂ ਦਿੱਲੀ ਵਿੱਚ ਭਾਈ ਕੇਹਰ ਸਿੰਘ ਦੀ ਪ੍ਰੇਰਨਾ ਸਦਕਾ 31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਮਲੋਆ ਤੇ ਭਾਈ ਸਤਵੰਤ ਸਿੰਘ ਅਗਵਾਨ ਨੇ ਇੰਦਰਾ ਗਾਂਧੀ ਨੂੰ ਗੋਲ਼ੀਆਂ ਮਾਰ ਕੇ ਸੋਧਿਆ ਤੇ ਖ਼ਾਲਸਾਈ ਇਨਸਾਫ਼ ਕੀਤਾ। ਫਿਰ ਜਦੋਂ ਇੰਦਰਾ ਗਾਂਧੀ ਦੀ ਲਾਸ਼ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਹਸਪਤਾਲ) ਲਿਆਂਦਾ ਗਿਆ ਤਾਂ ਓਥੇ ਦੁਪਹਿਰ ਤੋਂ ਬਾਅਦ ਰਾਜੀਵ ਗਾਂਧੀ ਅਤੇ ਅਮਿਤਾਭ ਬਚਨ ਵੀ ਆਇਆ। ਹਸਪਤਾਲ ਦੇ ਬਾਹਰ ਬਹੁਤ ਸਾਰੀ ਭੀੜ ਇਕੱਠੀ ਹੋਈ ਸੀ ਜੋ ਮਾਤਮ ਮਨਾਉਂਦੀ ਹੋਈ ਨਮ ਅੱਖਾਂ ਨਾਲ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇ ਰਹੀ ਸੀ ਤੇ 'ਇੰਦਰਾ ਗਾਂਧੀ ਅਮਰ ਰਹੇ' ਦੇ ਨਾਹਰੇ ਲਗਾਏ ਜਾ ਰਹੇ ਸਨ। 

ਪਰ ਜਦੋਂ ਸ਼ਾਮ ਸਾਢੇ ਕੁ ਚਾਰ ਵਜੇ ਰਾਜੀਵ ਗਾਂਧੀ ਅਤੇ ਅਮਿਤਾਭ ਬਚਨ ਉਸ ਹਸਪਤਾਲ ਵਿੱਚੋਂ ਬਾਹਰ ਨਿਕਲੇ ਤਾਂ ਅਮਿਤਾਭ ਦੀ ਨਿਗ੍ਹਾ ਇੱਕ ਕਾਂਗਰਸੀ ਸਿੱਖ ਉੱਤੇ ਪਈ ਜੋ ਇੰਦਰਾ ਦੇ ਮਰਨ 'ਤੇ ਓਥੇ ਸੋਗ ਵਜੋਂ ਆਇਆ ਸੀ। ਭਾਈ ਰਾਜਿੰਦਰਪਾਲ ਸਿੰਘ ਦਿੱਲੀ ਦੇ ਦੱਸਣ ਅਨੁਸਾਰ ਅਮਿਤਾਭ ਨੇ ਉਸ ਸਿਆਸੀ ਸਿੱਖ ਨੂੰ ਕਿਹਾ ਕਿ "ਅਰੇ ਸਿੱਖ! ਤੁਮ੍ਹਾਰਾ ਯਹਾਂ ਕਿਆ ਕਾਮ ? ਤੁਮ ਗ਼ੱਦਾਰ ਹੋ ?" ਇਹ ਕਹਿੰਦਿਆਂ ਸਾਰ ਹੀ ਅਮਿਤਾਭ ਬਚਨ ਨੇ ਉਸ ਸਿੱਖ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ ਅਤੇ ਓਥੇ ਹਾਜ਼ਰ ਲੋਕਾਂ ਨੂੰ ਕਹਿ ਦਿੱਤਾ ਕਿ "ਮਾਰੋ ਇਨਕੋ।" 

ਫਿਰ ਤੁਰੰਤ ਹੀ ਉਸ ਸਿੱਖ ਉੱਤੇ ਭੀੜ ਟੁੱਟ ਪਈ ਤੇ ਕੁੱਟ-ਕੁੱਟ ਕੇ ਉਸਦੀ ਬੁਰੀ ਹਾਲਤ ਕਰ ਦਿੱਤੀ। ਕਿਸੇ ਨੇ ਉਸ ਦੇ ਸਿਰ ਵਿੱਚ ਜ਼ੋਰਦਾਰ ਚੀਜ ਮਾਰੀ ਤੇ ਉਹ ਬੇਹੋਸ਼ ਹੋ ਗਿਆ ਤੇ ਫਿਰ ਉਸ ਨੂੰ ਗਲਿਆਰੇ ਵਿੱਚ ਹੀ ਲਿਟਾ ਦਿੱਤਾ ਗਿਆ ਜਿੱਥੇ ਉਸਨੂੰ ਦੂਜੇ ਦਿਨ ਹੋਸ਼ ਆਈ। ਇਸ ਸਿੱਖ ਨੇ ਇਹ ਸਾਰੀ ਵਿੱਥਿਆ ਮਿਸ਼ਰਾ ਕਮਿਸ਼ਨ ਕੋਲ ਦਰਜ਼ ਕਰਵਾਈ ਸੀ। ਇਸ ਦੇ ਨਾਲ ਹੀ ਰਾਜੀਵ ਗਾਂਧੀ ਦੇ ਕੋਲ ਖੜ੍ਹ ਕੇ ਭੀੜ ਨੂੰ ਸੰਬੋਧਨ ਕਰਦਿਆਂ ਅਮਿਤਾਭ ਬਚਨ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ "ਇੰਦਰਾ ਮਾਤਾ ਕੇ ਖ਼ੂਨ ਕੇ ਛੀਂਟੇ, ਉਨ ਕੇ ਕਾਤਲੋਂ ਕੇ ਘਰ ਤਕ ਪਹੁੰਚਣੇ ਚਾਹੀਏ, ਖ਼ੂਨ ਕਾ ਬਦਲਾ ਖ਼ੂਨ।" 

ਇਹ ਫ਼ਿਰਕੂ ਨਾਹਰਾ ਲਗਾ ਕੇ ਅਮਿਤਾਭ ਬਚਨ ਨੇ ਸਿੱਖਾਂ ਦੀ ਨਸਲਕੁਸ਼ੀ ਦਾ ਮੁੱਢ ਬੰਨ੍ਹ ਦਿੱਤਾ ਤੇ ਇਸ ਫ਼ਿਲਮੀ ਨਾਇਕ ਨੇ ਆਪਣਾ ਪ੍ਰਭਾਵ ਪਾਉਂਦਿਆਂ ਇਹਨਾਂ ਸ਼ਬਦਾਂ ਰਾਹੀਂ ਭੀੜ ਨੂੰ ਬੇਹੱਦ ਉਕਸਾ ਦਿੱਤਾ ਤੇ ਓਥੇ "ਖ਼ੂਨ ਕਾ ਬਦਲਾ ਖ਼ੂਨ" ਦੇ ਨਾਹਰੇ ਲੱਗਣੇ ਸ਼ੁਰੂ ਹੋ ਗਏ। ਕਾਂਗਰਸੀ ਆਗੂ ਹਰਕ੍ਰਿਸ਼ਨ ਲਾਲ ਭਗਤ ਨੇ ਉਸੇ ਸਮੇਂ ਭੀੜ ਨੂੰ ਕਿਹਾ ਕਿ "ਅਬ ਕਿਸ ਕਾ ਇੰਤਜ਼ਾਰ ਕਰ ਰਹੇ ਹੋ, ਅਬ ਜੋ ਕਰਨਾ ਹੈ ਵੋਹ ਕਰੋ!" ਇਹ ਸੁਣਦਿਆਂ ਸਾਰ ਹੀ ਭੀੜ ਹਿੰਸਕ ਹੋ ਗਈ ਤੇ ਜਿਹੜੇ ਕਾਂਗਰਸ ਨਾਲ਼ ਸਬੰਧ ਰੱਖਣ ਵਾਲੇ ਸਿਆਸੀ ਸਿੱਖ ਵੀ ਓਥੇ ਆਏ ਹੋਏ ਸਨ ਤਾਂ ਹਿੰਦੂਆਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਤੇ ਇੱਕ-ਦੋ ਸਿੱਖ ਮੌਕੇ ਉੱਤੇ ਹੀ ਮਾਰ ਦਿੱਤੇ ਤੇ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ। 

ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਬਾਬੂ ਸਿੰਘ ਦੁਖੀਆ, ਬੀਬੀ ਜਗਦੀਸ਼ ਕੌਰ ਅਤੇ ਭਾਈ ਅਜਮੇਰ ਸਿੰਘ ਰੰਧਾਵਾ ਅਨੁਸਾਰ ਅਮਿਤਾਭ ਬਚਨ ਵੱਲੋਂ ਲਗਾਏ ਇਹ ਨਾਹਰੇ ਜੋ ਆਲ ਇੰਡੀਆ ਰੇਡੀਓ ਅਤੇ ਦਿੱਲੀ ਦੂਰਦਰਸ਼ਨ ਟੀ.ਵੀ. ਉੱਤੇ ਵੀ ਵਾਰ-ਵਾਰ ਵਿਖਾਏ ਗਏ ਜਿਸ ਨਾਲ ਸਿੱਖਾਂ ਵਿਰੁੱਧ ਦੇਸ਼ ਭਰ ਵਿੱਚ ਅੱਗ ਭੜਕ ਉੱਠੀ। ਬੀਬੀ ਜਗਦੀਸ਼ ਕੌਰ ਜੀ ਜਿਨ੍ਹਾਂ ਦਾ ਪਤੀ, ਪੁੱਤਰ ਅਤੇ ਭਰਾ ਜੋ ਫ਼ਿਰਕੂ ਹਿੰਦੂਤਵੀ ਭੀੜ ਵੱਲੋਂ ਮਾਰੇ ਗਏ, ਉਹ ਬੀਬੀ ਜੀ ਅਮਿਤਾਭ ਬਚਨ ਵਿਰੁੱਧ ਆਪਣੇ ਬਿਆਨਾਂ ਵਿੱਚ ਦੱਸਦੇ ਹਨ ਕਿ ਉਹਨਾਂ ਨੇ ਖ਼ੁਦ ਟੀ.ਵੀ. ਉੱਤੇ ਅਮਿਤਾਭ ਬਚਨ ਨੂੰ ਇਹ ਨਾਹਰੇ ਲਗਾਉਂਦੇ ਵੇਖਿਆ। ਅਮਿਤਾਭ ਨੇ ਭਾਵੇਂ ਕੋਈ ਆਪ ਕਤਲ ਨਾ ਕੀਤਾ ਹੋਵੇ, ਪਰ ਉਹ ਭੀੜ ਨੂੰ ਉਕਸਾਉਣ ਅਤੇ ਹਜ਼ਾਰਾਂ ਸਿੱਖਾਂ ਦੇ ਕਤਲ ਕਰਵਾਉਣ ਦਾ ਦੋਸ਼ੀ ਹੈ। ਇਸ ਲਈ ਇਸ ਕੇਸ ਵਿੱਚ ਅਮਿਤਾਭ ਬਚਨ ਦੀ ਜਾਂਚ ਕਰਕੇ ਉਸਨੂੰ ਸਜ਼ਾ ਹੋਣੀ ਚਾਹੀਦੀ ਹੈ। ਬੀਬੀ ਜੀ ਆਖਦੇ ਹਨ ਕਿ ਅਮਿਤਾਭ ਭਾਵੇਂ ਹੁਣ ਇਹ ਕਹਿ ਰਿਹਾ ਹੈ ਕਿ "ਉਹ ਵੀ ਸਿੱਖ ਪਰਿਵਾਰ ਵਿੱਚੋਂ ਹੈ, ਉਸਦੇ ਮਾਤਾ ਜੀ ਵੀ ਸਿੱਖ ਸਨ।" ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਫਿਰ ਤਾਂ ਅਮਿਤਾਭ ਨੂੰ ਇਹ ਫ਼ਿਰਕੂ ਨਾਹਰਾ ਲਗਾਉਣ ਲੱਗਿਆਂ ਸੋਚਣਾ ਚਾਹੀਦਾ ਸੀ ਕਿ ਉਸਦੇ ਇਹਨਾਂ ਜ਼ਹਿਰੀਲੇ ਬੋਲਾਂ ਨਾਲ ਸਿੱਖ ਕੌਮ ਦਾ ਘਾਣ ਹੋ ਜਾਵੇਗਾ ਕਿਉਂਕਿ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਸਿੱਖੀ ਸਰੂਪ ਵਿੱਚ ਅਤੇ ਸਿੱਖ ਪਰਿਵਾਰਾਂ ਵਿੱਚੋਂ ਸਨ। ਪਰ ਮਰੀ ਹੋਈ ਇੰਦਰਾ ਨੂੰ ਵੇਖ ਕੇ ਅਮਿਤਾਭ ਭੜਕ ਉੱਠਿਆ ਤੇ ਉਸਨੇ ਹੋਰਾਂ ਨੂੰ ਵੀ ਸਿੱਖਾਂ ਵਿਰੁੱਧ ਭੜਕਾ ਦਿੱਤਾ। ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਅਮਿਤਾਭ ਦਾ ਨਾਹਰਾ ਸੁਣ ਕੇ ਤਾਂ ਫ਼ਿਰਕੂ ਭੀੜ ਨੇ ਓਥੇ ਇੱਕ ਪੰਦਰਾਂ ਕੁ ਸਾਲਾਂ ਦੇ ਸਿੱਖ ਬੱਚੇ ਨੂੰ ਵੀ ਲਾਈਨ ਵਿੱਚੋਂ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ‌। ਇੰਦਰਾ ਦੇ ਸਸਕਾਰ ਮੌਕੇ ਵੀ ਰਾਜੀਵ ਗਾਂਧੀ ਦੇ ਨਾਲ ਅਮਿਤਾਭ ਬਚਨ ਹਾਜ਼ਰ ਸੀ, ਉਸ ਮੌਕੇ ਦੀਆਂ ਤਸਵੀਰਾਂ ਵੀ ਮੌਜੂਦ ਹਨ। 

ਸ. ਬਾਬੂ ਸਿੰਘ ਦੁਖੀਆ (ਤ੍ਰਿਲੋਕਪੁਰੀ) ਜਿਨ੍ਹਾਂ ਦੇ 40 ਦੇ ਕਰੀਬ ਮੈਂਬਰ ਇਸ ਕਤਲੇਆਮ ਵਿੱਚ ਬੇ-ਦਰਦੀ ਨਾਲ ਮਾਰ ਦਿੱਤੇ ਗਏ, ਉਹ ਬਾਬੂ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਵੀ ਖ਼ੁਦ ਰੇਡੀਓ ਅਤੇ ਟੀ.ਵੀ. ਉੱਤੇ ਇੰਦਰਾ ਗਾਂਧੀ ਦੇ ਸਸਕਾਰ ਮੌਕੇ ਅਮਿਤਾਭ ਬਚਨ ਦਾ ਇਹ ਨਾਹਰਾ ਸੁਣਿਆ-ਵੇਖਿਆ ਜਿਸ ਤੋਂ ਅਗਲੇ ਦਿਨ ਸਿੱਖਾਂ ਦੇ ਖ਼ੂਨ ਦੀਆਂ ਨਦੀਆਂ ਵਹਿ ਗਈਆਂ। ਬਾਬੂ ਸਿੰਘ ਨੇ ਆਪਣੀ ਵੀਡੀਓ ਵਿੱਚ ਇਹ ਵੀ ਦੱਸਿਆ ਕਿ ਉਹਨਾਂ ਨੇ ਜੱਜ ਐਸ.ਐਸ. ਬੱਲ ਕੋਲ ਇਹ ਬਿਆਨ ਵੀ ਦਰਜ਼ ਕਰਵਾਉਣੇ ਚਾਹੇ ਪਰ ਅੱਗੋਂ ਇਹ ਜੱਜ ਜੋ ਅਮਿਤਾਭ ਬਚਨ ਦਾ ਨਾਮ ਸੁਣ ਕੇ ਸਾਨੂੰ ਦਬਕੇ ਮਾਰਨ ਲੱਗ ਪਿਆ। ਉਹਨਾਂ ਕਿਹਾ ਕਿ ਅਸੀਂ ਅਮਿਤਾਭ ਬਚਨ ਦਾ ਨਾਮ ਪੁਲਿਸ, ਸਰਕਾਰ, ਪ੍ਰੈੱਸ ਅਤੇ ਸੀ.ਬੀ.