ਪੰਜਾਬ ਨਾਲ ਭਾਰਤ ਦੀਆਂ ਧੱਕੇਸ਼ਾਹੀਆਂ ਜਾਰੀ

ਪੰਜਾਬ ਨਾਲ ਭਾਰਤ ਦੀਆਂ ਧੱਕੇਸ਼ਾਹੀਆਂ ਜਾਰੀ

ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਵਾਲੀ ਅਖਾਣ ਬਿਲਕੁਲ ਸੱਚ ਹੈ ਕਿਉਂਕਿ ਸਦੀਆਂ ਤੋਂ ਹੀ ਵੈਰੀਆਂ ਵੱਲੋਂ ਪੰਜਾਬ ਉੱਤੇ ਵੱਖ-ਵੱਖ ਢੰਗ-ਤਰੀਕਿਆਂ ਨਾਲ ਹਮਲੇ ਜਾਰੀ ਹਨ ਤੇ ਪੰਜਾਬ ਦੇ ਲੋਕ ਇਹਨਾਂ ਹਮਲਿਆਂ ਦਾ ਮੁਕਾਬਲਾ ਕਰਦੇ ਆ ਰਹੇ ਹਨ। ਅਜੋਕੇ ਸਮੇਂ ਵਿੱਚ ਵੀ ਜ਼ਾਲਮ ਸਰਕਾਰਾਂ ਦੇ ਖ਼ਿਲਾਫ਼ ਪੰਜਾਬ ਵਾਸੀਆਂ ਨੂੰ ਨਿੱਤ ਜੂਝਣਾ ਪੈ ਰਿਹਾ ਹੈ। ਇਸ ਸਮੇਂ ਪੰਜਾਬ ਉੱਤੇ ਸਾਰੇ ਪਾਸਿਓਂ ਹਮਲੇ ਹੋ ਰਹੇ ਨੇ ਜਿਸ ਕਾਰਨ ਪੰਜਾਬ ਸੁੰਘੜਦਾ ਅਤੇ ਕਿਰਦਾ ਜਾ ਰਿਹਾ ਹੈ। ਪੰਜਾਬ ਵਿੱਚ ਵਸਣ ਵਾਲੀਆਂ ਕੌਮਾਂ ਸਿੱਖ, ਹਿੰਦੂ, ਮੁਸਲਿਮ, ਇਸਾਈ ਵਿੱਚੋਂ ਕੇਵਲ ਸਿੱਖ ਹੀ ਇਨ੍ਹਾਂ ਹਮਲਿਆਂ ਖ਼ਿਲਾਫ਼ ਆਪਣੀਆਂ ਹਿੱਕਾਂ ਡਾਹ ਰਹੇ ਹਨ ਤੇ ਹਰ ਰੋਜ਼ ਸੜਕਾਂ ਉੱਤੇ ਉੱਤਰਦੇ ਹਨ। ਵੈਰੀ ਦਾ ਨਿਸ਼ਾਨਾ ਵੀ ਸਿੱਖ ਕੌਮ ਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਮਾਲਕ ਸਿੱਖ ਹਨ ਤੇ ਸਿੱਖਾਂ ਕਰਕੇ ਹੀ ਪੰਜਾਬ ਜਿਉਂਦਾ ਹੈ। ਜੇ ਸੰਸਾਰ ਭਰ ਵਿੱਚ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਤਾਂ ਉਹ ਸਿੱਖਾਂ ਕਰਕੇ ਹੈ। ਪੰਜਾਬ ਸਿੱਖਾਂ ਦਾ ਕੌਮੀ ਘਰ ਹੈ ਤੇ ਇਸ ਪੰਜਾਬ ਲਈ ਸਿੱਖਾਂ ਨੇ ਆਪਣੇ ਖ਼ੂਨ ਦੀਆਂ ਨਦੀਆਂ ਵਹਾਈਆਂ ਹਨ। ਇਸ ਸਮੇਂ ਭਾਵੇਂ ਪੰਜਾਬ ਉੱਤੇ ਭਾਰਤ ਦਾ ਕਬਜਾ ਹੈ ਪਰ ਫਿਰ ਵੀ ਪੰਜਾਬ ਨੇ ਕਦੇ ਭਾਰਤ ਦੀ ਈਨ ਨਹੀਂ ਮੰਨੀ। ਪੰਜਾਬ ਨੇ ਜਿੱਥੇ ਆਪਣੀ ਰਾਖੀ ਕੀਤੀ ਓਥੇ ਪੂਰੇ ਭਾਰਤ ਦੀ ਰਾਖੀ ਕੀਤੀ ਹੈ। ਪੰਜਾਬ ਦਾ ਭਾਰਤ ਉੱਤੇ ਬਹੁਤ ਵੱਡਾ ਅਹਿਸਾਨ ਹੈ। ਪੰਜਾਬ ਨੂੰ ਬਰਬਾਦ ਕਰਨ ਦੇ ਸੁਪਨੇ ਲੈਣ ਵਾਲੇ ਭਾਰਤ ਦੇ ਹਾਕਮ ਇਹ ਗੱਲ ਯਾਦ ਰੱਖਣ ਕਿ ਪੰਜਾਬ ਨੂੰ ਮਾਰ ਕੇ ਭਾਰਤ ਦੀ ਵੀ ਕੋਈ ਹੋਂਦ ਨਹੀਂ ਰਹਿਣੀ। ਪਰ ਅਜੇ ਭਾਰਤ ਵਾਸੀਆਂ ਉੱਤੇ ਸੱਤਾ ਦੇ ਹੰਕਾਰ ਦਾ ਭੂਤ ਸਵਾਰ ਹੈ। ਉਹ ਪੰਜਾਬ ਨੂੰ ਆਪਣਾ ਦੁਸ਼ਮਣ ਮੰਨੀ ਬੈਠੇ ਹਨ। ਜਦ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਸਿੱਖ ਅਤੇ ਪੰਜਾਬੀ ਹੀ ਸਨ ਜਿਨ੍ਹਾਂ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪੰਜਾਬ ਨੇ ਮਿੱਟੀ ਨਾਲ ਮਿੱਟੀ ਹੋ ਕੇ ਹਰੀ ਕ੍ਰਾਂਤੀ ਲਿਆਂਦੀ, ਖੇਤੀਬਾੜੀ ਨਾਲ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ, ਫ਼ੌਜ ਵਿੱਚ ਆਪਣੀ ਬਹਾਦਰੀ ਨਾਲ ਸਰਹੱਦਾਂ ਦੀ ਰਾਖੀ ਕੀਤੀ ਅਤੇ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ, ਪੂਰੇ ਦੇਸ਼ ਵਿੱਚੋਂ ਪੰਜਾਬ ਨੇ ਸਭ ਤੋਂ ਵੱਧ ਸੋਨਾ ਦਾਨ ਕਰਕੇ ਭਾਰਤ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ, ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਨੇ ਭਾਰਤ ਨੂੰ ਦੀਵਾਲੀਏਪਣ ਤੋਂ ਬਚਾਇਆ ਤੇ ਭਾਰਤ ਵਿੱਚ ਜਦੋਂ ਵੀ ਕੁਦਰਤੀ ਆਫਤਾਂ ਹੜ੍ਹ-ਭੁਚਾਲ ਆਏ ਤਾਂ ਸਿੱਖਾਂ ਨੇ ਲੰਗਰ ਲਾ ਕੇ ਅਤੇ ਹੋਰ ਸੇਵਾਵਾਂ ਰਾਹੀਂ ਆਪਣਾ ਫਰਜ ਨਿਭਾਇਆ। ਪਰ ਇਸ ਦੇ ਬਾਵਜੂਦ ਭਾਰਤ ਦੇ ਹਿੰਦੂ ਹਾਕਮਾਂ ਨੇ ਸਿੱਖ ਕੌਮ ਅਤੇ ਪੰਜਾਬ ਦਾ ਕਦੇ ਭਲਾ ਨਹੀਂ ਚਾਹਿਆ ਤੇ ਹਰ ਸਮੇਂ ਪੰਜਾਬ ਨਾਲ ਧੱਕੇ, ਵਿਤਕਰੇ, ਜ਼ੁਲਮ ਅਤੇ ਬੇਇਨਸਾਫੀਆਂ ਹੀ ਕੀਤੀਆ ਜਿਨ੍ਹਾਂ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਭਾਰਤ ਨੂੰ ਬਚਾ ਕੇ ਸਿੱਖਾਂ ਤੇ ਪੰਜਾਬੀਆਂ ਨੇ ਹੀ ਗਲਤੀ ਕੀਤੀ ਹੈ। ਭਾਰਤ ਓਦੋਂ ਚੰਗਾ ਸੂਤ ਸੀ ਜਦੋਂ ਮੁਗਲ ਅਤੇ ਅੰਗਰੇਜ਼ ਇਹਨਾਂ ਨੂੰ ਕੁੱਟਦੇ, ਲੁੱਟਦੇ ਤੇ ਮਾਰਦੇ ਸਨ। ਓਦੋਂ ਕਿਸੇ ਹਿੰਦੁਸਤਾਨੀ ਦੀ ਕੋਈ ਅਣਖ ਨਹੀਂ ਸੀ ਜਾਗਦੀ ਭਾਵੇਂ ਕਿ ਗਜਨੀ ਦੇ ਬਾਜ਼ਾਰਾਂ ਵਿੱਚ ਇਹਨਾਂ ਦੀਆਂ ਬਹੂ ਬੇਟੀਆਂ ਵੀ ਟਕੇ ਟਕੇ ਉੱਤੇ ਵਿਕਦੀਆਂ ਸਨ। ਪਰ ਅੱਜ ਕਦੇ ਸਿੱਖਾਂ ਦੀ ਕਿਰਪਾਨ ਬੈਨ ਹੁੰਦੀ ਹੈ, ਕਦੇ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਹੀ ਕੱਢ ਦਿੱਤਾ ਜਾਂਦਾ ਹੈ, ਕਿਸਾਨਾਂ ਉੱਤੇ ਹਰ ਰੋਜ਼ ਡੰਡੇ ਵਰਾਏ ਜਾਂਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਕੋਈ ਇਨਸਾਫ ਨਹੀਂ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਸਾਡੇ ਧਰਮ ਸਥਾਨਾਂ ਉੱਤੇ ਹਮਲੇ ਕੀਤੇ ਜਾਂਦੇ ਨੇ, ਸਾਡੀਆਂ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ ਹੈ, ਸਿੱਖ ਦੀ ਹੋਂਦ ਉੱਤੇ ਸਵਾਲੀਆ ਨਿਸ਼ਾਨ ਲਗਾਏ ਜਾਂਦੇ ਨੇ, ਸਿੱਖਾਂ ਉੱਤੇ ਅੱਤਵਾਦੀ ਦੇ ਲੇਬਲ ਲਾਏ ਜਾਂਦੇ ਨੇ। ਇਕ ਮੁੱਦਾ ਖਤਮ ਨਹੀਂ ਹੁੰਦਾ ਤੇ ਦੂਜਾ ਸ਼ੁਰੂ ਹੋ ਜਾਂਦਾ ਹੈ। ਭਾਰਤ ਨੇ ਸਿੱਖਾਂ ਅਤੇ ਪੰਜਾਬੀਆਂ ਨੂੰ ਇੱਕ ਗਧੀਗੇੜ ਵਿੱਚ ਪਾਇਆ ਹੋਇਆ ਹੈ ਜਿਸ ਨਾਲ ਸਿੱਖਾਂ ਦੀ ਤਾਕਤ ਅਤੇ ਸਰਮਾਏ ਦਾ ਬੜਾ ਨੁਕਸਾਨ ਹੋ ਰਿਹਾ ਹੈ ਪਰ ਭਾਰਤ ਨੂੰ ਕੋਈ ਫਿਕਰ ਨਹੀਂ। ਇਹ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸਿਰਫ ਸਿੱਖਾਂ ਨੇ ਹੀ ਠੇਕਾ ਚੁੱਕਿਆ ਹੋਇਆ ਹੈ। ਭਾਰਤ ਨਾਲ ਰਹਿ ਕੇ ਸਿੱਖਾਂ ਨੂੰ ਕਦੇ ਸੁੱਖ ਦਾ ਸਾਹ ਨਹੀਂ ਆਉਣਾ ਕਿਉਂਕਿ ਭਾਰਤ ਨੇ ਹਰ ਰੋਜ਼ ਸਿੱਖਾਂ ਨੂੰ ਰੁਲਾਉਣਾ ਅਤੇ ਸਤਾਉਣਾ ਹੀ ਹੈ। ਭਾਰਤ ਦੀ ਸੱਤਾ ਉੱਤੇ ਬਿਰਾਜਮਾਨ ਹਿੰਦੂਤਵ ਬੜਾ ਅਕਿਰਤਘਣ ਹੈ। ਸਿੱਖਾਂ ਅਤੇ ਪੰਜਾਬੀਆਂ ਨੂੰ ਹੁਣ ਇੱਕ ਫੈਸਲਾ ਕਰ ਲੈਣਾ ਚਾਹੀਦਾ ਹੈ, ਬਥੇਰੀ ਕਰ ਲਈ ਭਾਰਤ ਦੀ ਸੇਵਾ, ਹੁਣ ਭਾਰਤ ਨੂੰ ਮੱਥੇ ਟੇਕਣੇ ਬੰਦ ਕਰਕੇ ਆਪਣੇ ਪੰਜਾਬ ਵਾਸਤੇ ਕੁਝ ਸੋਚਣ ਅਤੇ ਕਰਨ ਦੀ ਲੋੜ ਹੈ। ਸਾਨੂੰ ਉਹ ਰਾਹ ਅਤੇ ਨੀਤੀ ਅਪਣਾਉਣੀ ਚਾਹੀਦੀ ਜਿਸ ਨਾਲ ਪੰਜਾਬ ਭਾਰਤ ਤੋਂ ਵੱਖ ਹੋ ਕੇ ਆਪਣੀ ਕਿਸਮਤ ਦਾ ਖੁਦ ਮਾਲਕ ਬਣੇ। ਇਸ ਵਿੱਚ ਹੀ ਪੰਜਾਬ ਦਾ ਭਲਾ ਹੈ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.