29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾ

29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾ

29 ਅਪ੍ਰੈਲ 1986 - ਖ਼ਾਲਿਸਤਾਨ ਦਾ ਐਲਾਨਨਾਮਾ


ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥
ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ ਸਾਹਿਬ।
ਪੰਜ ਮੈਂਬਰੀ ਪੰਥਕ ਕਮੇਟੀ
 

1699 ਈ: ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਪੰਥ ਖ਼ਾਲਸਾ ਇੱਕ ਵਾਰ ਮੁੜ ਫੇਰ ‘ਧਰਿ ਤੇਜ ਕਰਾਰਾ’ ਗੁਰੂ ਜੀ ਦੇ ਬਖ਼ਸ਼ੇ ਹੋਏ ‘ਰਾਜ ਕਰੇਗਾ ਖ਼ਾਲਸਾ’ ਦਾ 26 ਜਨਵਰੀ 1986 ਦੇ ‘ਸਰਬੱਤ ਖ਼ਾਲਸਾ’ ਦੁਆਰਾ ਸਾਜੀ ਹੋਈ ਪੰਜ ਮੈਂਬਰੀ ਪੰਥਕ ਕਮੇਟੀ ਰਾਹੀਂ ‘ਖ਼ਾਲਿਸਤਾਨ’ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ।
ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਰੀ ਦੁਨੀਆਂ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ-ਹਕੂਮਤਾਂ ਦੇ ਸਾਮ੍ਹਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖ਼ਾਲਸਾ ਪੰਥ ਦਾ ਆਪਣਾ ਘਰ ‘ਖ਼ਾਲਿਸਤਾਨ’ ਹੋਵੇਗਾ, ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲ਼ਿਆਂ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲ਼ਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ।
‘ਖ਼ਾਲਿਸਤਾਨ’ ਦਾ ਨਾਹਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ 3 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫ਼ੌਜੀ ਹਮਲੇ ਦੇ ਅਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ਼ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖ਼ਾਲਸਾ ਦੇ ਸਮੇਂ ਪ੍ਰੋੜ੍ਹਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ‘ਰਾਜ ਕਰੇਗਾ ਖ਼ਾਲਸਾ’ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ‘ਖ਼ਾਲਿਸਤਾਨ’ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ‘ਸਰਬੱਤ ਖ਼ਾਲਸਾ’ ਸਮੇਂ ਸਥਾਪਤ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਅੱਜ ਖ਼ਾਲਿਸਤਾਨ ਦਾ ਐਲਾਨ ਕਰਦੀ ਹੈ।
ਖ਼ਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ ਸਿੰਘਾਂ-ਸਿੰਘਣੀਆਂ ਅਤੇ ਮਾਈ-ਭਾਈ ਨੂੰ ਖ਼ਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪਣੀ-ਆਪਣੀ ਥਾਂ ਅਤੇ ਆਪਣੀ-ਆਪਣੀ ਸਥਿਤੀ ਮੁਤਾਬਿਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ, ਮਨ, ਧਨ ਅਰਪੀ ਬਣ ਕੇ ਗੁਰ-ਸਾਖੀ ਪ੍ਰਵਾਨ ਚੜ੍ਹ ਸਕੀਏ।
‘ਮਰਣੁ ਮੁਣਸਾ ਸੂਰਿਆ ਹਕ ਹੈ ਜੋ ਹੋਇ ਮਰਣੁ ਪਰਵਾਣੋ’ ਦੇ ਕਥਨ ਅਨੁਸਾਰ ਹਰ ਕੁਰਬਾਨੀ ਤੇ ਘਾਲਣਾ ਲਈ ਤਿਆਰ-ਬਰ-ਤਿਆਰ ਰਹਿਣ ਦਾ ਇਹ ਬਿਗਲ ਅੱਜ ਪੰਜ ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ।
ਖ਼ਾਲਸਾ ਪੰਥ ਦਾ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ਼ ਗੁਰੂ ਦੀ ਮਿਹਰ ਨਾਲ਼ ਕਾਰਜ-ਸਿੱਧੀ ਕਰਨਾ ਹੈ। ਸਾਡਾ ‘ਨਾ ਕੋ ਵੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕੋ ਬਣਿ ਆਈ’ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉੱਥਲ-ਪੁੱਥਲ ਕਰਨ ਅਤੇ ਅਜਾਈਂ ਲਹੂ ਡੋਲ੍ਹਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੋ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਮ੍ਹਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲ ਸਿੱਖ ਵਿਰੋਧੀ ਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਹੋਇਆਂ ਅਸਲੀਅਤ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ‘ਖ਼ਾਲਿਸਤਾਨ’ ਦੀ ਹੋਂਦ ਨੂੰ ਮਾਨਤਾ ਦੇਵੇਗੀ, ਇਹੋ ਹੀ ਭਾਰਤ ਦਾ ਅਸਲੀ ਸਤਿਆਗ੍ਰਹਿ ਹੋਵੇਗਾ।
ਰਾਜਸੀ ਮਾਨਤਾ
ਖ਼ਾਲਸਾ ਪੰਥ ਦੁਨੀਆਂ ਦੀਆਂ ਸਭ ਸਰਕਾਰਾਂ/ਹਕੂਮਤਾਂ ਪਾਸੋਂ ਖ਼ਾਸ ਕਰਕੇ ਅਮਰੀਕਾ (ਯੂ.ਐਸ.ਏ.), ਇੰਗਲੈਂਡ, ਪਾਕਿਸਤਾਨ, ਚੀਨ, ਕੈਨੇਡਾ, ਵੈਸਟ ਜਰਮਨੀ ਅਤੇ ਵਾਰਸਾ ਸੰਧੀ ਦੇਸਾਂ ਇਟਲੀ, ਫ਼ਰਾਂਸ, ਜਪਾਨ, ਸ੍ਰੀਲੰਕਾ, ਨੇਪਾਲ, ਬਰਮਾ, ਭੂਟਾਨ, ਬੰਗਲਾ ਦੇਸ, ਇਰਾਨ, ਇਰਾਕ, ਸਾਊਦੀ ਅਰਬ, ਇਜ਼ਰਾਈਲ, ਇਕਵਾਡੋਰ ਆਦਿ ਸਭ ਸਰਕਾਰਾਂ ਪਾਸੋਂ ਰਾਜਸੀ ਮਾਨਤਾ ਦੀ ਮੰਗ ਕਰਦਾ ਹੈ। ਯੂ.ਐੱਨ.ਓ. ਅਤੇ ਉਸ ਦੇ ਸਾਰੇ ਮੈਂਬਰ ਦੇਸਾਂ ਤੋਂ ਵੀ ਅਸੀਂ ਰਾਜਸੀ ਮਾਨਤਾ ਦੀ ਮੰਗ ਕਰਦੇ ਹਾਂ। ਯੂ.ਐੱਨ.ਓ. ਪਾਸ ਅਸੀਂ ‘ਖ਼ਾਲਿਸਤਾਨ’ ਸੰਬੰਧੀ ਸਿਆਸੀ, ਫ਼ੌਜੀ ਅਤੇ ਮਨੁੱਖੀ ਹੱਕਾਂ ਦੇ ਪੈਦਾ ਹੋਏ ਅਤੇ ਪੈਦਾ ਹੋਣ ਵਾਲ਼ੇ ਮਸਲਿਆਂ ਵਿੱਚ ਵੀ ਸਹਾਇਤਾ ਦੀ ਮੰਗ ਕਰਦੇ ਹਾਂ।
ਅਸੀਂ ਆਸ ਰੱਖਦੇ ਹਾਂ ‘ਖ਼ਾਲਿਸਤਾਨ’ ਦੀ ਨਵੀਂ ਬਣਨ ਵਾਲ਼ੀ ਸਰਕਾਰ ਛੇਤੀ ਤੋਂ ਛੇਤੀ ਹੋਂਦ ਵਿੱਚ ਆ ਜਾਵੇਗੀ, ਪਰ ਇਹ ਰਾਜਸੀ ਮਾਨਤਾ ਦੀ ਮੰਗ ਪੰਥ ਆਪਣੀ ਇਸ ਸਰਕਾਰ ਵੱਲੋਂ ਹੀ ਮੰਗ ਰਿਹਾ ਹੈ ਤਾਂ ਜੋ ਮਾਨਤਾ ਦੀ ਦੇਰੀ ਕਾਰਨ ਪੈਦਾ ਹੋਣ ਵਾਲ਼ੇ ਮਸਲੇ ਖੜ੍ਹੇ ਹੋਣ ਤੋਂ ਪਹਿਲਾਂ ਹੀ ਰੋਕੇ ਜਾ ਸਕਣ। ਭਾਰਤ ਸਰਕਾਰ ਤੋਂ ਮਾਨਤਾ ਦੀ ਮੰਗ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਤਾਂ ਜੋ ਚੰਗੇ ਗੁਆਂਢੀਆਂ ਵਾਲ਼ਾ ਵਾਤਾਵਰਨ ਮੌਜੂਦਾ ਪੰਜਾਬ ਅਤੇ ਸਾਰੇ ਭਾਰਤ ਵਿੱਚ ਅਮਨ ਚੈਨ, ਭਾਈ-ਭਰੱਪਣ ਅਤੇ ਸ਼ਹਿਨਸ਼ੀਲਤਾ ਨੂੰ ਉਭਾਰੇ ਤੇ ਅਜੋਕੇ ਸਮੇਂ ਦੀ ਕੁੜੱਤਣ ਖ਼ਤਮ ਕੀਤੀ ਜਾ ਸਕੇ।
ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ‘ਖ਼ਾਲਿਸਤਾਨ’ ਦੇ ਹੋਂਦ ਵਿੱਚ ਆ ਜਾਣ ਨਾਲ਼ ਸਾਰੀਆਂ ਲੋੜੀਂਦੀਆਂ ਰਾਜਸੀ ਫ਼ੌਜੀ ਅਤੇ ਸਿਆਸੀ ਕਾਰਵਾਈਆਂ ਕਰੇ, ਜਿਸ ਤਰ੍ਹਾਂ ਕਿ ਫ਼ੌਜੀ ਕਬਜ਼ਾ ਖ਼ਤਮ ਕਰਨਾ ਅਤੇ ਸਾਰੇ ਜਾਹਰਾਨਾ ਫ਼ੌਜੀ ਅਤੇ ਨੀਮ ਫ਼ੌਜੀ ਦਸਤਿਆਂ ਨੂੰ ਕੱਢਣਾ। ਸਰਕਾਰੀ ਪ੍ਰਬੰਧਕ ਢਾਂਚੇ ਨੂੰ ‘ਖ਼ਾਲਿਸਤਾਨੀ’ ਆਦੇਸ਼ ਮੰਨਣ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ।
‘ਖ਼ਾਲਿਸਤਾਨ’ ਮੌਜੂਦਾ ਤਰਜ਼-ਏ-ਹਕੂਮਤ/ਪ੍ਰਬੰਧਕੀ ਬੰਨ੍ਹਣ ਵਿੱਚ ਫਿਲਹਾਲ ਕੋਈ ਵੱਡੀ ਤਬਦੀਲੀ ਨਹੀਂ ਕਰਨੀ ਚਾਹੁੰਦਾ ਤਾਂ ਜੋ ਰੋਜ਼ ਦੇ ਕੰਮਾਂ-ਕਾਰਾਂ ਵਿੱਚ ਵਿਘਨ ਨਾ ਪਵੇ। ਸਿਰਫ਼ ਪੰਜਾਬ ਸਰਕਾਰ/ਭਾਰਤ ਸਰਕਾਰ ਦੀਆਂ ਮੋਹਰਾਂ ‘ਖ਼ਾਲਿਸਤਾਨ’ ਵਿੱਚ ਬਦਲ ਜਾਣਗੀਆਂ।
ਸਿੱਖ ਸੰਗਤਾਂ ਨੂੰ ਖ਼ਾਸ ਕਰਕੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਬਰ ਅਤੇ ਸਹਿਸ਼ਨੀਲਤਾ ਤੋਂ ਕੰਮ ਲੈਣ। ਸਰਕਾਰੀ ਕਰਮਚਾਰੀਆਂ ਅਤੇ ਸਿੱਖ ਫ਼ੌਜੀਆਂ ਤੇ ਹਰ ਤਰ੍ਹਾਂ ਦੇ ਸਰਕਾਰੀ/ਨੀਮ ਸਰਕਾਰੀ ਮੁਲਾਜ਼ਮਾਂ ਨੂੰ ਪੰਥ ਦੇ ਸਪਸ਼ਟ ਹੁਕਮਾਂ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਭੜਕਾਹਟ ਵਿੱਚ ਆਏ ਬਗੈਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਯਮ ਅਨੁਸਾਰ ਨਿਭਾਉਂਦੇ ਰਹਿਣ। ਇਹ ਆਦੇਸ਼ ਅੱਤ ਜ਼ਰੂਰੀ ਹੈ ਤਾਂ ਜੋ ਖ਼ਾਲਸੇ ਦੀ ਮਨਸ਼ਾ ਅਨੁਸਾਰ ਹਰ ਕਿਸਮ ਦੀ ਉੱਥਲ-ਪੁੱਥਲ ਤੋਂ ਬਚਿਆ ਜਾ ਸਕੇ ਅਤੇ ਸਰਕਾਰੀ ਪ੍ਰਾਪਰਟੀ/ਸਾਧਨਾਂ ਦਾ ਕੋਈ ਨੁਕਸਾਨ ਨਾ ਹੋਵੇ।
‘ਖ਼ਾਲਿਸਤਾਨ’ ਦੀ ਸਰਕਾਰ ਗਠਨ ਕਰਨ ਦਾ ਕੰਮ ਖ਼ਾਲਿਸਤਾਨ ਦੇ ਨਿਸ਼ਚਿਤ ਕੀਤੇ ਗਏ ਪ੍ਰਧਾਨ ਮੰਤਰੀ/ਮੁਖੀ ਨੂੰ ਸੌਂਪ ਦਿੱਤਾ ਗਿਆ ਹੈ, ਜਿਹੜਾ ਕਿ ਇਸ ਨੂੰ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿੱਚ ਪੂਰਾ ਕਰ ਕੇ ਐਲਾਨ ਕਰ ਦੇਵੇਗਾ।
ਸਭ ਸਿੱਖ ਸਿਆਸੀ ਜਥੇਬੰਦੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ‘ਖ਼ਾਲਿਸਤਾਨ’ ਪ੍ਰਤੀ ਆਪਣੀ ਸਹਿਮਤੀ ਅਤੇ ਵਫ਼ਾਦਾਰੀ ਦਾ ਐਲਾਨ ਕਰ ਕੇ ‘ਖ਼ਾਲਿਸਤਾਨ’ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਪੂਰਾ-ਪੂਰਾ ਸਹਿਯੋਗ ਦੇਣ। ਇਸ ਸਮੇਂ ਮੱਤ-ਭੇਦ ਪਿੱਛੇ ਪਾ ਕੇ ਪੰਥਕ ਏਕੇ ਦਾ ਸਬੂਤ ਦੇਣਾ ਹਰ ਸਿੱਖ ਦਾ ਫ਼ਰਜ਼ ਹੈ।
ਸਮਾਜਿਕ ਢਾਂਚਾ
‘ਖ਼ਾਲਿਸਤਾਨ’ ਗੁਰੂ ਆਸ਼ੇ ਅਨੁਸਾਰ ਆਪਣਾ ਸਮਾਜਿਕ ਢਾਂਚਾ ‘ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉ ਮੈ ਸਾਰਾ’ ਦੇ ਆਧਾਰ ’ਤੇ ਚਲਾਏ। ਮਨੁੱਖਤਾ ਅਤੇ ਪੱਛੜੇ ਹੋਏ ਪੇਂਡੂ ਸਮਾਜ ਨੂੰ ਵੇਚ ਖਾਣ, ਲੁੱਟ-ਖਸੁੱਟ ਦੀ ਆਗਿਆ ਨਹੀਂ ਦੇਵੇਗਾ। ਖ਼ਾਲਸਾ, ਮੁਨਾਫ਼ਾਖ਼ੋਰੀ, ਬਲੈਕ-ਮਾਰਕੀਟ, ਮਿਲ਼ਾਵਟ ਅਤੇ ਅਜਿਹੇ ਹੋਰ ਸਮਾਜਿਕ ਤਰੁੱਟੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ, ਨਾ ਹੀ ਲੋਕਾਂ ਨੂੰ ਮਨੋਵਿਿਗਆਨਕ ਢੰਗ ਨਾਲ਼ ਬੌਣੇ ਬਣਾਉਣ ਦੀ ਆਗਿਆ ਦੇਵੇਗਾ।
ਮਨਮਰਜ਼ੀ ਨਾਲ਼ ਲੋਕ ਰਾਏ ਘੜਨ ਦੀ ਅਖ਼ਬਾਰਾਂ, ਲਿਖਤਾਂ, ਵਿੱਦਿਆ ਅਤੇ ਪ੍ਰਚਾਰ ਦੇ ਦੂਸਰੇ ਸਾਧਨਾਂ ਰਾਹੀਂ ਕਿਸੇ ਇੱਕ ਫ਼ਿਰਕੇ ਜਾਂ ਟੋਲੇ ਨੂੰ ਆਪਣੀ ਕਾਰਜ ਸਿੱਧੀ ਲਈ ਆਗਿਆ ਨਹੀਂ ਦਿੱਤੀ ਜਾਵੇਗੀ।
‘ਰਾਜ’ ਦੇ ਉੱਤਮ ‘ਧਰਮ ਦਾ ਪਹਿਰਾ’ ਸੰਵਿਧਾਨਕ ਢੰਗ ਨਾਲ਼ ਪ੍ਰਪੱਕ ਕਰ ਦਿੱਤਾ ਜਾਵੇਗਾ ਅਤੇ ਸਿੱਖ ਧਰਮ ‘ਖ਼ਾਲਿਸਤਾਨ’ ਦਾ ਸਰਕਾਰੀ ਧਰਮ ਮੰਨਿਆ ਜਾਵੇਗਾ ਅਤੇ ਸਰਕਾਰ ਦਾ ਇਹ ਪਹਿਲਾ ਫ਼ਰਜ਼ ਹੋਵੇਗਾ ਕਿ ‘ਖ਼ਾਲਿਸਤਾਨ’ ਵਿੱਚ ਸਿੱਖੀ ਨੂੰ ਪ੍ਰਫ਼ਲਿਤ ਕੀਤਾ ਜਾਵੇ।
‘ਖ਼ਾਲਿਸਤਾਨ’ ਦੇ ਰਾਜਸੀ ਅਤੇ ਪ੍ਰਬੰਧਕੀ ਢਾਂਚੇ ਵਿੱਚ ਮੁੱਖ ਮਨੋਰਥ ਮਨੁੱਖਤਾ ਦਾ ਭਲਾ ਤੇ ਸਮਾਜ ਦੀ ਸੇਵਾ ‘ਬਿਨ ਸੇਵਾ ਧ੍ਰਿਗ ਹਥ ਪੈਰ ਹੋਰੁ ਨਿਹਫਲ ਕਰਣੀ’ ਮੁਤਾਬਿਕ ਢਾਲ਼ਿਆ ਜਾਵੇਗਾ। ਹਰ ਸਿੰਘ ਅਤੇ ਸਿੰਘਣੀ ਨੂੰ ਆਪਣੀ ਸਮਰੱਥਾ ਮੁਤਾਬਿਕ ਵਧਣ-ਫੁੱਲਣ ਅਤੇ ਉੱਭਰਣ ਦਾ ਸਮਾਨ ਅਵਸਰ ਗਰੰਟੀ ਕੀਤਾ ਜਾਵੇਗਾ। ਵਿੱਦਿਆ ਦੀ ਘਾਟ ਅਤੇ ਸਮਾਜਿਕ ਪਛੜਾਪਨ ਉਹਨਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਨ ਦਿੱਤੀ ਜਾਵੇਗੀ। ਨਾ ਹੀ ਵਿੱਦਿਆ ਦੀ ਅਜ਼ਾਰੇਦਾਰੀ ਅਤੇ ਮਾਨਪਲੀ ਰਾਹੀਂ ਜਨਤਾ ਦੇ ਹੱਕ ਖੋਹਣ ਲਈ ਹਥਿਆਰ ਵਜੋਂ ਵਰਤਣ ਦੀ ਆਗਿਆ ਦਿੱਤੀ ਜਾਵੇਗੀ। ਜਿਸ ਤਰ੍ਹਾਂ ਕਿ ਅਮੀਰਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲ਼ਿਆਂ ਦੇ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰ ਕੇ ਪੇਂਡੂ ਅਤੇ ਗ਼ਰੀਬ ਬੱਚਿਆਂ ਨੂੰ ਪਿਛਾਂਹ ਸੁੱਟ ਦਿੰਦੇ ਹਨ ਅਤੇ ਆਪਣੇ ਹੱਕ ਤੋਂ ਵੱਧ ਕੁਦਰਤ ਦੀਆਂ ਨਿਹਮਤਾਂ ਮਾਣਦੇ ਹਨ। ਜਦਕਿ ਪੇਂਡੂ ਅਤੇ ਗ਼ਰੀਬਾਂ ਦੇ ਬੱਚੇ ਅਨਪੜ੍ਹਤਾ, ਗ਼ਰੀਬੀ, ਬਿਮਾਰੀ ਅਤੇ ਪੱਛੜੇਪਣ ਦੇ ਪੁਸ਼ਤ-ਦਰਪੁਸ਼ਤ ਸ਼ਿਕਾਰ ਬਣੇ ਰਹਿੰਦੇ ਹਨ। ਖ਼ਾਲਿਸਤਾਨ ਕੁਦਰਤੀ ਨਿਹਮਤਾਂ ਅਤੇ ਜ਼ਰੂਰੀ ਜ਼ਰੂਰਤਾਂ ਦੀ ਵੰਡ ਮਨੁੱਖੀ ਆਧਾਰਾਂ ’ਤੇ ਕਰਨਾ ਚਾਹੇਗਾ। ਅਜ਼ਾਰੇਦਾਰੀ ਅਤੇ ਸਰਮਾਏਦਾਰੀ ਨੂੰ ਸਰਕਾਰੀ ਮਸ਼ੀਨਰੀ ਤੇ ਜਨਤਾ ਦੀ ਸੋਚਣੀ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਉਲ਼ਟ ਹਰ ਵਿਅਕਤੀ ਨੂੰ ਆਪਣੀ ਲਿਆਕਤ, ਮਿਹਨਤ ਅਤੇ ਸਮਰੱਥਾ ਮੁਤਾਬਿਕ ਵਧਣ-ਫੁਲਣ ’ਤੇ ਕੋਈ ਰੋਕ ਨਹੀਂ ਲਾਈ ਜਾਵੇਗੀ।
ਪ੍ਰਬੰਧਕੀ ਕੰਮ-ਕਾਜ ਵਿੱਚ ਸਮਾਜ ਅਤੇ ਜਨਤਾ ਦੀ ਮਿਲ਼ਵਰਤਣ ਅਤੇ ਪੂਰੀ ਸਾਂਝੇਦਾਰੀ ਹੋਵੇਗੀ ਤਾਂ ਜੋ ‘ਖ਼ਾਲਿਸਤਾਨ’ ਵਿੱਚ ਵੀ ਕਲਰਕ-ਬਾਦਸ਼ਾਹ ਪੈਦਾ ਨਾ ਹੋ ਸਕਣ। ਪਿੰਡਾਂ ਦੀ ਪੱਧਰ ’ਤੇ ਓਥੋਂ ਦੀ ਵੱਸੋਂ ਨੂੰ ਪੂਰੀ ਤਰ੍ਹਾਂ ਦੀਵਾਨੀ, ਫ਼ੌਜਦਾਰੀ, ਨਵ-ਉਸਾਰੀ ਅਤੇ ਨਿਆਂ ਅਨੁਸ਼ਾਸ਼ਨ ਕਰਨ ਵਿੱਚ ਭਾਈਵਾਲ ਬਣਾਇਆ ਜਾਵੇਗਾ ਤਾਂ ਜੋ ਝੂਠੇ ਗਵਾਹ ਅਤੇ ਪੁਲੀਸ ਮੁਖ਼ਬਰ (ਟਾਊਟ) ਸਚਾਈ ਨੂੰ ਛੁਪਾ ਕੇ ਅਨਿਆਂ ਨਾ ਕਰ ਸਕਣ। ਪਿੰਡਾਂ ਦੀ ਸ਼ਮੂਲੀਅਤ ਅਤੇ ਸਾਂਝਦਾਰੀ ਇੱਕ ਤੋਂ ਵੱਧ ਦੋ ਜਾਂ ਤਿੰਨ ਪੱਧਰ ’ਤੇ ਜਥੇਬੰਦ ਕੀਤੀ ਜਾਵੇਗੀ ਤਾਂ ਜੋ ਅਪੀਲ ਅਤੇ ਦਲੀਲ ਦਾ ਮੌਕਾ ਸਸਤਾ ਅਤੇ ਛੇਤੀ ਪ੍ਰਲਬਦ ਹੋ ਸਕੇ।
‘ਖ਼ਾਲਿਸਤਾਨ’ ਦੀ ਪਾਲਸੀ ਗੁਰੂ ਆਸ਼ੇ ਮੁਤਾਬਿਕ ‘ਸਰਬੱਤ ਦਾ ਭਲਾ’ ਮੰਗਣਾ, ਸੱਭਿਆਚਾਰਕ ਜੀਵਨ ਨੂੰ ਉਤਸ਼ਾਹਿਤ ਕਰਨਾ ਅਤੇ ਮਨੁੱਖੀ ਏਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਬੜਾਵਾ ਦੇਣਾ ਹੋਵੇਗਾ। ਮਨੁੱਖਤਾ ਦੀਆਂ ਵੰਡਾਂ ਜਿਵੇਂ ਕਿ ਜ਼ਾਤ-ਪਾਤ, ਛੂਤ-ਛਾਤ, ਊਚ-ਨੀਚ, ਸ਼ਹਿਰੀ ਅਤੇ ਪੇਂਡੂ, ਕਾਲ਼ੇ ਅਤੇ ਗੋਰੇ ਆਦਿ ਬਣਾਉਟੀ ਵੰਡੀਆਂ ਨਹੀਂ ਪੈਣ ਦਿੱਤੀਆਂ ਜਾਣਗੀਆਂ। ਇਹਨਾਂ ਦਾ ਖ਼ਾਤਮਾ ਰਾਜਸੀ ਸ਼ਕਤੀ ਵਰਤ ਕੇ ਕੀਤਾ ਜਾਵੇਗਾ। ਇਸੇ ਤਰ੍ਹਾਂ ਬਾਕੀ ਹਾਨੀਕਾਰਕ ਅਤੇ ਦੁਖਦਾਈ ਸਮਾਜਿਕ ਅਨ-ਬਰਾਬਰੀ ਵਾਲ਼ੀਆਂ ਕੁਰੀਤੀਆਂ, ਸਿੰਘ ਅਤੇ ਸਿੰਘਣੀਆਂ ਦੇ ਹੱਕਾਂ ਵਿੱਚ ਫ਼ਰਕ ਅਤੇ ਅਨਬਰਾਬਰੀ ਵੀ ਰਾਜਸੀ ਸ਼ਕਤੀ ਦੀ ਵਰਤੋਂ ਦੁਆਰਾ ਖ਼ਤਮ ਕੀਤੀ ਜਾਵੇਗੀ।
‘ਖ਼ਾਲਿਸਤਾਨ’ ਆਪਣੇ ਗੁਆਂਢੀ ਦੇਸਾਂ ਨਾਲ਼ ਖ਼ੁਸ਼ਗਵਾਰ ਸੰਬੰਧ ਬਣਾਉਣ ਨੂੰ ਪਹਿਲ ਦੇਵੇਗਾ।
‘ਖ਼ਾਲਿਸਤਾਨ ਕਮਾਂਡੋ ਫ਼ੋਰਸ’ ਜਿਸ ਦੇ ਕਮਾਂਡਰ-ਇਨ-ਚੀਫ਼ ਜਨਰਲ ਹਰੀ ਸਿੰਘ (ਭਾਈ ਮਨਬੀਰ ਸਿੰਘ ਚਹੇੜੂ) ਹਨ, ਇਹ ਫ਼ੋਰਸ ਖ਼ਾਲਿਸਤਾਨ ਦੀ ਆਉਣ ਵਾਲ਼ੀ ਡਿਫੈਂਸ ਆਰਗੇਨਾਈਜੇਸ਼ਨ ਦਾ ਬਿੰਦੂ (ਨਿਊਕਲਿਸ) ਦਾ ਕੰਮ ਕਰੇਗੀ।
ਹਿੰਦੁਸਤਾਨ (ਭਾਰਤ) ਵਿੱਚ ਪੰਜਾਬ ਤੋਂ ਬਾਹਰ ਰਹਿਣ ਵਾਲ਼ੇ ਸਿੱਖਾਂ ਨੂੰ ‘ਖ਼ਾਲਿਸਤਾਨ’ ਵਿੱਚ ਆ ਕੇ ਵੱਸਣ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਉਹਨਾਂ ਨੂੰ ਨਵੰਬਰ 1984 ਵਾਲ਼ੇ ਘਲੂਘਾਰੇ ਵਾਂਗ ਕਿਸੇ ਹੋਰ ਮੁਸੀਬਤ ਦਾ ਸਾਮ੍ਹਣਾ ਨਾ ਕਰਨਾ ਪਵੇ। ਇਸ ਦੇ ਨਾਲ਼ ਹੀ ਪੈਸੇ ਦੇ ਪੁੱਤਰ ਅਤੇ ਵਿਕੇ ਹੋਏ ਕੇਸਾਧਾਰੀ ਹਿੰਦੂਆਂ ਨੂੰ ਖ਼ਾਲਸਾ ਪੰਥ ਦੇ ਰਾਹ ਵਿੱਚ ਰੁਕਾਵਟ ਨਾ ਪਾਉਣ ਦਾ ਆਦੇਸ਼ ਦਿੱਤਾ ਜਾਂਦਾ ਹੈ।
ਪਹਿਲੀ ਫ਼ਰਵਰੀ 1981 ਨੂੰ ਚੰਡੀਗੜ੍ਹ ਵਿਖੇ ਦਿੱਲੀ ਦੇ ਸ਼ਾਹੀ ਇਮਾਮ ‘ਸਈਅਦ ਮੁਹੰਮਦ ਅਬਦੁਲ ਬੁਖ਼ਾਰੀ’ ਨੇ ‘ਖ਼ਾਲਿਸਤਾਨ ਕਿਉਂ ਨਹੀਂ’ ਦੇ ਛੇਵੇਂ ਸੈਮੀਨਾਰ ਦੇ ਸਦਾਕਤੀ ਭਾਸ਼ਣ ਵਿੱਚ 13 ਅਪ੍ਰੈਲ 1978 ਦੇ ਅੰਮ੍ਰਿਤਸਰ ਵਿਖੇ ਹੋਏ ਖ਼ੂਨੀ ਨਿਰੰਕਾਰੀ ਸਾਕੇ ਦਾ ਜ਼ਿਕਰ ਕਰਦਿਆਂ ਹੋਇਆਂ ਆਖਿਆ ਸੀ ਕਿ ਅਜ਼ਾਦ ਭਾਰਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਤਾਂ ਹੁੰਦਾ ਹੀ ਸੀ, ਪਰ ਹੁਣ ਸਿੱਖਾਂ ਦਾ ਕਤਲੇਆਮ ਜਾਰੀ ਹੋ ਗਿਆ ਹੈ। ਸ਼ਾਹੀ ਇਮਾਮ ਦਾ ਇਹ ਕਥਨ ਇੱਕ ਪੇਸ਼ੀਨਗੋਈ ਬਣ ਗਿਆ। ਪੰਜਾਬ ਵਿੱਚ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦੇ ਕਤਲ ਭਾਰਤ/ਪੰਜਾਬ ਸਰਕਾਰ ਨੇ ਅਰੰਭ ਦਿੱਤੇ ਹਨ। ਨੌਜਵਾਨਾਂ ਨੂੰ ਬੇਕਸੂਰਿਆਂ ਅਤੇ ਬਗੈਰ ਗ੍ਰਿਫ਼ਤਾਰ ਕਰ ਕੇ ਕਚਹਿਰੀ ਵਿੱਚ ਪੇਸ਼ ਕੀਤਿਆਂ ਕਤਲ ਕਰ ਕੇ ਝੂਠੇ ਪੁਲੀਸ ਮੁਕਾਬਲਿਆਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ ਹੈ।
ਰਾਜਸਥਾਨ ਦੀ ਪੁਲੀਸ ਦੇ ਮੁਖੀ ਨੇ ਇਹੋ ਜਿਹੀਆਂ 400 ਲਾਸ਼ਾਂ ਰਾਜਸਥਾਨ ਨਹਿਰ ਵਿੱਚੋਂ ਕੱਢਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਜੂਨ 1984 ਵਿੱਚ ਹਿੰਦ ਸਰਕਾਰ ਨੇ ਫ਼ੌਜੀ ਕਾਰਵਾਈ ਕਰ ਕੇ ਦਰਬਾਰ ਸਾਹਿਬ ਸਮੂਹ ਵਿੱਚ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਵਿੱਤਰ ਸ਼ਹੀਦੀ ਪੁਰਬ ਦਿਹਾੜੇ ’ਤੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਕਰਫ਼ਿਊ ਨਾਲ਼ ਡੱਕ ਕੇ ਉਹਨਾਂ ਦਾ ਕਤਲੇਆਮ ਕੀਤਾ। ਇਸ ਤੋਂ ਉਪਰੰਤ ਪੰਜਾਬ ਦੇ ਸਾਰੇ ਵੱਡੇ-ਵੱਡੇ ਗੁਰਦੁਆਰਿਆਂ ਵਿੱਚ ਫ਼ੌਜੀ ਘੇਰੇ ਪਾ ਕੇ ਅਤੇ ਫ਼ੌਜੀ ਤਾਕਤ ਦੀ ਵਰਤੋਂ ਕਰ ਕੇ ਸਿੱਖਾ ਦਾ ਕਤਲੇਆਮ ਕੀਤਾ। ਪੰਜਾਬ ਦੇ ਬਾਰਾਂ ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਇਸੇ ਤਰ੍ਹਾਂ ਕਰਫ਼ਿਊ ਲਾ ਕੇ ਅੰਮ੍ਰਿਤਧਾਰੀ ਸਿੰਘਾਂ ਨੂੰ ਭਾਲ਼-ਭਾਲ਼ ਕੇ ਸ਼ਹੀਦ ਕੀਤਾ। ਅੰਮ੍ਰਿਤਧਾਰੀ ਸਿੰਘਾਂ ਦੇ ਕਤਲੇਆਮ ਤੋਂ ਪਹਿਲਾਂ ਹਿੰਦੂ ਫ਼ੌਜੀ ਅਫ਼ਸਰਾਂ ਅਤੇ ਸਿਪਾਹੀਆਂ ਨੂੰ ਮਾਨਸਿਕ ਅਤੇ ਜਜ਼ਬਾਤੀ ਪੱਖੋਂ ਸਿੱਖਾਂ ਦੇ ਬੀਜ ਨਾਸ਼ ਲਈ ਤਿਆਰ ਕਰਨ ਦਾ ਕੰਮ ਫ਼ੌਜ ਦੀ ਸਰਕਾਰੀ ਪੱਤ੍ਰਿਕਾ ‘ਬਾਤਚੀਤ’ ਰਾਹੀਂ ਤਿਆਰ ਕੀਤਾ ਗਿਆ। ‘ਬਾਤਚੀਤ’ ਵਿੱਚ ਇਹ ਸਾਫ਼ ਲਿਿਖਆ ਹੋਇਆ ਸੀ ਕਿ- ‘ਅੰਮ੍ਰਿਤਧਾਰੀ ਸਿੱਖਾਂ ਦੀ ਕੀ ਨਿਸ਼ਾਨੀ ਹੈ। ਭਾਵੇਂ ਉਹ ਵੇਖਣ ਨੂੰ ਸ਼ਰੀਫ਼ ਤੇ ਭੋਲ਼ੇ ਲੱਗਦੇ ਹੋਣ ਪਰ ਦਰਅਸਲ ਵਿੱਚ ਉਹ ਕਾਤਲ, ਦੇਸ਼ ਵਿਰੋਧੀ ਅਤੇ ਅੱਤਵਾਦੀ ਹੁੰਦੇ ਹਨ। ਇਸ ਲਈ ਹਰ ਇੱਕ ਫ਼ੌਜੀ ਦਾ ਇਹ ਫ਼ਰਜ਼ ਬਣ ਜਾਂਦਾ ਹੈ ਜੇ ਕਿਤੇ ਵੀ ਉਹਨਾਂ ਨੂੰ ਅੰਮ੍ਰਿਤਧਾਰੀ ਸਿੱਖ ਦਿੱਸ ਜਾਵੇ ਤਾਂ ਉਸ ਦਾ ਖ਼ੁਰਾ-ਖੋਜ ਆਪਣੇ ਉੱਚ ਅਧਿਕਾਰੀਆਂ ਕੋਲ਼ ਭੇਜਣ....।’ ਇਹੋ ਜਿਹੀ ਕਾਰਵਾਈ ਦੁਨੀਆਂ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਫ਼ੌਜ ਨੇ ਆਪਣੇ ਹੀ ਮੁਲਕ ਦੇ ਬਸ਼ਿੰਦਿਆਂ ਨਾਲ਼ ਨਹੀਂ ਕੀਤੀ।
