ਮਹਿਮਾਨ ਸੰਪਾਦਕੀ-ਤਿੰਨ ਧਿਰਾਂ ਦੀ ਗੱਲ, ਕਿਹੜੀ ਪੰਥ ਵੱਲ ?-ਰਣਜੀਤ ਸਿੰਘ ਦਮਦਮੀ ਟਕਸਾਲ
ਸਿੱਖੀ ਦੀ ਵੱਖਰੀ ਹੋਂਦ, ਮਰਯਾਦਾ ਤੇ ਕੌਮੀ ਭਵਿੱਖ ਦੇ ਸਵਾਲ ਉੱਤੇ ਸਿੱਖਾਂ ਅੰਦਰ ਤਿੰਨ ਤਰ੍ਹਾਂ ਦੀ ਸੋਚ ਦਿਸਦੀ ਹੈ। ਇੱਕ ਵਰਗ ਸਿੱਖਾਂ ਦੇ ਆਜ਼ਾਦ ਕੌਮੀ ਘਰ ਦੀ ਗੱਲ ਉੱਤੇ ਦ੍ਰਿੜ੍ਹ ਹੈ। ਦੂਜਾ ਸਿੱਖੀ ਦੇ ਹਿੰਦੂਕਰਨ ਨੂੰ ਸਿਆਣਪ ਤੇ ਤਰੱਕੀ ਸਮਝਦਾ ਹੈ। ਤੀਜਾ ਮੌਕਾ ਵੇਖ ਕੇ ਆਪਣੀ ਬੋਲੀ ਬਦਲ ਲੈਂਦਾ ਹੈ। ਇਨ੍ਹਾਂ ਤਿੰਨਾਂ ਦੀ ਪਛਾਣ ਉਦੋਂ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ, ਜਦੋਂ ਸਿੱਖੀ ਦੀ ਵੱਖਰੀ ਹੋਂਦ ਬਾਰੇ ਆਪਣਾ ਪੱਖ ਸਾਫ਼ ਕਰਨ ਦੀ ਵਾਰੀ ਆਉਂਦੀ ਹੈ।
ਪਹਿਲਾ ਵਰਗ ਆਪਣੀ ਕੌਮੀ ਹੋਂਦ ਲਈ ਦ੍ਰਿੜ੍ਹ ਹੈ। ਪਹਿਲੇ ਵਰਗ ਨੂੰ ਇਹ ਖ਼ਤਰਾ ਮਹਿਸੂਸ ਹੁੰਦਾ ਹੈ ਕਿ ਹਿੰਦੂ ਬਹੁਗਿਣਤੀ ਦੇ ਪ੍ਰਭਾਵ ਹੇਠ ਸਿੱਖੀ ਦੀ ਵੱਖਰੀ ਪਛਾਣ ਹੌਲੀ-ਹੌਲੀ ਘੁਲ ਸਕਦੀ ਹੈ। ਇਸੇ ਕਰਕੇ ਇਹ ਵਰਗ ਸਿੱਖਾਂ ਦੇ ਆਜ਼ਾਦ ਕੌਮੀ ਘਰ ਖਾਲਿਸਤਾਨ ਦੀ ਮੰਗ ਉੱਤੇ ਦ੍ਰਿੜ੍ਹ ਹੈ। ਇਸ ਦੀ ਸੋਚ ਹੈ ਕਿ ਸਿੱਖ ਕੌਮ ਕੋਲ ਆਪਣੀ ਬੋਲੀ, ਧਰਮ, ਮਰਯਾਦਾ ਤੇ ਸਭਿਆਚਾਰ ਨੂੰ ਕਾਇਮ ਰੱਖਣ ਲਈ ਆਪਣੇ ਫ਼ੈਸਲੇ ਆਪ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਇਸ ਵਰਗ ਲਈ ਕੌਮੀ ਘਰ ਦਾ ਸਵਾਲ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜਿਆ ਹੋਇਆ ਹੈ। ਅਗਲੀ ਪੀੜ੍ਹੀ ਆਪਣੀ ਬੋਲੀ ਬੋਲੇ, ਆਪਣੇ ਧਰਮ ਨੂੰ ਸਮਝੇ ਤੇ ਆਪਣੀ ਮਰਯਾਦਾ ਅਨੁਸਾਰ ਜੀਵੇ। ਇਸੇ ਫ਼ਿਕਰ ਵਿੱਚੋਂ ਆਜ਼ਾਦ ਕੌਮੀ ਘਰ ਦੀ ਗੱਲ ਨਿਕਲਦੀ ਹੈ।
ਦੂਜਾ ਵਰਗ ਹਿੰਦੂਕਰਨ ਨੂੰ ਤਰੱਕੀ ਸਮਝਦਾ ਹੈ। ਦੂਜਾ ਵਰਗ ਆਪਣੇ ਆਪ ਨੂੰ ਅਗਾਂਹਵਧੂ, ਸੂਝਵਾਨ ਤੇ ਮਾਡਰਨ ਸਮਝਦਾ ਹੈ। ਜਿਹੜਾ ਸਿੱਖੀ ਨੂੰ ਦਰਪੇਸ਼ ਖ਼ਤਰੇ ਦੀ ਗੱਲ ਕਰੇ, ਉਸ ਨੂੰ ਇਹ ਕਦੇ ਬੇਵਕੂਫ਼, ਕਦੇ ਮੂਲਵਾਦੀ ਤੇ ਕਦੇ ਰੈਡੀਕਲ ਆਖ ਦਿੰਦਾ ਹੈ। ਕੋਈ ਸਿੱਖਾਂ ਦੀ ਵੱਖਰੀ ਕੌਮੀ ਪਛਾਣ ਦੀ ਗੱਲ ਕਰੇ ਤਾਂ ਝੱਟ ਉਸ ਉੱਤੇ ਹਿੰਦੂ-ਸਿੱਖ ਏਕਤਾ ਦਾ ਵੈਰੀ ਜਾਂ ਭਾਰਤ ਦਾ ਦੁਸ਼ਮਣ ਹੋਣ ਦਾ ਠੱਪਾ ਲਾ ਦਿੰਦਾ ਹੈ। ਇਸ ਵਰਗ ਨੂੰ ਸਿੱਖਾਂ ਵੱਲੋਂ ਆਪਣੀ ਮਰਯਾਦਾ ਤੇ ਰਵਾਇਤ ਤੋੜਨ ਉੱਤੇ ਖ਼ੁਸ਼ੀ ਹੁੰਦੀ ਹੈ। ਇਹ ਚਾਹੁੰਦਾ ਹੈ ਕਿ ਹਰ ਸਿੱਖ ਆਪਣਾ ਜੀਵਨ ਹਿੰਦੂ ਬਹੁਗਿਣਤੀ ਦੇ ਹਿਸਾਬ ਨਾਲ ਬਿਤਾਵੇ। ਆਪਣੀ ਰਵਾਇਤ ਨਿਭਾਉਣ ਵੇਲੇ ਵੀ ਪਹਿਲਾਂ ਇਹ ਸੋਚੇ ਕਿ ਕਿਤੇ ਹਿੰਦੂ ਨਾਰਾਜ਼ ਨਾ ਹੋ ਜਾਣ। ਇਹ ਸੋਚ ਇਸ ਵਰਗ ਦੀ ਆਪਣੀ ਹੈ। ਆਪਣੇ ਹੀ ਕੌਮੀ ਪੱਖ ਦੇ ਉਲਟ ਭੁਗਤਣ ਨੂੰ ਇਹ ਸਿਆਣਪ ਸਮਝਦਾ ਹੈ ਤੇ ਸਿੱਖੀ ਦੇ ਹਿੰਦੂਕਰਨ ਨੂੰ ਤਰੱਕੀ।
ਤੀਜਾ ਵਰਗ ਹਵਾ ਦੇ ਰੁਖ਼ ਨਾਲ ਤੁਰਦਾ ਹੈ। ਤੀਜੇ ਵਰਗ ਦਾ ਹਾਲ ਉਹੀ ਹੈ, ‘ਗੰਗਾ ਗਏ ਗੰਗਾ ਰਾਮ, ਯਮੁਨਾ ਗਏ ਯਮੁਨਾ ਦਾਸ।’ ਇਸ ਦਾ ਕੋਈ ਪੱਕਾ ਅਸੂਲ ਨਹੀਂ। ਇੱਕ ਥਾਂ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ਦੂਜੀ ਥਾਂ ‘ਹਿੰਦੁਸਤਾਨ ਜ਼ਿੰਦਾਬਾਦ।’ ਜਿਹੋ ਜਿਹੀ ਸੰਗਤ ਬੈਠੀ ਹੋਵੇ, ਉਹੋ ਜਿਹੀ ਗੱਲ ਮੂੰਹੋਂ ਨਿਕਲਦੀ ਹੈ। ਜਿਸ ਧਿਰ ਦੀ ਚੜ੍ਹਤ ਹੋਵੇ, ਉਸ ਦੇ ਨਾਲ ਜਾ ਖੜ੍ਹਦੇ ਹਨ। ਕੱਲ੍ਹ ਜਿਹੜੀ ਗੱਲ ਪੂਰੇ ਜ਼ੋਰ ਨਾਲ ਆਖਦੇ ਸਨ, ਅੱਜ ਉਸੇ ਗੱਲ ਤੋਂ ਮੁੱਕਰ ਜਾਂਦੇ ਹਨ। ਹਵਾ ਵਿੱਚ ਉੱਡਦੇ ਲਿਫ਼ਾਫ਼ਿਆਂ ਵਾਂਗ, ਜਿੱਧਰ ਦੀ ਹਵਾ ਚੱਲੇ, ਓਧਰ ਨੂੰ ਤੁਰ ਪੈਂਦੇ ਹਨ।
ਕੌਮੀ ਮਸਲਿਆਂ ਉੱਤੇ ਅਸਲ ਪਰਖ ਉਦੋਂ ਹੁੰਦੀ ਹੈ, ਜਦੋਂ ਆਪਣੇ ਕਹੇ ਉੱਤੇ ਖੜ੍ਹੇ ਰਹਿਣ ਦੀ ਵਾਰੀ ਆਵੇ। ਇਨ੍ਹਾਂ ਤਿੰਨਾਂ ਵਿੱਚੋਂ ਪਹਿਲੀ ਧਿਰ ਹੀ ਪੰਥ ਤੇ ਪੰਜਾਬ ਦੀ ਅਸਲ ਵਾਰਸ ਹੈ। ਇਹ ਧਿਰ ਸਿੱਖੀ ਦੀ ਵੱਖਰੀ ਹੋਂਦ, ਆਪਣੀ ਬੋਲੀ, ਮਰਯਾਦਾ ਤੇ ਸਭਿਆਚਾਰ ਦੀ ਰਾਖੀ ਲਈ ਦ੍ਰਿੜ੍ਹ ਹੈ। ਪੰਥ ਤੇ ਪੰਜਾਬ ਦੇ ਭਵਿੱਖ ਲਈ ਇਸੇ ਧਿਰ ਦਾ ਡੱਟ ਕੇ ਸਾਥ ਦੇਣ ਦੀ ਲੋੜ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply