ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ
- ਅੰਤਰਰਾਸ਼ਟਰੀ
- (Asia/Kolkata)
ਗੁਰਮਤਿ ਪ੍ਰਚਾਰ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਅਤੇ ਜਰਮਨੀ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਗਠਨ
ਸਟੁਟਗਾਟ, 22 ਸਤੰਬਰ 2026 , ਤਾਜੀਮਨੂਰ ਕੌਰ
ਜਰਮਨੀ ਦੇ ਸ਼ਹਿਰ ਸਟੁਟਗਾਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਮਰਪਿਤ ਜਰਮਨੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਸਿੱਖ ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਦੀ ਇੱਕ ਭਰਵੀਂ ਪੰਥਕ ਇਕੱਤਰਤਾ ਹੋਈ। ਇਸ ਇਕੱਤਰਤਾ ਵਿੱਚ ਜਰਮਨੀ ਦੇ 16 ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸਮੇਤ ਲਗਭਗ 100 ਗੁਰਸਿੱਖਾਂ ਅਤੇ ਸਿੱਖ ਪ੍ਰਚਾਰਕਾਂ ਨੇ ਸ਼ਮੂਲੀਅਤ ਕੀਤੀ।
ਪੰਥਕ ਇਕੱਤਰਤਾ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਪਾਵਨ ਹੁਕਮਨਾਮੇ
“ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥”
(ਅੰਗ 719)
ਨਾਲ ਹੋਈ।
ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੇ ਪ੍ਰਬੰਧਕ ਸੇਵਾਦਾਰ ਭਾਈ ਰਵੇਲ ਸਿੰਘ ਜੀ ਨੇ ਸਮੂਹ ਸੰਗਤ ਅਤੇ ਆਏ ਹੋਏ ਪ੍ਰਤੀਨਿਧਾਂ ਨੂੰ ਜੀ ਆਇਆਂ ਆਖਿਆ।
ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਮਹੱਤਤਾ ਬਾਰੇ ਭਾਵਪੂਰਤ ਵਿਚਾਰ ਰੱਖੇ। ਭਾਈ ਸੁਖਦੇਵ ਸਿੰਘ ਜੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਇਤਿਹਾਸਕ ਅਤੇ ਪੰਥਕ ਮਹੱਤਤਾ, ਇਸ ਦੀ ਲੋੜ ਅਤੇ ਇਸ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਪੰਥਕ ਇਕੱਤਰਤਾ ਦੇ ਮੁੱਖ ਏਜੰਡੇ ਨੂੰ ਵਿਚਾਰ ਲਈ ਪੇਸ਼ ਕਰਨ ਅਤੇ ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ।
ਪਹਿਲ ਦੇ ਆਧਾਰ ’ਤੇ ਵਿਚਾਰੇ ਗਏ ਮੁੱਖ ਮੁੱਦੇ