ਆਈ. ਨੂੰ ਵੀ ਦੱਸਿਆ ਪਰ ਉਸ ਉੱਤੇ ਕਾਰਵਾਈ ਨਹੀਂ ਕੀਤੀ ਗਈ। ਅਮਿਤਾਭ ਬਚਨ ਵਿਰੁੱਧ ਸਰਕਾਰ ਕੋਲ ਸਾਰੇ ਰਿਕਾਰਡ ਅਤੇ ਸਬੂਤ ਮੌਜੂਦ ਹਨ ਪਰ ਅਮਿਤਾਭ ਦੀ ਤਾਕਤ ਅਤੇ ਵੱਡੀ ਪਹੁੰਚ ਹੋਣ ਕਰਕੇ ਉਹ ਸਾਰੇ ਸਬੂਤ ਲੁਕਾਏ ਅਤੇ ਨਸ਼ਟ ਕੀਤੇ ਜਾ ਰਹੇ ਹਨ। ਕੋਈ ਵੀ ਸਰਕਾਰ, ਕਮਿਸ਼ਨ, ਅਦਾਲਤਾਂ ਅਤੇ ਪੁਲਿਸ ਸਿੱਖਾਂ ਨੂੰ ਇਨਸਾਫ ਦੇਣ ਲਈ ਤਿਆਰ ਨਹੀਂ ਹੈ। 

ਅਮਿਤਾਭ ਬਚਨ ਦੀ ਮਾਂ ਤੇਜੀ ਬਚਨ (ਜਿਸਦਾ ਪਹਿਲਾ ਨਾਮ ਤੇਜਵੰਤ ਕੌਰ ਸੀ) ਜੋ ਸ. ਖਜਾਨ ਸਿੰਘ ਅਤੇ ਅਮਰ ਕੌਰ ਦੀ ਪੁੱਤਰੀ ਸੀ। ਉਹ 1947 ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਸਾਈਕੋਲੋਜੀ ਦੀ ਪ੍ਰੋਫ਼ੈਸਰ ਸੀ। ਉਸ ਦਾ ਵਿਆਹ ਅਮਿਤਾਭ ਬਚਨ ਦੇ ਪਿਤਾ ਹਰੀਵੰਸ਼ ਰਾਏ ਬਚਨ ਨਾਲ ਹੋਇਆ ਜੋ ਉਸ ਸਮੇਂ ਇਲਾਹਾਬਾਦ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ ਤੇ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ਼ ਕਾਫ਼ੀ ਨੇੜਤਾ ਤੇ ਮਿੱਤਰਤਾ ਸੀ। ਫਿਰ ਤੇਜੀ ਬਚਨ ਦੇ ਇਹੀ ਸੰਬੰਧ ਅੱਗੇ ਇੰਦਰਾ ਗਾਂਧੀ ਨਾਲ ਵਧੇ ਤੇ ਉਸ ਦਾ ਪੁੱਤਰ ਅਮਿਤਾਭ ਬਚਨ ਜੋ ਇੰਦਰਾ ਗਾਂਧੀ ਨੂੰ ਵੀ ਆਪਣੀ ਮਾਤਾ ਮੰਨਦਾ ਸੀ ਤੇ ਅੱਗੋਂ ਇਹ ਰਾਜੀਵ ਗਾਂਧੀ ਦੇ ਵੀ ਬਹੁਤ ਨੇੜੇ ਰਿਹਾ। 

ਇੰਦਰਾ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਜਿਸ ਨੇ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਬਿਆਨ ਦਿੱਤਾ ਸੀ ਕਿ "ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿੱਲਤੀ ਹੀ ਹੈ।" ਜੇ ਅਮਿਤਾਭ ਬਚਨ ਨੂੰ ਸਿੱਖਾਂ ਨਾਲ ਰੱਤਾ ਜਿੰਨੀ ਵੀ ਹਮਦਰਦੀ ਹੁੰਦੀ ਤਾਂ ਉਹ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਨਾ ਦਿੰਦਾ, ਉਸਦੇ ਸਸਕਾਰ 'ਤੇ ਨਾ ਪਹੁੰਚਦਾ, ਇਸ ਗਾਂਧੀ ਪਰਿਵਾਰ ਨਾਲ਼ੋਂ ਆਪਣਾ ਨਾਤਾ ਤੋੜਦਾ ਤੇ ਸਿੱਖ ਕੌਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਜਿਵੇਂ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਨੇ ਸਿੱਖ ਕੌਮ ਲਈ 'ਹਾਅ ਦਾ ਨਾਹਰਾ' ਮਾਰਿਆ ਸੀ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ 'ਰੱਬ ਦੇ ਘਰ ਉੱਤੇ ਹੋਇਆ ਹਮਲਾ ਦੱਸਿਆ ਸੀ' ਤੇ ਉਹ ਬੰਬੇ ਤੋਂ ਪੈਦਲ ਚੱਲ ਕੇ ਸ਼ਰਧਾ-ਭਾਵਨਾ ਤੇ ਸਤਿਕਾਰ ਨਾਲ ਸ੍ਰੀ ਦਰਬਾਰ ਸਾਹਿਬ ਆਇਆ ਸੀ। 

ਪਰ ਇਸ ਦੇ ਉਲ਼ਟ ਅਮਿਤਾਭ ਨੇ ਗਾਂਧੀ ਪਰਿਵਾਰ ਨਾਲ ਖੜ੍ਹ ਕੇ ਸਿੱਖ ਕੌਮ ਦੀ ਨਸਲਕੁਸ਼ੀ ਕਰਵਾਈ। ਅਮਿਤਾਭ ਬਚਨ ਵਿਰੁੱਧ ਬਹੁਤ ਸਾਰੇ ਬਿਆਨ, ਗਵਾਹੀਆਂ, ਸਬੂਤ ਅਤੇ ਪ੍ਰਤੱਖਦਰਸ਼ੀ ਮੌਜੂਦ ਹਨ। ਪਰ ਕਮਲ ਨਾਥ, ਜਗਦੀਸ਼ ਟਾਈਟਲਰ, ਹਰਕ੍ਰਿਸ਼ਨ ਲਾਲ ਭਗਤ ਤੇ ਹੋਰਾਂ ਦੋਸ਼ੀਆਂ ਵਾਂਗ ਭਾਰਤ ਸਰਕਾਰ ਨੇ ਅਮਿਤਾਭ ਬਚਨ ਦਾ ਵੀ ਵਾਲ ਨਹੀਂ ਵਿੰਗਾ ਹੋਣ ਦਿੱਤਾ। ਅਕਸਰ ਹੀ ਪੰਥਕ ਰਸਾਲਿਆਂ, ਪਰਚਿਆਂ, ਕਿਤਾਬਾਂ, ਅਖ਼ਬਾਰਾਂ ਅਤੇ ਸਟੇਜਾਂ ਉੱਤੇ ਅਮਿਤਾਭ ਬਚਨ ਦੇ ਨਾਮ ਦਾ ਜ਼ਿਕਰ ਹੁੰਦਾ ਹੈ ਤੇ ਪੰਥਕ ਜਥੇਬੰਦੀਆਂ ਅਤੇ ਜਾਗਰੂਕ ਸਿੱਖਾਂ ਵੱਲੋਂ ਉਸਨੂੰ ਦੋਸ਼ੀਆਂ ਵਾਲੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ। 

ਅਮਿਤਾਭ ਬਚਨ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਸੀ ਤਾਂ ਉਸ ਸਮੇਂ ਵੀ ਵਿਰੋਧ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਇਹ ਇਜਾਜ਼ਤ ਕਿਉਂ ਦਿੱਤੀ! ਜਦੋਂ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਵਿਡ ਸੈਂਟਰ ਹਸਪਤਾਲ ਨੂੰ ਅਮਿਤਾਭ ਬਚਨ ਨੇ ਦੋ ਕਰੋੜ ਰੁਪਏ ਦਾ ਚੈੱਕ ਸਹਾਇਤਾ ਵਜੋਂ ਦਿੱਤਾ ਤਾਂ ਉਸ ਸਮੇਂ ਵੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਕੌਮ ਦਾ ਵਿਰੋਧ ਝੱਲਣਾ ਪਿਆ। ਸਿੱਖਾਂ ਨੇ ਕਿਹਾ ਕਿ ਸਾਨੂੰ ਕਾਤਲਾਂ ਦਾ ਪੈਸਾ ਪ੍ਰਵਾਨ ਨਹੀਂ ਕਰਨਾ ਚਾਹੀਦਾ। 

ਜਦੋਂ 'ਕੌਣ ਬਣੇਗਾ ਕਰੋੜਪਤੀ' ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਅਮਿਤਾਭ ਬਚਨ ਦੇ ਪੈਰ ਛੂਹੇ ਤਾਂ ਦੁਨੀਆਂ ਭਰ ਦੇ ਸਿੱਖਾਂ ਨੇ ਦਿਲਜੀਤ ਦਾ ਵਿਰੋਧ ਕੀਤਾ। ਕਿਉਂਕਿ ਅਮਿਤਾਭ ਬਚਨ ਨੂੰ ਸਿੱਖ ਨਸਲਕੁਸ਼ੀ 'ਚ ਦੋਸ਼ੀ ਮੰਨਿਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਿਤਾਭ ਬਚਨ ਬਾਰੇ ਬੋਲਦਿਆਂ ਕਿਹਾ ਸੀ ਕਿ "ਭਾਵੇਂ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੱਤਰ ਭੇਜ ਕੇ ਅਮਿਤਾਭ ਬਚਨ ਨੇ ਆਪਣੇ ਆਪ ਨੂੰ ਬੇਗੁਨਾਹ ਅਤੇ ਨਿਰਦੋਸ਼ ਕਿਹਾ ਸੀ, ਪਰ ਸਿੱਖ ਚੇਤਨਾ ਉਸਨੂੰ ਬੇਕਸੂਰ ਨਹੀਂ ਮੰਨਦੀ ਤੇ ਉਸ ਵਿਰੁੱਧ ਸਿੱਖਾਂ ਵੱਲੋਂ ਦਿੱਤੀ ਗਵਾਹੀ ਦੀ ਸਰਕਾਰਾਂ ਅਤੇ ਏਜੰਸੀਆਂ ਨੇ ਕੋਈ ਜਾਂਚ ਨਹੀਂ ਕੀਤੀ। ਜਿਸ ਨੇ ਵੀ ਸਾਡੇ ਨਾਲ ਧੱਕਾ ਅਤੇ ਬੇਇਨਸਾਫ਼ੀ ਕੀਤੀ ਹੈ, ਸਿੱਖਾਂ ਨੇ ਉਹਨਾਂ ਦੇ ਨਾਮ ਦਿਲ ਉੱਤੇ ਲਿਖੇ ਹੋਏ ਹਨ। ਕੋਈ ਦੁਨਿਆਵੀ ਅਦਾਲਤ ਜਾਂ ਸਰਕਾਰਾਂ ਤੋਂ ਚਾਹੇ ਬਚ ਜਾਵੇ ਉਹ ਵੱਖਰੀ ਗੱਲ ਹੈ ਪਰ ਸਿੱਖਾਂ ਦੀ ਨਜ਼ਰ ਵਿੱਚ ਉਹ ਦੋਸ਼ੀ ਹੈ ਜਿਸ ਨੇ ਵੀ ਸਿੱਖਾਂ ਦੀ ਨਸਲਕੁਸ਼ੀ ਵਿੱਚ ਯੋਗਦਾਨ ਪਾਇਆ ਹੈ।" 

ਭਾਈ ਬੇਅੰਤ ਸਿੰਘ ਨਾਲ ਭਾਈ ਕੇਹਰ ਸਿੰਘ ਦਾ ਮਿਲਾਪ ਅਤੇ ਸੰਬੰਧ ਹੋਣ ਕਰਕੇ ਜੇਕਰ ਭਾਈ ਕੇਹਰ ਸਿੰਘ ਨੂੰ ਭਾਰਤ ਸਰਕਾਰ ਫਾਂਸੀ ਦੇ ਸਕਦੀ ਹੈ ਤਾਂ ਫਿਰ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਿੱਚ ਦੋਸ਼ੀ ਅਮਿਤਾਭ ਬਚਨ ਨੂੰ ਸਜ਼ਾ ਕਿਉਂ ਨਹੀਂ ? ਸਿੱਖ ਕੌਮ ਜਵਾਬ ਮੰਗਦੀ ਹੈ! ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਸਿੱਖ ਕਦੇ ਨਹੀਂ ਭੁੱਲਣਗੇ ਤੇ ਨਾ ਹੀ ਦੋਸ਼ੀਆਂ ਨੂੰ ਮਾਫ਼ ਕਰਨਗੇ। ਗੁਰਦੁਆਰਿਆਂ ਨੂੰ ਲਾਈਆਂ ਅੱਗਾਂ, ਸਿੱਖਾਂ ਦੇ ਗਲਾਂ 'ਚ ਬਲ਼ਦੇ ਟਾਇਰ, ਬੀਬੀਆਂ ਦੀਆਂ ਲੁੱਟੀ ਪੱਤ, ਬੱਚਿਆਂ ਦੀਆਂ ਚੀਕਾਂ, ਫੂਕੀਆਂ ਹੋਈਆਂ ਜਾਇਦਾਦਾਂ, ਚੌਂਕ-ਚੁਰਾਹੇ ਰੁਲਦੀਆਂ ਪੱਗਾਂ ਤੇ ਚੁੰਨੀਆਂ ਅੱਜ ਵੀ ਸਾਡੀਆਂ ਅੱਖਾਂ ਅੱਗੇ ਘੁੰਮਦੀਆਂ ਹਨ। ਅਮਿਤਾਭ ਬਚਨ ਨੂੰ ਸਿੱਖ ਕੌਮ ਜੋ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਦੋਸ਼ੀ ਮੰਨਦੀ ਹੈ ਤੇ ਮੰਨਦੀ ਰਹੇਗੀ। 

                 ਰਣਜੀਤ ਸਿੰਘ ਦਮਦਮੀ ਟਕਸਾਲ 
          (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
                ਮੋ: +918872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.