ਦ ਕਸ਼ਮੀਰ ਫਾਈਲਜ਼’ ਤੇ ‘ਦ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਨੂੰ ਬਿਨ੍ਹਾਂ ਕਿਸੇ ਰੋਕ ਕੀਤਾ ਪ੍ਰਮੋਟ ਪ੍ਰੰਤੂ ਪੰਜਾਬ ’ਚ ਹੋਏ ਅੱਤਿਆਚਾਰਾਂ ਨੂੰ ਜ਼ਾਹਰ ਕਰਦੀ ਫਿਲਮ 'ਸਤਲੁਜ' 'ਤੇ ਸਾਜ਼ਿਸ਼ ਤਹਿਤ ਲਾਈ ਰੋਕ : ਹਰਦੀਪ ਸਿੰਘ ਬੁਟਰੇਲਾ
- ਰਾਜਨੀਤੀ
- 07 Jul, 2026 12:28 PM (Asia/Kolkata)
ਚੰਡੀਗੜ੍ਹ, 7 ਜੁਲਾਈ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਟੇਟ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾ ਦਿੱਤੇ ਜਾਣ ਉਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਭਾਜਪਾ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਕੇਂਦਰ ਵਿਚਲੀ ਭਾਜਪਾ ਸਰਕਾਰ ਉਤੇ ਵਰ੍ਹਦਿਆਂ "ਆਪ" ਆਗੂ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਇਸ ਨਾਲ ਭਾਜਪਾ ਦਾ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਨਫ਼ਰਤ ਨਾਲ ਭਰਿਆ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਮਨਾਂ ’ਚੋਂ ਪਾਰਟੀ ਪ੍ਰਤੀ ਦੂਰੀਆਂ ਘਟਾਉਣ ਲਈ ਜ਼ੋਰ ਲਾ ਰਹੀ ਹੈ ਪਰੰਤੂ ਦੂਜੇ ਪਾਸੇ ਅਜਿਹੇ ਫੈਸਲੇ ਲੈ ਕੇ ਦੂਰੀਆਂ ਵਧਾ ਰਹੀ ਹੈ। ਇਸ ਦਾ ਖਾਮਿਆਜਾ ਭਾਜਪਾ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਫਿਲਮ ਉਤੇ ਰੋਕ ਲੱਗਣ ਤੋਂ ਬਾਅਦ ਲੋਕਾਂ ਵਿੱਚ ਫਿਲਮ ਪ੍ਰਤੀ ਦਿਲਚਸਪੀ ਹੋਰ ਵਧ ਗਈ ਹੈ ਅਤੇ ਪੰਜਾਬ ਭਰ ’ਚ ਸੋਸ਼ਲ ਮੀਡੀਆ ’ਤੇ ਫਿਲਮ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦ ਕਸ਼ਮੀਰ ਫਾਈਲਜ਼’ ਅਤੇ ‘ਦ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਨੂੰ ਬਿਨਾਂ ਕਿਸੇ ਰੋਕ ਤੋਂ ਪ੍ਰਮੋਟ ਕੀਤਾ ਜਾਂਦਾ ਹੈ ਪਰ ਜਦੋਂ ਕੋਈ ਫਿਲਮ ਪੰਜਾਬ ’ਚ ਹੋਏ ਅੱਤਿਆਚਾਰਾਂ ਬਾਰੇ ਸਵਾਲ ਖੜ੍ਹੇ ਕਰਦੀ ਹੈ ਤਾਂ ਉਸ ਨੂੰ ਗ਼ਾਇਬ ਕਰ ਦਿੱਤਾ ਜਾਂਦਾ ਹੈ। "ਆਪ" ਆਗੂ ਹਰਦੀਪ ਸਿੰਘ ਬੁਟੇਰਲਾ ਨੇ ਮੰਗ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਬਣੀ ਇਹ ਫਿਲਮ ‘ਸਤਲੁਜ’ ਫਿਲਮ ਬਿਨਾਂ ਦੇਰੀ ਬਹਾਲ ਕੀਤੀ ਜਾਵੇ।
Leave a Reply