ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਦੀ ਸਾਜ਼ਿਸ਼ ਬੇਨਕਾਬ– ਹਰਜੀਤ ਸੰਧੂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਦੀ ਸਾਜ਼ਿਸ਼ ਬੇਨਕਾਬ– ਹਰਜੀਤ ਸੰਧੂ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰਦਾ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਜੂਨ 

ਹਰਿਆਣਾ ਦੇ ਗੁਰੁਗ੍ਰਾਮ ਵਿੱਚ ਦਰਜ ਹੋਈ ਐਫ.ਆਈ. ਆਰ. ਨੇ ਪੰਜਾਬ ਸਰਕਾਰ ਅਤੇ ਉਸਦੇ ਨੁਮਾਇੰਦਿਆਂ ਵੱਲੋਂ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਕੀਤੇ ਗਏ ਦਾਅਵਿਆਂ ਦੀ ਸੱਚਾਈ ਨੂੰ ਬੇਨਕਾਬ ਕਰ ਦਿੱਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਕਥਿਤ ਤੌਰ ’ਤੇ ਪੈਸੇ ਦੇ ਜ਼ੋਰ ਨਾਲ ਪੁਲਿਸ ਦੇ ਕੁਝ ਅਧਿਕਾਰੀਆਂ ਰਾਹੀਂ ਜਾਅਲੀ ਅਤੇ ਮਨਘੜਤ ਰਿਪੋਰਟਾਂ ਤਿਆਰ ਕਰਵਾਉਣਾ ਇੱਕ ਬੱਜਰ ਗੁਨਾਹ ਹੈ।ਹੁਣ ਸਾਹਮਣੇ ਆਏ ਘਟਨਾਕ੍ਰਮ ਨੇ ਸਮੂਹ ਸਿੱਖ ਸੰਗਤ ਦੇ ਮਨਾਂ ’ਤੇ ਡੂੰਘਾ ਅਸਰ ਛੱਡਿਆ ਹੈ ਅਤੇ ਪੰਥਕ ਰੋਸ ਨੂੰ ਹੋਰ ਵਧਾ ਦਿੱਤਾ ਹੈ। ਭਾਰਤੀਯ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸਦੀਵੀ ਤਖ਼ਤ ਹੈ। ਇੱਥੋਂ ਜਾਰੀ ਕੀਤੇ ਹੁਕਮਨਾਮੇ ਅਤੇ ਸਿੰਘ ਸਾਹਿਬਾਨਾਂ ਦੇ ਆਦੇਸ਼ ਸਮੂਹ ਸਿੱਖ ਕੌਮ ਲਈ ਸਤਿਕਾਰਯੋਗ ਅਤੇ ਸਰਵਉੱਚ ਹਨ। ਕੋਈ ਵੀ ਵਿਅਕਤੀ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ,ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦਾ।
 

ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸਿੰਘ ਸਾਹਿਬਾਨਾਂ ਦੇ ਹੁਕਮਾਂ ਦੀ ਅਣਦੇਖੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਦਾ ਰਾਹ ਅਪਣਾਉਣਾ ਸਿਰਫ਼ ਰਾਜਨੀਤਿਕ ਅਹੰਕਾਰ ਹੀ ਨਹੀਂ, ਸਗੋਂ ਪੰਥਕ ਮਰਿਆਦਾ ਅਤੇ ਸਿੱਖ ਭਾਵਨਾਵਾਂ ਪ੍ਰਤੀ ਗੰਭੀਰ ਅਣਗਹਿਲੀ ਵੀ ਹੈ।ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਅਹੰਕਾਰ ਵੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਜਾਂ ਮੱਥਾ ਲਾਇਆ,ਉਹ ਨਾ ਪੰਥ ਵਿੱਚ ਸਤਿਕਾਰ ਹਾਸਲ ਕਰ ਸਕੇ ਅਤੇ ਨਾ ਹੀ ਇਤਿਹਾਸ ਵਿੱਚ ਸਨਮਾਨ।ਸੱਤਾ ਦਾ ਨਸ਼ਾ ਅਸਥਾਈ ਹੁੰਦਾ ਹੈ,ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਦੀਵੀ ਹੈ।ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਚੱਲੇ,ਪੰਥਕ ਅਨੁਸ਼ਾਸਨ ਨੂੰ ਕਾਇਮ ਰੱਖੇ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਮੂੰਹ ਨਾ ਲਾਵੇ।ਭਗਵੰਤ ਮਾਨ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਇਤਿਹਾਸ ਤੋਂ ਸਬਕ ਲੈਣ, ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨ, ਤੁਰੰਤ ਅਸਤੀਫਾ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅੱਗੇ ਸਿਰ ਨਿਵਾਉਣ।ਸਿੱਖ ਕੌਮ ਵਿੱਚ ਮਾਣ-ਸਤਿਕਾਰ ਸੱਤਾ ਨਾਲ ਨਹੀਂ,ਸਗੋਂ ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਨਾਲ ਮਿਲਦਾ ਹੈ।ਇਸ ਮੌਕੇ 'ਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਸੁਰਜੀਤ ਸਿੰਘ ਸਾਗਰ,ਹਰਪ੍ਰੀਤ ਸਿੰਘ ਸਿੰਦਬਾਦ , ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ, ਕਿਸਾਨ ਮੋਰਾ ਪ੍ਰਧਾਨ ਡਾ.ਅਵਤਾਰ ਸਿੰਘ,ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਾ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਓ.ਬੀ.ਸੀ. ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਐੱਸ.ਸੀ.ਮੋਰਚਾ ਪ੍ਰਧਾਨ ਅਵਤਾਰ ਸਿੰਘ, ਸਕੱਤਰ ਸਵਿੰਦਰ ਸਿੰਘ ਪੰਨੂੰ,ਹਰਜੀਤ ਸਿੰਘ ਕੰਗ ਤੋਂ ਇਲਾਵਾ ਸਰਕਲ ਪ੍ਰਧਾਨ ਰੋਹਿਤ ਸ਼ਰਮਾ,ਡਾ.ਸੁਖਵੰਤ ਸਿੰਘ, ਕਰਮਜੀਤ ਸਿੰਘ, ਕਨਵਰਦੀਪ ਸਿੰਘ,ਵਿਜੈ ਵਿਨਾਇਕ, ਕਾਰਜ ਸਿੰਘ ਸ਼ਾਹ,ਗੌਰਵ ਦੇਵਗਨ,ਜਸਬੀਰ ਸਿੰਘ, ਹਰਪਾਲ ਸੋਨੀ, ਮੇਹਰ ਸਿੰਘ,ਨਰਿੰਦਰ ਸਿੰਘ, ਕੁਲਦੀਪ ਸਿੰਘ,ਸੁਖਵਿੰਦਰ ਸਿੰਘ, ਖੁਸ਼ਪਿੰਦਰ ਸਿੰਘ, ਨਰਿੰਦਰ ਸਿੰਘ,  ਸਰਬਜੀਤ ਸਿੰਘ,ਸੁਖਦੇਵ ਸਿੰਘ, ਸਾਹਿਬ ਸਿੰਘ ਤੋ ਇਲਾਵਾ ਜ਼ਿਲ੍ਹੇ ਭਰ ’ਚੋ ਪਾਰਟੀ ਦੇ ਸੀਨੀਅਰ ਅਤੇ ਪ੍ਰਮੁੱਖ ਆਗੂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.