ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਭਾਈ ਬਲਬੀਰ ਸਿੰਘ ਤੇ ਸ਼ਹੀਦ ਭਾਈ ਮੇਜਰ ਸਿੰਘ ਦੀ ਯਾਦ 'ਚ ਪਿੰਡ ਕੋਲੋਵਾਲ ਵਿਖੇ ਕਰਵਾਇਆ ਸ਼ਹੀਦੀ ਸਮਾਗਮ

ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਭਾਈ ਬਲਬੀਰ ਸਿੰਘ ਤੇ ਸ਼ਹੀਦ ਭਾਈ ਮੇਜਰ ਸਿੰਘ ਦੀ ਯਾਦ 'ਚ ਪਿੰਡ ਕੋਲੋਵਾਲ ਵਿਖੇ ਕਰਵਾਇਆ ਸ਼ਹੀਦੀ ਸਮਾਗਮ

ਪੰਜਾਬ ਵਿੱਚ ਨਸ਼ਿਆਂ ਦਾ ਫੈਲਾਅ ਭਾਰਤ ਸਰਕਾਰ ਦਾ ਏਜੰਡਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ 

ਅੰਮ੍ਰਿਤਸਰ, 28 ਅਕਤੂਬਰ (ਮਨਪ੍ਰੀਤ ਸਿੰਘ ਆਜ਼ਾਦ): ਅਮਰ ਸ਼ਹੀਦ ਜਨਰਲ ਭਾਈ ਸ਼ਬੇਗ ਸਿੰਘ ਜੀ ਖਿਆਲਾ, ਸ਼ਹੀਦ ਭਾਈ ਬਲਬੀਰ ਸਿੰਘ ਜੀ ਕੋਲੋਵਾਲ ਅਤੇ ਸ਼ਹੀਦ ਭਾਈ ਮੇਜਰ ਸਿੰਘ ਜੀ ਕੋਲੋਵਾਲ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਸਾਧ ਸੰਗਤ, ਪਿੰਡ ਕੋਲੋਵਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਸਲਾਨਾ ਸ਼ਹੀਦੀ ਸਮਾਗਮ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਜੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜਿਆ। ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਅਤੇ ਕਵੀਸ਼ਰ ਗਿਆਨੀ ਗੁਰਕੀਰਤ ਸਿੰਘ ਡਬਲ ਐੱਮ.ਏ. ਨੇ ਕਵੀਸ਼ਰੀ ਵਾਰਾਂ ਰਾਹੀਂ ਸ਼ਹੀਦਾਂ ਦਾ ਜੋਸ਼ੀਲਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅੱਜ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਹ ਅਤੇ ਰੋਸ ਵਜੋਂ ਭਾਰਤ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਕੀਤਾ, ਜੁਝਾਰੂ ਕਾਰਨਾਮੇ ਕੀਤੇ, ਅਨੇਕਾਂ ਤਸ਼ੱਦਦ ਝੱਲੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਬਾਰੇ ਗੱਲ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰਾਹੀਂ ਤਬਾਹ ਕਰਨਾ ਭਾਰਤ ਸਰਕਾਰ ਦੇ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖਾੜਕੂਵਾਦ ਦੇ ਖ਼ਾਤਮੇ ਤੋਂ ਬਾਅਦ ਕੇ.ਪੀ.ਐੱਸ. ਗਿੱਲ ਨੇ ਪਿੰਡਾਂ ਵਿੱਚ ਸੱਭਿਆਚਾਰ ਦੇ ਨਾਂ ਹੇਠ ਮੇਲਿਆਂ ਦੌਰਾਨ ਲੱਚਰ ਗੀਤਾਂ ਅਤੇ ਸ਼ਰਾਬ ਦੇ ਰੁਝਾਨ ਨੂੰ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਜੁਝਾਰੂ ਸਿੰਘਾਂ ਨੇ ਪੰਜਾਬ ਵਿੱਚ ਰੱਤੀ ਭਰ ਵੀ ਨਸ਼ਾ ਨਹੀਂ ਸੀ ਵਿਕਣ ਦਿੱਤਾ ਇਹ ਗੱਲ ਪੁਲਿਸ ਦੇ ਵੱਡੇ ਅਫ਼ਸਰ ਵੀ ਮੰਨਦੇ ਹਨ। ਤੇ ਅੱਜ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਸਿੱਖ ਕੌਮ ਸੁਚੇਤ ਹੋਵੇ ਤੇ ਆਪਣੇ ਗਲੋਂ ਗੁਲਾਮੀ ਲਾਹੁਣ ਲਈ ਸ਼ਹੀਦਾਂ ਦਾ ਖਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼ ਜਾਰੀ ਰੱਖੇ। 
ਇਸ ਮੌਕੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਨੂੰ ਐੱਨ.ਆਰ.ਆਈ. ਵੀਰਾਂ ਵੱਲੋਂ ਗੋਲਡ ਮੈਡਲ ਨਾਲ ਅਤੇ ਗ੍ਰੰਥੀ ਭਾਈ ਹਰਪਾਲ ਸਿੰਘ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਭਾਈ ਮੇਜਰ ਸਿੰਘ ਦੇ ਪਰਿਵਾਰ ਵਿੱਚੋਂ ਭਾਈ ਕੁਲਵੰਤ ਸਿੰਘ ਅਤੇ ਸ਼ਹੀਦ ਭਾਈ ਬਲਬੀਰ ਸਿੰਘ ਦੇ ਸਪੁੱਤਰ ਭਾਈ ਹਰਪਾਲ ਸਿੰਘ ਫੌਜੀ ਵੀ ਸਮਾਗਮ ਵਿੱਚ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਨਿਭਾਈ। ਸਮਾਪਤੀ ਉੱਤੇ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.