ਕੈਨੇਡਾ ਵਿੱਚ ਪਾਵਨ ਸਰੂਪਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ, ਗੁ. ਸਿੰਘ ਸਭਾ ਦੇ ਪ੍ਰਬੰਧਕ ਵੱਡੇ ਗੁਨਾਹਗਾਰ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਅੰਤਰਰਾਸ਼ਟਰੀ
- (Asia/Kolkata)
ਅੰਮ੍ਰਿਤਸਰ, 22 ਸਤੰਬਰ , ਜੁਗਰਾਜ ਸਿੰਘ ਸਰਹਾਲੀ
ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਗੁਰ ਮਰਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 225 ਪਾਵਨ ਸਰੂਪ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਰਾਹੀਂ ਗੁਰਦੁਆਰਾ ਸਿੰਘ ਸਭਾ, 132 ਸਟਰੀਟ, ਕੈਨੇਡਾ ਭੇਜ ਕੇ ਬੇਅਦਬੀ ਕਰਨ ਦਾ ਪਾਪ ਕਮਾਇਆ ਸੀ ਤੇ ਹੁਣ ਗੁਰਦੁਆਰਾ ਸਿੰਘ ਸਭਾ ਕੈਨੇਡਾ ਦੇ ਪ੍ਰਬੰਧਕਾਂ ਨੇ ਪਾਵਨ ਸਰੂਪਾਂ ਨੂੰ ਗੱਡੀਆਂ-ਕਾਰਾਂ ਦੀਆਂ ਡਿੱਗੀਆਂ ਵਿੱਚ ਰੱਖ ਕੇ ਬੜੀ ਭਾਰੀ ਬੇਅਦਬੀ ਕਰਨੀ ਚਾਹੀ ਹੈ ਜੋ ਸਿੱਖ ਕੌਮ ਲਈ ਬਰਦਾਸ਼ਤਯੋਗ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੋ ਗੱਡੀਆਂ ਦੇ ਮਗਰਲੇ ਪਾਸੇ ਡਿੱਗੀ ਵਿੱਚ ਸਿਰਫ ਇੱਕ ਰੁਮਾਲਾ ਵਿਛਾ ਕੇ ਉੱਪਰ 6 ਪਾਵਨ ਸਰੂਪ ਰੱਖਣੇ, ਆਸ ਪਾਸ ਖਾਣ ਪੀਣ ਦਾ ਸਮਾਨ ਖਿੱਲਰਿਆ ਹੋਣਾ, ਜੁੱਤੀਆਂ ਪਾਈਆਂ ਹੋਣੀਆਂ, ਰੁਮਾਲੇ ਵੀ ਖਿੱਲਰੇ ਹੋਣੇ, ਚੌਰ ਸਾਹਿਬ ਨਾ ਹੋਣਾ ਅਤੇ ਨਾ ਹੀ ਮਰਯਾਦਾ ਅਨੁਸਾਰ ਗਿਣਤੀ ਦੇ ਪੂਰੇ ਸਿੰਘ ਹੋਣਾ ਇਹ ਬਹੁਤ ਵੱਡੀ ਕੁਤਾਹੀ ਅਤੇ ਬੇਅਦਬੀ ਹੈ। ਇਸ ਵਿੱਚ ਗੁਰਦੁਆਰਾ ਸਿੰਘ ਸਭਾ ਕੈਨੇਡਾ ਦੇ ਪ੍ਰਬੰਧਕਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਦੋਸ਼ੀ ਹਨ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਖੁਦ ਬੇਅਦਬੀ ਕਰਦਿਆਂ ਕੰਟੇਨਰਾਂ ਰਾਹੀਂ ਐਨੀ ਵੱਡੀ ਗਿਣਤੀ ਵਿੱਚ ਪਾਵਨ ਸਰੂਪ ਭੇਜੇ ਸਨ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਵਰਤਾਰੇ ਨੂੰ ਰੋਕਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਕਾਰੇ ਨੂੰ ਠੀਕ ਠਹਿਰਾਇਆ ਸੀ। ਉਹਨਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਖਦਸ਼ਾ ਜਤਾਇਆ ਸੀ ਕਿ ਇਹਨਾਂ ਸਰੂਪਾਂ ਦੀਆਂ ਭਾਰੀ ਬੇਅਦਬੀਆਂ ਹੋਣਗੀਆਂ ਤੇ ਦੁਰਵਰਤੋਂ ਕੀਤੀ ਜਾਵੇਗੀ ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਪਰ ਇਸ ਨੂੰ ਇੱਥੇ ਹੀ ਠੱਲ੍ਹਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਜਿਹੜੇ ਸਿੰਘਾਂ ਨੇ ਕੈਨੇਡਾ ਵਿੱਚ ਇਹਨਾਂ ਦੋਸ਼ੀਆਂ ਖਿਲਾਫ ਸਟੈਂਡ ਲਿਆ ਹੈ ਅਤੇ ਪਾਵਨ ਸਰੂਪਾਂ ਦੀ ਸਹੀ ਢੰਗ ਨਾਲ ਸੇਵਾ ਸੰਭਾਲ ਲਈ ਜੱਦੋਜਹਿਦ ਕਰ ਰਹੇ ਹਨ ਅਤੇ ਮੋਰਚਾ ਲਾਇਆ ਹੋਇਆ ਹੈ ਉਹਨਾਂ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਪਾਵਨ ਸਰੂਪਾਂ ਦੇ ਸਤਿਕਾਰ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਕਹਿਣ ਨੂੰ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਮਹਾਨ ਅਤੇ ਸਿਰਮੌਰ ਸੰਸਥਾ ਹੈ, ਪਰ ਜੇ ਸ਼੍ਰੋਮਣੀ ਕਮੇਟੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਦੀ ਹੀ ਕੋਈ ਪ੍ਰਵਾਹ ਨਹੀਂ ਹੈ ਤਾਂ ਫਿਰ ਇਹ ਮਹਾਨ ਅਤੇ ਸਿਰਮੌਰ ਕਿਵੇਂ ਹੋਈ ? ਜੇਕਰ ਸ਼੍ਰੋਮਣੀ ਕਮੇਟੀ ਨੇ ਹੀ ਖ਼ੁਦ ਪਾਵਨ ਸਰੂਪਾਂ ਦੀ ਨਿਰਾਦਰੀ ਕਰਨੀ-ਕਰਵਾਉਣੀ ਹੈ ਤਾਂ ਇਹਨਾਂ ਵਿੱਚ ਤੇ ਨਰੈਣੂ ਮਹੰਤ ਅਤੇ ਦੁਸ਼ਟ ਮਸੰਦਾਂ ਵਿੱਚ ਕੀ ਫ਼ਰਕ ਰਹਿ ਗਿਆ ਹੈ ? ਕੈਨੇਡਾ ਦੇ ਕਈ ਗੁਰਦੁਆਰਿਆਂ ਵਿੱਚ ਤਾਂ ਪਹਿਲਾਂ ਹੀ ਗੁਰੂ ਸਾਹਿਬ ਜੀ ਦੇ ਅਨੇਕਾਂ ਪਾਵਨ ਸਰੂਪ ਮੌਜੂਦ ਹਨ ਤੇ ਸੰਨ 2021 ਵਿੱਚ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਚਿੱਠੀ ਭੇਜੀ ਸੀ ਕਿ ਪਾਵਨ ਸਰੂਪ ਕੈਨੇਡਾ ਵਿੱਚ ਹੋਰ ਨਾ ਭੇਜੇ ਜਾਣ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਵਪਾਰ ਕਿਉਂ ਬਣਾਇਆ ਹੋਇਆ ਹੈ ? ਇਸ ਪਿੱਛੇ ਕਿਹੜੀਆਂ ਪੰਥ ਵਿਰੋਧੀ ਤਾਕਤਾਂ ਅਤੇ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ ? ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਗੜਗੱਜ ਨੂੰ ਹੁਣ ਹੀ ਜਾਗ ਜਾਣਾ ਚਾਹੀਦਾ ਹੈ ਤੇ ਇਹਨਾਂ ਪਾਵਨ ਸਰੂਪਾਂ ਦੀ ਸਹੀ ਸੰਭਾਲ ਲਈ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ।
Leave a Reply