ਇਸ ਤੋਂ ਉਪਰੰਤ ਜਦੋਂ ਇੰਦਰਾ ਗਾਂਧੀ ਨੂੰ ਮਾਰੀਆਂ ‘ਬੇਅੰਤ ਗੋਲ਼ੀਆਂ’ ਤਾਂ ਭਾਰਤ ਦੀ ਹਿੰਦੂ ਸਰਕਾਰ ਨਵੇਂ ਆਉਣ ਵਾਲ਼ੇ ਪ੍ਰਧਾਨ ਮੰਤਰੀ ਅਤੇ ਉਸ ਦੇ ਸਿਆਸੀ ਅਤੇ ਸਰਕਾਰੀ ਸਹਿਯੋਗੀਆਂ ਦੀ ਮਿਲ਼ੀਭੁਗਤ ਨਾਲ਼ ਦਿੱਲੀ ਅਤੇ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਵਿੱਚ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਹੋਇਆ, ਜਿਹੜਾ ਕਿ ਕਈ ਦਿਨ ਚੱਲਦਾ ਰਿਹਾ। ਇਹ ਕਤਲੇਆਮ ਨੇ ਨਾਦਰਸ਼ਾਹ ਦਾ ਦਿੱਲੀ ਵਿੱਚ ਕੀਤੇ ਹੋਏ ਕਤਲੇਆਮ ਨੂੰ ਕੋਹਾਂ ਪਿੱਛੇ ਛੱਡ ਦਿੱਤਾ।
ਪੰਜਾਬ ਦੀ ਬਰਨਾਲ਼ਾ ਸਰਕਾਰ ਦੀ ਗਠਨ ਕੀਤੀ ਹੋਈ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਬੈਂਸ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਆਪਣੀ ਰਿਪੋਰਟ ਵਿੱਚ 200 ਝੂਠੇ ਕਥਿਤ ਪੁਲੀਸ ਮੁਕਾਬਲਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਦਿਆਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਇਹਨਾਂ ਸਾਰੇ ਪੁਲੀਸ ਮੁਕਾਬਲਿਆਂ ਵਿੱਚ ਕੋਈ ਵੀ ਪੁਲੀਸ ਦਾ ਜਵਾਨ ਜਾਂ ਅਫ਼ਸਰ ਜ਼ਖ਼ਮੀ ਨਹੀਂ ਹੋਇਆ ਦੱਸਿਆ ਗਿਆ ਅਤੇ ਨਾ ਹੀ ਕੋਈ ਕਤਲ ਦਾ ਕੇਸ ਪੁਲੀਸ ਵਿਰੱੁਧ ਦਰਜ ਕੀਤਾ ਗਿਆ ਕਿਉਂਕਿ ਹਿੰਦੁਸਤਾਨ ਵਿੱਚ ਸਰਕਾਰ ਦੇ ਕੰਮਾਂ ਵਿੱਚ “ਕੂੜੁ ਫਿਰੈ ਪਰਧਾਨੁ ਵੇ ਲਾਲੋ” ਦਾ ਇਹ ਰਾਜ ਹੈ। ਇਹੋ ਹੀ ਸਹੀ ਅਰਥ ਹੈ ਬ੍ਰਾਹਮਣੀ ਅਸੂਲਾਂ ਦਾ ਕਿ ਪ੍ਰਚਾਰ ਕਰਨਾ ‘ਸਤਯਮੇਵ ਜਯਤੇ’ ਅਤੇ ਬੋਲਣਾ ‘ਕੋਰਾ ਸਫ਼ੈਦ ਝੂਠ’।
ਸਿੱਖ ਧਰਮ ਦਾ ਖ਼ੁਰਾ-ਖੋਜ ਮਿਟਾਉਣਾ ਬ੍ਰਾਹਮਣਵਾਦ ਦਾ ਅਟੱਲ ਨਿਸ਼ਾਨਾ ਹੈ, ਕਿਉਂਕਿ ਸਿੱਖ ਧਰਮ ਬ੍ਰਾਹਮਣਵਾਦ ਦੀ ਜ਼ਾਤ-ਪਾਤ ਅਤੇ ਬਿਪਰਨ ਕੀ ਰੀਤ ਦੀ ਪ੍ਰਣਾਲੀ ਦਾ ਵਿਰੋਧੀ ਹੈ। ਜਿਸ ਤਰ੍ਹਾਂ ਸ਼ੰਕਰਾਚਾਰੀਆ ਨੇ ਫ਼ੌਜੀ ਸ਼ਕਤੀ ਦੀ ਵਰਤੋਂ ਕਰ ਕੇ ਅਤੇ ਲੱਖਾਂ ਬੋਧੀ ਭਿਖਸ਼ੂਆਂ ਨੂੰ ਮੌਤ ਦੇ ਘਾਟ ਉਤਾਰ ਕੇ ਬੋਧੀਆਂ ਦੇ ਮੰਦਰ ਅਤੇ ਦੂਸਰੇ ਧਾਰਮਿਕ ਚਿੰਨ੍ਹ ਢਹਿ-ਢੇਰੀ ਕਰ ਦਿੱਤੇ। ਬੁੱਧ ਧਰਮ ਜਿਹੜਾ ਕਿ ਹਿੰਦੁਸਤਾਨ ਵਿੱਚ ਪੈਦਾ ਹੋ ਕੇ ਦੂਰ-ਦੁਰਾਡੇ ਚੀਨ, ਜਪਾਨ, ਮਲਾਇਆ, ਬਰਮਾ ਆਦਿ ਦੇਸਾਂ ਵਿੱਚ ਫ਼ੈਲਿਆ, ਉਹਦਾ ਆਪਣੀ ਜਨਮ ਭੂਮੀ ਵਿੱਚੋਂ ਨਾਂਅ-ਨਿਸ਼ਾਨ ਹੀ ਮਿਟਾ ਦਿੱਤਾ ਗਿਆ। ਇਹ ਹੈ ਅਸਲੀ ਅਰਥ ਬ੍ਰਾਹਮਣਵਾਦ ਦੇ ਅਪਣਾਏ ਹੋਏ ‘ਅਹਿੰਸਾ ਪਰਮੋ ਧਰਮ’ ਦੇ ਅਸੂਲ ਦਾ।
ਅੱਜ-ਕੱਲ੍ਹ ਦੀ ਭਾਰਤ ਸਰਕਾਰ ਸ਼ੰਕਰਾਚਾਰੀਆ ਦੀ ਪਾਲਸੀ ’ਤੇ ਦ੍ਰਿੜ੍ਹਤਾ ਨਾਲ਼ ਚੱਲਦਿਆਂ ਹੋਇਆਂ ਸਭ ਸਿਆਸੀ, ਸੱਭਿਆਚਾਰਕ, ਆਰਥਿਕ, ਪ੍ਰਬੰਧਕੀ ਅਤੇ ਫ਼ੌਜੀ ਸਾਧਨ ਵਰਤ ਕੇ ਸਿੱਖੀ ਅਤੇ ਸਿੱਖਾਂ ਦਾ ਭਾਰਤ ਵਿੱਚੋਂ ਖ਼ੁਰਾ-ਖੋਜ ਮਿਟਾਉਣ ’ਤੇ ਤੁਲੀ ਹੋਈ ਹੈ। ਇਹੋ ਹੀ ਸਹੀ ਅਰਥ ਹਨ ਬ੍ਰਾਹਮਣਵਾਦ ਦੇ ਸਹਿਨਸ਼ੀਲ ਹੋਣ ਦੇ ਝੂਠੇ ਦਾਅਵਿਆਂ ਦੇ ਅਜ਼ਾਦ ਭਾਰਤ ਵਿੱਚ ਘੱਟ ਗਿਣਤੀ ਮਜ਼੍ਹਬਾਂ/ਧਰਮਾਂ ਉੱਤੇ ਪਾਬੰਦੀਆਂ ਲਾਉਣ ਦਾ। ਭਾਰਤ ਦੀ ਲੋਕ ਸਭਾ ਵਿੱਚ ਹਿੰਦੂਆਂ ਦੇ ਧਰਮ ਤਬਦੀਲ ਕਰਨ ਉੱਤੇ ਪਾਬੰਦੀ ਲਾਉਣ ਦੀ ਮੰਗ ਉੱਠਦੀ ਰਹੀ ਹੈ। ਹਾਈਕੋਰਟ ਵਿੱਚ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ਼ ’ਤੇ ਪਾਬੰਦੀ ਦੀ ਮੰਗ ਖੜ੍ਹੀ ਹੋਈ।
