ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਿਲ ਜਗਤ ਮਾਤਾ ਸਾਹਿਬ ਕੌਰ ਜੀ ਦੀ ਸੇਵਕ ਬੀਬੀ ਬਸੰਤ ਕੌਰ ਜੀ...
- ਗੁਰਬਾਣੀ-ਇਤਿਹਾਸ
- (Asia/Kolkata)
ਸਿੱਖ ਗੁਰੂ ਸਾਹਿਬਾਨਾਂ ਨੇ ਸਮਾਜ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਹੈ। ਇਸ ਵਿੱਚ ਕੋਈ ਦੋ ਰਾਹਵਾਂ ਵੀ ਨਹੀਂ ਕਿ ਔਰਤਾਂ ਹਮੇਸ਼ਾ ਮਰਦਾ ਨਾਲ ਔਖੇ ਸੌਖੇ ਵੇਲੇ ਡੱਟ ਕੇ ਖੜੀਆਂ ਹਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਮਰਦਾਂ ਦੇ ਨਾਲ ਬਰਾਬਰ ਯੋਗਦਾਨ ਪਾ ਕੇ ਸ਼ਹੀਦੀਆਂ ਵੀ ਆਈਆਂ ਹਨ। ਖਾਸ ਕਰਕੇ ਸਿੱਖ ਇਤਿਹਾਸ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਨਾਂ ਤੋਂ ਭਰਪੂਰ ਜਾਣਕਾਰੀ ਮਿਲਦੀ ਹੈ ਕਿ ਜਿਵੇਂ ਸਿੰਘਾਂ ਨੇ ਦੁਸ਼ਮਣਾਂ ਨਾਲ ਲੜ ਕੇ ਦੁਸ਼ਮਣਾਂ ਨੂੰ ਸੋਧਿਆ ਅਤੇ ਆਪਣੇ ਹੱਕਾਂ ਲਈ ਕੁਰਬਾਨੀਆਂ ਕੀਤੀਆਂ ਹਨ ਉਵੇਂ ਹੀ ਸਿੰਘਣੀਆਂ ਨੇ ਵੀ ਹਥਿਆਰ ਬੰਦ ਹੋ ਕੇ ਦੁਸ਼ਮਣਾਂ ਨੂੰ ਸੋਧਣ ਵਿੱਚ ਪੂਰਾ ਜੀ ਯੋਗਦਾਨ ਸਿੰਘਾਂ ਨਾਲ ਰਲ ਕੇ ਪਾਇਆ ਹੈ। ਸਿੱਖ ਇਤਿਹਾਸ ਵਿੱਚ ਬੀਬੀ ਬਸੰਤ ਕੌਰ ਲਤਾ ਜੀ ਵੀ ਉਹ ਸਿੰਘਣੀ ਹੈ ਜਿਸ ਨੇ ਦੁਸ਼ਮਣ ਨਾਲ ਲੜਦੇ ਆ ਸਿੱਖ ਇਤਿਹਾਸ ਵਿੱਚ ਆਪਣਾ ਯੋਗਦਾਨ ਪਾਇਆ ਹੈ। ਬੀਬੀ ਬਸੰਤ ਕੌਰ ਲਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਕ ਸੀ ਜਿਹੜੀ ਕਿ ਛੋਟੀ ਉਮਰ ਤੋਂ ਹੀ ਗੁਰੂ ਕੇ ਮਹਿਲ ਸਿੱਖ ਕੌਮ ਦੀ ਮਾਤਾ ਸਾਹਿਬ ਕੌਰ ਜੀ ਨਾਲ ਰਹਿੰਦੀ ਸੀ। ਹਰ ਵੇਲੇ ਨਾਮ ਸਿਮਰਨ ਨਾਲ ਜੁੜੀ ਰਹਿੰਦੀ ਸੀ ਤੇ ਮਾਤਾ ਜੀ ਦੀ ਸੇਵਾ ਤਨ ਮਨ ਨਾਲ ਕਰਦੀ, ਗੁਰੂ ਸਾਹਿਬ ਦੇ ਬਚਨ ਸੁਣਦੀ ਤੇ ਉਹਨਾਂ ਅਨੁਸਾਰ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰਦੀ। ਜਦ ਬਸੰਤ ਕੌਰ ਲਤਾ 16 ਸਾਲ ਦੀ ਹੋਈ ਤਾਂ ਮਾਪਿਆਂ ਨੇ ਵਿਆਹ ਕਰਨ ਦੀ ਸਲਾਹ ਬਣਾਈ ਅਤੇ ਇਹ ਇੱਛਾ ਗੁਰੂ ਕੇ ਹਜ਼ੂਰ ਪਹੁੰਚਾਈ। ਪਰ ਬਸੰਤ ਕੌਰ ਲਤਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ। ਉਸ ਨੇ ਸਾਰੀ ਉਮਰ ਗੁਰੂ ਕੀ ਸੇਵਾ ਕਰਨ ਦਾ ਹੀ ਪ੍ਰਣ ਕਰ ਰੱਖਿਆ ਸੀ। ਬੀਬੀ ਬਸੰਤ ਕੌਰ ਲਤਾ ਬਹੁਤ ਭਗਤੀ ਭਾਵ ਵਾਲੀ ਸੇਵਾ ਸਿਮਰਨ ਵਿੱਚ ਏਨੀ ਗੜੂੰਦ ਸੀ ਕਿ ਵਿਆਹ ਨਹੀਂ ਕਰਾਇਆ। ਜਦੋਂ ਘਰ ਦੇ ਵਿਆਹ ਕਰਨ ਲੱਗੇ ਤਾਂ ਇਹ ਅਨੰਦਪੁਰ ਸਾਹਿਬ ਮਾਤਾ ਸਾਹਿਬ ਕੌਰ ਜੀ ਪਾਸ ਆਏ ਅਤੇ ਉਹਨਾਂ ਦੀ ਸੇਵਾ ਵਿੱਚ ਜੁੱਟ ਗਈ। ਸਮੇਂ ਦਾ ਗੇੜ ਐਸਾ ਚਲਿਆ ਕਿ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਬਸੰਤ ਕੌਰ ਲਤਾ ਨੇ ਵੀ ਸ਼ਸਤਰ ਧਾਰਨ ਕਰ ਲਏ ਅਤੇ ਮਾਤਾ ਜੀ ਨਾਲ ਨਿਡਰ ਹੋਕੇ ਵਿਚਰਨ ਲੱਗੀ। ਇਸੇ ਜੰਗ ਵਿੱਚ ਬਸੰਤ ਕੌਰ ਲਤਾ ਦੇ ਪਿਤਾ ਜੀ ਵੀ ਸ਼ਹੀਦ ਹੋ ਗਏ। ਜਿਸ ਕਾਰਨ ਵਿਆਹ ਦਾ ਕਾਰਜ ਵਿੱਚੇ ਹੀ ਰਹਿ ਗਿਆ। ਜਦ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਬਸੰਤ ਲਤਾ ਵੀ ਸ਼ਸਤਰ-ਧਾਰੀ ਹੋਕੇ ਮਾਤਾ ਜੀ ਦੇ ਨਾਲ਼ ਤੁਰ ਪਏ। ਕੁਦਰਤ ਦੀ ਨੇਤ ਪਹਾੜੀਆਂ ਦੇ ਪਿੱਛੋਂ ਹਮਲਾ ਕਰਨ 'ਤੇ ਸਰਸਾ ਦੇ ਚੜ੍ਹੇ ਹੋਣ ਕਾਰਨ ਬਸੰਤ ਕੌਰ ਲਤਾ ਮਾਤਾ ਸਾਹਿਬ ਕੌਰ ਜੀ ਤੋਂ ਵਿਛੜ ਗਈ ਅਤੇ ਇਕ ਪਿੰਡ ਵਿੱਚ ਜਾ ਪਹੁੰਚੀ। ਓਥੇ ਬੇਹੋਸ਼ ਪਈ ਨੂੰ ਕੁਝ ਆਦਮੀ ਚੁੱਕ ਕੇ ਲੈ ਗਏ ਅਤੇ ਓਥੋਂ ਦੇ ਹਾਕਮ ਸਮੁੰਦ ਖਾਂ ਨੂੰ ਖ਼ਬਰ ਕੀਤੀ। ਜਦ ਸਮੁੰਦ ਖਾਂ ਨੇ ਬਸੰਤ ਲਤਾ ਨੂੰ ਤੱਕਿਆ ਤਾਂ ਆਪਣਾ ਆਪਾ ਖੋ ਬੈਠਾ। ਬਸੰਤ ਕੌਰ ਲਤਾ ਦੇ ਚੇਹਰੇ ਦਾ ਤੇਜ਼ ਝੱਲਿਆ ਨਹੀਂ ਸੀ ਜਾਂਦਾ। ਬਸੰਤ ਕੌਰ ਲਤਾ ਇੰਨੀ ਸੋਹਣੀ ਸੀ ਕਿ ਸਮੁੰਦ ਖਾਂ ਉਸ ਨੂੰ ਗੁਰੂ ਕੇ ਮਹਿਲ ਸਮਝ ਬੈਠਾ। ਸਮੁੰਦ ਖਾਂ ਨੇ ਪੁੱਛਿਆ ਕਿ ਤੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਤਨੀ ਹੈਂ ? ਬਸੰਤ ਕੌਰ ਲਤਾ ਨੇ ਕਿਹਾ ਨਹੀਂ ਮੈਂ ਉਹਨਾਂ ਦੀ ਦਾਸੀ ਹਾਂ। ਸਮੁੰਦ ਖਾਂ ਨੇ ਬਸੰਤ ਕੌਰ ਲਤਾ ਨੂੰ ਆਪਣੇ ਨਾਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਪਰ ਉਸ ਨੇ ਨਾਂਹ ਕਰ ਦਿੱਤੀ। ਸਮੁੰਦ ਖਾਂ ਕਈ ਤਰ੍ਹਾਂ ਦੇ ਲਾਲਚ ਅਤੇ ਧਮਕੀਆਂ ਬੀਬੀ ਬਸੰਤ ਕੌਰ ਲਤਾ ਨੂੰ ਦਿੰਦਾ ਰਿਹਾ। ਪਰ ਓਹ ਨਾ ਮੰਨੀ। ਅੰਤ ਨੂੰ ਉਸ ਨੂੰ ਇਕ ਕਾਲ ਕੋਠੜੀ ਵਿੱਚ ਸੁੱਟ ਦਿੱਤਾ ਗਿਆ। ਜਿਸ ਵਿੱਚ ਮੱਛਰ, ਚੂਹੇ ਤੇ ਹੋਰ ਕੀੜੇ ਮਕੌੜੇ ਸੀ। ਪਰ ਬਸੰਤ ਕੌਰ ਨੇ ਦੁੱਖ ਨਹੀਂ ਮੰਨਿਆ ਅਤੇ ਚੜ੍ਹਦੀ ਕਲਾ ਵਿੱਚ ਬੈਠੀ ਕਲਗੀਧਰ ਦਾ ਧਿਆਨ ਧਰਦੀ ਰਹੀ। ਇਕ ਦਿਨ ਹਾਕਮ ਨੇ ਰਾਤ ਨੂੰ ਬਸੰਤ ਕੌਰ ਲਤਾ ਨਾਲ ਜਬਰਦਸਤੀ ਕਰਨ ਦੀ ਸੋਚੀ ਅਤੇ ਇਸੇ ਨਿਯਤ ਨਾਲ ਉਹ ਕੋਠੜੀ ਵਿੱਚ ਪੁੱਜਾ। ਕੋਠੜੀ ਵਿੱਚ ਵੜਦੇ ਹੀ ਉਸ ਨੇ ਬਸੰਤ ਕੌਰ ਲਤਾ ਨੂੰ ਆਖ਼ਰੀ ਚਿਤਾਵਨੀ ਦਿੱਤੀ। ਪਰ ਓਹ ਨਾ ਮੰਨੀ। ਸਤਿਗੁਰ ਅੱਗੇ ਅਰਦਾਸ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਜੀ ਆਪ ਹੀ ਰੱਖਿਆ ਕਰੋ, ਹੁਣ ਮੇਰੇ ਵਸ ਕੁਝ ਨਹੀਂ ਰਿਹਾ ਆਪ ਹੀ ਜਤ-ਸਤ ਦੀ ਰੱਖਿਆ ਕਰੋ। ਇਕ ਪਾਸੇ ਬਸੰਤ ਬੇਨਤੀਆਂ ਵਿੱਚ ਜੁੜ ਗਈ ਅਤੇ ਦੂਜੇ ਪਾਸੇ ਜਦੋਂ ਸਮੁੰਦ ਖਾਨ ਨੇ ਧੱਕੇ ਨਾਲ ਬਸੰਤ ਕੌਰ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਦਾ ਯਤਨ ਕੀਤਾ ਤਾਂ ਉਸ ਦਾ ਸਾਰਾ ਸਰੀਰ ਸੈਲ ਪੱਥਰ ਦਾ ਹੋ ਗਿਆ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਕੋਈ ਅਗੰਮੀ ਵਸਤੂ ਉਸ ਦੇ ਸਿਰ ਵਿੱਚ ਜੁੱਤੀਆਂ ਮਾਰ ਰਹੀ ਹੋਵੇ ਅਤੇ ਕਹਿ ਰਹੀ ਹੋਵੇ ਬਸੰਤ ਕੌਰ ਨੂੰ ਭੈਣ ਕਹਿ। ਜਦ ਪੂਰੀ ਵਾਹ ਲਾ ਹਟਿਆ ਪਰ ਜੁੱਤੀਆਂ ਵੱਜਣੋ ਨਾ ਹਟੀਆਂ ਤਾਂ ਇਕ ਦਮ ਕਹਿਣ ਲੱਗਾ, ਬਸੰਤ ਕੌਰ ਮੇਰੀ ਭੈਣ। ਇਹਨਾਂ ਕਹਿਣ ਦੀ ਦੇਰ ਸੀ ਕਿ ਜੁੱਤੀਆਂ ਵੱਜਨੀਆਂ ਬੰਦ ਹੋ ਗਈਆਂ ਅਤੇ ਜਿਵੇਂ ਹੀ ਉਸ ਨੇ ਆਪਣੇ ਹੱਥ ਕੰਨਾਂ ਵਲ ਨੂੰ ਵਧਾਏ ਸਾਰਾ ਸਰੀਰ ਖੁਲ੍ਹ ਗਿਆ। ਸਮੁੰਦ ਖਾਂ ਨੇ ਬਸੰਤ ਕੌਰ ਲਤਾ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਤੇਰਾ ਦੀਨ ਪੱਕਾ ਹੈ। ਮੈਂ ਭੁੱਲ ਗਿਆ ਸੀ। ਫ਼ੇਰ ਸਤਿਕਾਰ ਨਾਲ ਆਪਣੇ ਮਹਿਲਾਂ ਵਿੱਚ ਲੈਕੇ ਗਿਆ ਤੇ ਓਥੋਂ ਸੈਨਿਕ ਘੋੜੇ ਅਤੇ ਹੋਰ ਨਕਦੀ ਸਮਾਨ ਦੇ ਕੇ ਭੈਣਾਂ ਵਾਂਗ ਵਿਦਾ ਕੀਤਾ। ਇਸ ਤੋਂ ਬਾਅਦ ਬਸੰਤ ਲਤਾ ਪੁੱਛਦੀ ਪਛਾਉਂਦੀ ਫ਼ੇਰ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਪਹੁੰਚ ਗਈ। ਇਸੇ ਤਰਾਂ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੀ ਔਖੇ ਸਮੇਂ ਰੱਖਿਆ ਕਰਦਾ ਹੈ ਜੇ ਸਿੱਖ ਆਪਣੇ ਧਰਮ ਵਿੱਚ ਪੂਰਾ ਰਹੇ ਤਾਂ ਗੁਰੂ ਸਾਹਿਬ ਜੀ ਹਰ ਔਖੇ ਵੇਲੇ ਰੱਖਿਆ ਕਰਦੇ ਹਨ।
-ਮੰਗਤ ਸਿੰਘ ਸੈਦਪੁਰ, ਮੋਬਾਈਲ : 70877-76975
Leave a Reply