ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।" — ਸਬ ਇੰਸਪੈਕਟਰ ਰਣਜੀਤ ਸਿੰਘ, ਐੱਸ.ਐੱਚ.ਓ., ਥਾਣਾ ਸਿਟੀ ਕਪੂਰਥਲਾ
- ਕਨੂੰਨ
- 02 Aug, 2026 06:30 AM (Asia/Kolkata)
ਥਾਣਾ ਸਿਟੀ ਕਪੂਰਥਲਾ ਦੇ ਨਵੇਂ ਐੱਸ.ਐੱਚ.ਓ. ਰਣਜੀਤ ਸਿੰਘ ਦਾ ਸਖ਼ਤ ਸੰਦੇਸ਼
“ਗੈਰਕਾਨੂੰਨੀ ਧੰਦੇ ਬੰਦ ਕਰੋ ਜਾਂ ਸ਼ਹਿਰ ਛੱਡ ਦਿਓ, ਕਾਨੂੰਨ ਨਾਲ ਖਿਲਵਾੜ ਕਰਨ ਵਾਲਾ ਕੋਈ ਨਹੀਂ ਬਚੇਗਾ”
ਨਸ਼ਾ ਤਸਕਰ, ਗੁੰਡਾ ਅਨਸਰ, ਨਾਜਾਇਜ਼ ਕਬਜ਼ੇ ਅਤੇ ਕਾਨੂੰਨ ਤੋੜਨ ਵਾਲੇ ਨਿਸ਼ਾਨੇ 'ਤੇ; ਮੈਡੀਕਲ ਸਟੋਰਾਂ ਅਤੇ ਪਟਾਕੇ ਮਾਰਨ ਵਾਲੇ ਬੁਲੇਟ ਚਾਲਕਾਂ ਲਈ ਵੀ ਚੇਤਾਵਨੀ
ਕਪੂਰਥਲਾ 2 ਅਗਸਤ ਗੌਰਵ ਮੜੀਆ
ਥਾਣਾ ਸਿਟੀ ਕਪੂਰਥਲਾ ਦੇ ਨਵੇਂ ਐੱਸ.ਐੱਚ.ਓ. ਵਜੋਂ ਚਾਰਜ ਸੰਭਾਲਦੇ ਹੀ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਅਪਰਾਧੀਆਂ ਅਤੇ ਗੈਰਕਾਨੂੰਨੀ ਧੰਦੇ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੁਣ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਕੋਈ ਰਿਆਇਤ ਨਹੀਂ ਹੋਵੇਗੀ। "ਗਲਤ ਕੰਮ ਕਰਨ ਵਾਲੇ ਆਪਣੀਆਂ ਹਰਕਤਾਂ ਛੱਡ ਦੇਣ, ਨਹੀਂ ਤਾਂ ਕਾਨੂੰਨ ਆਪਣਾ ਕੰਮ ਕਰੇਗਾ," ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੱਤੀ।
ਐੱਸ.ਐੱਚ.ਓ. ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕਪੂਰਥਲਾ ਸ਼ਹਿਰ ਵਿੱਚ ਅਮਨ-ਸ਼ਾਂਤੀ, ਕਾਨੂੰਨ ਦਾ ਰਾਜ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਗੁੰਡਾਗਰਦੀ, ਧੱਕੇਸ਼ਾਹੀ, ਨਸ਼ਾ ਤਸਕਰੀ ਅਤੇ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਸਰਗਰਮੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਬਾਜ਼ਾਰਾਂ ਵਿੱਚ ਸੜਕਾਂ ਅਤੇ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਬੈਠੇ ਰੇਹੜੀ-ਫੜੀ ਵਾਲਿਆਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਫੁੱਟਪਾਥਾਂ ਅਤੇ ਸੜਕਾਂ 'ਤੇ ਕਬਜ਼ੇ ਕੀਤੇ ਹੋਏ ਹਨ, ਉਹ ਤੁਰੰਤ ਆਪਣਾ ਸਮਾਨ ਹਟਾ ਲੈਣ। ਜੇਕਰ ਕਿਸੇ ਨੇ ਹਦਾਇਤਾਂ ਦੀ ਅਣਦੇਖੀ ਕੀਤੀ ਤਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ਼ ਵਿਸ਼ੇਸ਼ ਮੁਹਿੰਮ ਚਲਾ ਕੇ ਕਬਜ਼ੇ ਹਟਾਏ ਜਾਣਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਨਸ਼ਿਆਂ ਖ਼ਿਲਾਫ਼ ਆਪਣਾ ਰੁਖ਼ ਹੋਰ ਸਪੱਸ਼ਟ ਕਰਦਿਆਂ ਐੱਸ.ਐੱਚ.ਓ. ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਨੂੰ ਜੜ੍ਹ ਤੋਂ ਖ਼ਤਮ ਕਰਨਾ ਉਨ੍ਹਾਂ ਦਾ ਸਭ ਤੋਂ ਵੱਡਾ ਮਿਸ਼ਨ ਹੈ। ਇਸ ਲਈ ਪੁਲਿਸ ਨੇ ਆਪਣੇ ਮੁੱਖਬਿਰ ਸਰਗਰਮ ਕਰ ਦਿੱਤੇ ਹਨ ਅਤੇ ਹਰ ਸ਼ੱਕੀ ਗਤੀਵਿਧੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਪੁਲਿਸ ਦੀ ਨਜ਼ਰ ਤੋਂ ਬਚ ਨਹੀਂ ਸਕੇਗਾ।
ਮੈਡੀਕਲ ਸਟੋਰ ਸੰਚਾਲਕਾਂ ਨੂੰ ਵੀ ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਮੈਡੀਕਲ ਸਟੋਰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਜਿਵੇਂ ਪ੍ਰੈਗਾਬਾਲਿਨ ਜਾਂ ਹੋਰ ਨਿਯੰਤਰਿਤ ਦਵਾਈਆਂ, ਗੈਰਕਾਨੂੰਨੀ ਢੰਗ ਨਾਲ਼ ਵੇਚਦਾ ਹੋਇਆ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਸੰਚਾਲਕਾਂ ਨਾਲ਼ ਮੀਟਿੰਗ ਕਰਕੇ ਸਰਕਾਰ ਦੇ ਨਿਯਮਾਂ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਐੱਸ.ਐੱਚ.ਓ. ਰਣਜੀਤ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਦੀ ਸਿਫ਼ਾਰਸ਼ ਕਰਨ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਜੇਕਰ ਕੋਈ ਵਿਅਕਤੀ ਅਪਰਾਧੀਆਂ ਦੇ ਹੱਕ ਵਿੱਚ ਦਬਾਅ ਬਣਾਉਣ ਜਾਂ ਸਿਫ਼ਾਰਸ਼ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਭੂਮਿਕਾ ਦੀ ਵੀ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਬੁਲੇਟ ਮੋਟਰਸਾਈਕਲਾਂ 'ਤੇ ਗੈਰਕਾਨੂੰਨੀ ਤਰੀਕੇ ਨਾਲ਼ ਪਟਾਕੇ ਮਾਰ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅੰਤ ਵਿੱਚ ਐੱਸ.ਐੱਚ.ਓ. ਰਣਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ, ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗੈਰਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਤੱਕ ਪਹੁੰਚਾਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਨਦੇਹੀ ਨਾਲ਼ ਕੰਮ ਕਰੇਗੀ।
Leave a Reply