ਸਿੱਖਾਂ ਦੇ ਸਰਵਨਾਸ਼, ਸਿੱਖਾਂ ਦੇ ਧਾਰਮਿਕ ਨਿਸ਼ਾਨਾਂ ਨੂੰ ਫ਼ੌਜੀ ਤਾਕਤ ਦੀ ਵਰਤੋਂ ਨਾਲ਼ ਢਹਿ ਢੇਰੀ ਕਰਨਾ, ਸਿੱਖੀ ਦਾ ਪ੍ਰਚਾਰ ਕਰਨ ਵਾਲ਼ੇ ਕੀਰਤਨੀ ਜਥਿਆਂ ਨੂੰ ਝੂਠੇ ਮੁਕਦਮਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕਣਾ ਅਤੇ ਪਿੰਡ-ਪਿੰਡ ਵਿੱਚ ਸਿੱਖ ਗਰੰਥੀਆਂ ਨੂੰ ਡਰਾਉਣਾ। ਝੂਠੇ ਕੇਸਾਂ ਅਤੇ ਬਗ਼ੈਰ ਕੇਸ ਦਰਜ ਕੀਤਿਆਂ ਥਾਣੇ ਅਤੇ ਜੇਲ੍ਹਾਂ ਵਿੱਚ ਡੱਕੀ ਰੱਖਣਾ ਸਪਸ਼ਟ ਸਬੂਤ ਹੈ। ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਅਤਿਅੰਤ ਦੁਸ਼ਮਣੀ ਦੀ ਭਾਵਨਾ ਦਾ ਅਸੀਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਸਿੱਖੀ ਪ੍ਰਚਾਰ ਦੇ ਮਿਹਨਤ ਸਦਕਾ ਪੈਦਾ ਕੀਤੇ ਹੋਏ ਤਿਆਰ-ਬਰ-ਤਿਆਰ ਅੰਮ੍ਰਿਤਧਾਰੀ ਸਿੰਘ ਕਿਵੇਂ ਸਰਕਾਰੀ ਫ਼ੌਜੀ ‘ਬਾਤੀਚੀਤ’ ਐਲਾਨਾਂ ਰਾਹੀਂ ਸਰਵਨਾਸ਼ ਦਾ ਨਿਸ਼ਾਨਾ ਬਣਾਏ ਗਏ ਹਨ ਅਤੇ ਬਣਾਏ ਜਾ ਰਹੇ ਹਨ।
ਸਰਕਾਰ ਆਪਣੇ ਸਿੱਖ ਵਿਰੋਧੀ ਇਰਾਦਿਆਂ ਅਤੇ ਕੁਕਰਮਾਂ ਉੱਤੇ ਝੂਠ ਦੇ ਪ੍ਰਚਾਰ ਰਾਹੀਂ ਸਿੱਖਾਂ ਨੂੰ ਅੱਤਵਾਦੀ, ਕਾਤਲ ਅਤੇ ਦੇਸ਼-ਧ੍ਰੋਹੀਆਂ ਦਾ ਨਾਂਅ ਦੇ ਕੇ ਮਨੁੱਖੀ ਹੱਕਾਂ ਤੋਂ ਵਾਂਝਿਆਂ ਕਰ ਚੁੱਕੀ ਹੈ ਅਤੇ ਆਪਣੀ ਰਾਜਸੀ ਸ਼ਕਤੀ ਦੀ ਵਰਤੋਂ ਕਰ ਕੇ ਬਾਕੀ ਸਾਰੀ ਦੁਨੀਆਂ ਦੀਆਂ ਸਰਕਾਰਾਂ/ਹਕੂਮਤਾਂ ਨੂੰ ਇਸ ਪੱਖੋਂ ਹਨੇਰੇ ਵਿੱਚ ਰੱਖਣ ਲਈ ਕਾਮਯਾਬ ਰਹੀ ਹੈ। ਇਸ ਮੰਤਵ ਦੀ ਪੂਰਤੀ ਲਈ ਸੈਂਸਰਸ਼ਿਪ, ਪੰਜਾਬ ਵਿੱਚ ਵਿਦੇਸ਼ੀ ਪੱਤਰਕਾਰਾਂ ਅਤੇ ਅਖ਼ਬਾਰ ਨਵੀਸਾਂ ਦੇ ਦਾਖ਼ਲੇ ’ਤੇ ਪਾਬੰਦੀ 1984 ਤੋਂ ਲਗਾਤਾਰ ਚੱਲੀ ਆ ਰਹੀ ਹੈ। ਜੇ ਕਿਸੇ ਸੰਸਥਾ ਜਾਂ ਵਿਅਕਤੀ ਨੇ ਸਿੱਖਾਂ ਦੇ ਕਤਲਾਂ ਜਾਂ ਬੀਜਨਾਸ਼ ਦੀ ਕੋਈ ਖ਼ਬਰ ਦਿੱਤੀ ਤਾਂ ਉਸ ’ਤੇ ਸਰਕਾਰ ਦਾ ਪ੍ਰਕੋਪ ਬਿਜਲੀ ਵਾਂਗ ਢਹਿ ਪਿਆ।
ਸਰਕਾਰ ਦੇ ਇਸ ਭੰਡੀ ਪ੍ਰਚਾਰ ਸਦਕਾ ਮਜ਼ਲੂਮ ਸਿੱਖਾਂ ਦਾ ਯੂ.ਐਸ.ਏ., ਇੰਗਲੈਂਡ, ਵੈਸਟ ਜਰਮਨੀ ਅਤੇ ਕੈਨੇਡਾ ਵਰਗੇ ਮਨੁੱਖੀ ਹੱਕਾਂ ਦੇ ਸਮਰਥਕ ਦੇਸ਼ਾਂ ਵਿੱਚ ਵੀ ਕਾਫ਼ੀਆ ਤੰਗ ਹੋਣ ਲੱਗਾ। ਬ੍ਰਾਹਮਣਵਾਦ ਦੀ ਕੁਠਪੁਤਲੀ (ਪਰੋਕਸੀ) ਗੌਰਮੈਂਟ ਆਫ਼ ਇੰਡੀਆ ਸੱਚਮੁੱਚ ਸਿੱਖਾਂ ਪਾਸੋਂ ‘ਦਮ ਘੁਟ ਕੇ ਮਰ ਜਾਊਂ, ਯਹੀ ਮਰਜ਼ੀ ਮੇਰੇ ਸਈਯਾਦ ਕੀ ਹੈ’; ਸਰਕਾਰ ਸਾਡੇ ਮਰਨ ਦੀ ਆਸ ਲਾਈ ਬੈਠੀ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਸਿੱਖਾਂ ਨੂੰ ਸਿੱਖ ਗੁਰੂਆਂ ਨੇ ਮਰਦਾਂ ਵਾਂਗ ਮਰਨਾ, ਛਾਤੀ ਤਾਣ ਕੇ ਤੁਰਨਾ ਅਤੇ ਸ਼ੇਰਾਂ ਵਾਂਗ ਆਪਣਾ ਬੋਲਬਾਲਾ ਕਰਨਾ ਸਿਖਾਇਆ ਹੈ। ਇਹ ਸੰਖੇਪ ਜਿਹਾ ਵਰਣਨ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਵਿਰੱੁਧ ਬਗ਼ੈਰ ਐਲਾਨ ਕੀਤੇ (ਟੋਟਲਵਾਰ) ਸਰਵਨਾਸ਼ ਦੀ ਲੜਾਈ ਛੇੜਨ ਦਾ। ਇਹ ਲੜਾਈ ਜੂਨ 1984 ਦੇ ‘ਅਪਰੇਸ਼ਨ ਨੀਲਾ ਤਾਰਾ’ ਅਤੇ ‘ਅਪਰੇਸ਼ਨ ਵੁਡ ਰੋਜ਼’ ਨਾਲ਼ ਅਰੰਭ ਹੋਈ ਅਤੇ ਹੁਣ ਤਕ ਦਰ-ਪਰ-ਦਰ ਜਾਰੀ ਰੱਖੀ ਜਾ ਰਹੀ ਹੈ। ਪਿੱਛੇ ਜਿਹੇ ਬੰਗਲਾ ਦੇਸ਼ ਸਰਕਾਰ ਨੇ ਸਿੱਖ ਭਾਰਤੀ ਸ਼ਹਿਰੀਆਂ ਦਾ ਆਪਣੇ ਮੁਲਕ ਵਿੱਚ ਦਾਖ਼ਲਾ ਬੰਦ ਕਰ ਦਿੱਤਾ, ਪਰ ਜਦੋਂ ਇਹ ਮਾਮਲਾ ਭਾਰਤ ਦੀ ਲੋਕ ਸਭਾ ਵਿੱਚ ਉਠਾਇਆ ਗਿਆ ਤਾਂ ਸਪੀਕਰ ਬਲਰਾਮ ਜਾਖੜ ਨੇ ਅਤਿਅੰਤ ਬੇਸ਼ਰਮੀ ਨਾਲ਼ ਇਸ ਨੂੰ ਬੰਗਲਾ ਦੇਸ਼ ਦਾ ਆਪਣਾ ‘ਨਿੱਜੀ ਮਾਮਲਾ’ ਦੱਸਿਆ। ਇਸ ਤੋਂ ਵੱਡੀ ਸਿਆਸੀ ਫ਼ਿਰਕੂਪੁਣੇ ਵਾਲ਼ੀ ਕੁੜੱਤਣ ਦੀ ਦੁਨੀਆਂ ਵਿੱਚ ਕਿਤੇ ਮਿਸਾਲ ਨਹੀਂ ਮਿਲ਼ ਸਕਦੀ। ਭਾਰਤ ਸਰਕਾਰ ਦੀਆਂ ਸਾਰੀਆਂ ਸਿਆਸੀ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ, ਸੀ.ਪੀ.ਆਈ., ਸੀ.ਪੀ.ਆਈ.ਐਮ. ਸਾਰੇ ਦੇ ਸਾਰੇ ਇੱਕ ਅਵਾਜ਼ ਹੋ ਕੇ ਸਿੱਖਾਂ ਦੇ ਵਿਰੱੁਧ ਲਾਮਬੰਦ ਹੋ ਗਏ ਅਤੇ ਸਿੱਖਾਂ ਦੇ ਕਤਲੇਆਮ ਤੇ ਬੀਜ ਨਾਸ਼ ਉੱਤੇ ਹਾਅ ਦਾ ਨਾਹਰਾ ਨਾ ਮਾਰਿਆ। ਇਹੀ ਘਿਨਾਉਣਾ ਦ੍ਰਿਸ਼ ਹੈ ਸਿੱਖਾਂ ਵਿਰੁੱਧ ਲੜੀ ਜਾ ਰਹੀ ਗ਼ੈਰ ਐਲਾਨੀਆ ਟੋਟਲਵਾਰ ਦਾ।
ਪ੍ਰਸਿੱਧ ਅਖਾਣ ਦੇ ਮੁਤਾਬਿਕ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਫੇਰ ਸ਼ਾਹ ਮੁਹੰਮਦ ਦੇ ਕਥਨ ਅਨੁਸਾਰ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ’ ਅਤੇ ‘ਚੜ੍ਹੇ ਹਿੰਦੁਸਤਾਨੀ ਪੂਰਬੀ ਦੱਖਣੀ ਜੀ’। ਇਸ ਕਠਿਨ ਸਥਿਤੀ ਵਿੱਚੋਂ ਅੱਜ ਅਸੀਂ ‘ਖ਼ਾਲਿਸਤਾਨ’ ਦਾ ਐਲਾਨ ਕਰ ਕੇ ਬਗ਼ੈਰ ਭਾਰਤ ਵਿਰੁੱਧ ਜਵਾਬੀ ਕਾਰਵਾਈ ਵਜੋਂ ਟੋਟਲਵਾਰ ਦਾ ਐਲਾਨ ਕਰਨ ਤੋਂ ਸੰਕੋਚ ਕੀਤਾ ਹੈ ਤਾਂ ਜੋ ਦੁਨੀਆਂ ਦੀ ਕਚਹਿਰੀ ਵਿੱਚ ਸਾਡੇ ਉੱਤੇ ਜਲਦਬਾਜ਼ੀ ਦਾ ਇਲਜ਼ਾਮ ਨਾ ਲੱਗ ਸਕੇ।
ਜੇ ਭਾਰਤ ਸਰਕਾਰ ਆਪਣੀ ਜ਼ਾਹਰਨਾ ਕਾਰਵਾਈ ਤੋਂ ਬਾਜ਼ ਨਾ ਆਈ ਤਾਂ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਵੱਲੋਂ ਸਥਾਪਿਤ ਕੀਤੀ ਪੰਜ ਮੈਂਬਰੀ ਪੰਥਕ ਕਮੇਟੀ ਇਨਸਾਫ਼-ਪਸੰਦ ਅਤੇ ਮਨੁੱਖੀ ਹੱਕਾਂ ਦੇ ਸਮਰਥਕ ਦੇਸਾਂ ਪਾਸੋਂ ਸਭ ਕਿਸਮ ਦੀ ਲੋੜੀਂਦੀ ਮਦਦ, ਸਪਲਾਈ, ਸਹਾਰਾ ਅਤੇ ਹਮਦਰਦੀ ਦੀ ਮੰਗ ਕਰੇਗੀ। ਯੂ.ਐੱਨ.ਓ. ਪਾਸੋਂ ਵੀ ਅਸੀਂ ਇਸੇ ਕਿਸਮ ਦੀ ਮਦਦ ਦੀ ਮੰਗ ਕਰਦੇ ਹਾਂ। ਜਿਨ੍ਹਾਂ ਗਵਾਂਢੀ ਦੇਸਾਂ ਨੇ ਸਾਡੀ ਬਿਖੜੀ ਘੜੀ ਵਿੱਚ ਹਾਅ ਦਾ ਨਾਹਰਾ ਮਾਰਨ ਦਾ ਯਤਨ ਕੀਤਾ ਹੈ, ਅਸੀਂ ਉਹਨਾਂ ਦਾ ਅਹਿਸਾਨ ਨਹੀਂ ਭੁਲਾਵਾਂਗੇ। ਵਿਦੇਸਾਂ ਵਿੱਚ ਰਹਿੰਦੇ ਹੋਏ ਸਿੰਘ-ਸਿੰਘਣੀਆਂ ਦੇ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਹ ਸਾਡੇ ਦੁੱਖ ਵਿੱਚ ਸਾਡੇ ਨਾਲ਼ ਮੋਢਾ ਜੋੜ ਕੇ ਖੜ੍ਹੇ ਹੋਏ। ਜੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਮਨਜ਼ੂਰ ਹੋਵੇ ਤਾਂ ਅਸੀਂ ਉਹਨਾਂ ਨੂੰ ਖ਼ਾਲਿਸਤਾਨ ਦੇ ਸ਼ਹਿਰੀ ਬਣਾਉਣ ਲਈ ਤਿਆਰ ਹੋਵਾਂਗੇ।
ਪੰਜ ਮੈਂਬਰੀ ਪੰਥਕ ਕਮੇਟੀ ਵੱਲੋਂ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿੱਖਾਂ ਦੇ ਘਰਾਂ ਵਿੱਚੋਂ ਹਥਿਆਰ ਅਤੇ ਹੋਰ ਕਿਸੇ ਕਿਸਮ ਦਾ ਸਮਾਨ ਨਾ ਲੁੱਟਣ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ‘ਖ਼ਾਲਿਸਤਾਨ’ ਦੀ ਪ੍ਰਾਪਤੀ ਲਈ ਜੂਝ ਰਹੇ ਸਿੰਘਾਂ-ਸਿੰਘਣੀਆਂ ਦੀ ਹਰ ਪ੍ਰਕਾਰ ਨਾਲ਼ ਸਹਾਇਤਾ ਅਤੇ ਹੌਸਲਾ-ਅਫ਼ਜ਼ਾਈ ਕੀਤੀ ਜਾਵੇ, ਕਿਉਂਕਿ ਸਿੰਘਾਂ ਦੇ ਕਿਲ੍ਹੇ ਸੰਗਤ ਹੀ ਹੈ।
ਗੁਰੂ ਪੰਥ ਦੇ ਦਾਸ :
 

       ਗੁਰਬਚਨ ਸਿੰਘ ਮਾਨੋਚਾਹਲ, ਗੁਰਦੇਵ ਸਿੰਘ                        ਉਸਮਾਨਵਾਲ਼ਾ, ਧੰਨਾ ਸਿੰਘ, ਅਰੂੜ ਸਿੰਘ, ਵੱਸਣ ਸਿੰਘ ਜਫ਼ਰਵਾਲ।
ਪੰਜ ਮੈਂਬਰੀ ਪੰਥਕ ਕਮੇਟੀ।
(ਪੇਸ਼ਕਸ਼ : ਰਣਜੀਤ ਸਿੰਘ ਦਮਦਮੀ ਟਕਸਾਲ)

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.