ਇਕੱਤਰਤਾ ਦੌਰਾਨ ਜਰਮਨੀ ਵਿੱਚ ਸਿੱਖ ਕੌਮ ਦੇ ਵਰਤਮਾਨ ਅਤੇ ਭਵਿੱਖ ਨਾਲ ਜੁੜੇ ਧਾਰਮਿਕ, ਸਮਾਜਿਕ, ਵਿਦਿਅਕ, ਕਾਨੂੰਨੀ ਅਤੇ ਨੁਮਾਇੰਦਗੀ ਨਾਲ ਸਬੰਧਤ ਮਸਲਿਆਂ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਸਿੱਖ ਧਾਰਮਿਕ ਪਛਾਣ ਅਤੇ ਅਧਿਕਾਰ: ਸਕੂਲਾਂ, ਯੂਨੀਵਰਸਿਟੀਆਂ ਅਤੇ ਨੌਕਰੀਆਂ ਵਿੱਚ ਦਸਤਾਰ, ਕੇਸ, ਕਿਰਪਾਨ ਅਤੇ ਸਿੱਖ ਪਛਾਣ ਨਾਲ ਸਬੰਧਤ ਕਾਨੂੰਨੀ ਮਸਲਿਆਂ ਦੀ ਪੈਰਵੀ ਅਤੇ ਸੁਰੱਖਿਆ ਲਈ ਸਾਂਝੇ ਯਤਨ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਬੱਚਿਆਂ ਦੀ ਸਿੱਖਿਆ ਅਤੇ ਭਵਿੱਖ: ਪੰਜਾਬੀ ਅਤੇ ਗੁਰਮਤਿ ਸਿੱਖਿਆ ਦੇ ਨਾਲ-ਨਾਲ ਉੱਚ ਸਿੱਖਿਆ, Ausbildung, Studium ਅਤੇ ਸਰਕਾਰੀ ਨੌਕਰੀਆਂ ਸਬੰਧੀ ਬੱਚਿਆਂ ਤੇ ਨੌਜਵਾਨਾਂ ਲਈ ਮਾਰਗਦਰਸ਼ਨ ਅਤੇ Mentorship ਪ੍ਰਬੰਧ ਵਿਕਸਿਤ ਕਰਨ ਦੀ ਤਜਵੀਜ਼ ਰੱਖੀ ਗਈ।
ਨਸਲਵਾਦ ਅਤੇ ਧਾਰਮਿਕ ਭੇਦਭਾਵ: ਭੇਦਭਾਵ, ਨਫ਼ਰਤੀ ਪ੍ਰਚਾਰ ਜਾਂ ਧਮਕੀਆਂ ਵਰਗੀਆਂ ਘਟਨਾਵਾਂ ਨੂੰ ਦਰਜ ਕਰਨ ਅਤੇ ਲੋੜਵੰਦਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਾਂਝੀ ਹੈਲਪਲਾਈਨ ਅਤੇ ਕਾਨੂੰਨੀ ਮਾਹਿਰਾਂ ਦੀ ਟੀਮ ਬਣਾਉਣ ਉੱਤੇ ਵਿਚਾਰ ਹੋਇਆ।
ਜਰਮਨੀ ਦੇ ਬਦਲਦੇ ਰਾਜਨੀਤਿਕ ਮਾਹੌਲ ਬਾਰੇ ਜਾਗਰੂਕਤਾ: AfD ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਘੱਟਗਿਣਤੀਆਂ, ਪ੍ਰਵਾਸੀਆਂ ਅਤੇ ਧਾਰਮਿਕ ਆਜ਼ਾਦੀ ਨਾਲ ਸਬੰਧਤ ਨੀਤੀਆਂ ਦਾ ਤੱਥਾਂ ਦੇ ਆਧਾਰ ’ਤੇ ਅਧਿਐਨ ਕਰਨ ਅਤੇ ਭੇਦਭਾਵ ਜਾਂ ਨਸਲਵਾਦ ਨਾਲ ਜੁੜੇ ਮਸਲਿਆਂ ਉੱਤੇ ਜਮਹੂਰੀ ਤੇ ਕਾਨੂੰਨੀ ਢੰਗ ਨਾਲ ਆਵਾਜ਼ ਉਠਾਉਣ ਦੀ ਲੋੜ ਉੱਤੇ ਵਿਚਾਰ ਕੀਤਾ ਗਿਆ।
ਰਾਜਨੀਤਿਕ ਚੇਤਨਾ ਅਤੇ ਸਿੱਖ ਨੁਮਾਇੰਦਗੀ: ਸਿੱਖ ਭਾਈਚਾਰੇ ਨੂੰ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਕਰਨ, ਸਥਾਨਕ ਕੌਂਸਲਾਂ ਅਤੇ ਜਮਹੂਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਕਰਨ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਉੱਤੇ ਜ਼ੋਰ ਦਿੱਤਾ ਗਿਆ।
ਨੌਜਵਾਨਾਂ ਅਤੇ ਬੀਬੀਆਂ ਦੀ ਭਾਗੀਦਾਰੀ: ਗੁਰਦੁਆਰਾ ਪ੍ਰਬੰਧਾਂ ਅਤੇ ਪੰਥਕ ਫ਼ੈਸਲਾ-ਪ੍ਰਕਿਰਿਆ ਵਿੱਚ ਬੀਬੀਆਂ ਅਤੇ ਨੌਜਵਾਨਾਂ ਨੂੰ ਯੋਗ ਨੁਮਾਇੰਦਗੀ ਅਤੇ ਜ਼ਿੰਮੇਵਾਰੀ ਦੇਣ ਨੂੰ ਸਮੇਂ ਦੀ ਅਹਿਮ ਲੋੜ ਦੱਸਿਆ ਗਿਆ।
ਪੰਜਾਬੀ ਭਾਸ਼ਾ ਅਤੇ ਸਿੱਖ ਵਿਰਾਸਤ ਦੀ ਸੰਭਾਲ: ਜਰਮਨੀ ਦੇ ਪੰਜਾਬੀ ਸਕੂਲਾਂ ਲਈ ਇੱਕਸਾਰ ਅਤੇ ਮਿਆਰੀ ਪਾਠਕ੍ਰਮ ਤਿਆਰ ਕਰਨ ਦੇ ਨਾਲ ਜਰਮਨ ਭਾਸ਼ਾ ਵਿੱਚ ਪ੍ਰਮਾਣਿਕ ਸਿੱਖ ਸਾਹਿਤ ਤਿਆਰ ਕਰਨ ਦੀ ਲੋੜ ਉੱਤੇ ਵਿਚਾਰ ਕੀਤਾ ਗਿਆ।
ਸਮਾਜਿਕ ਅਤੇ ਪਰਿਵਾਰਕ ਸਮੱਸਿਆਵਾਂ: ਨਸ਼ਿਆਂ, ਮਾਨਸਿਕ ਤਣਾਅ, ਘਰੇਲੂ ਹਿੰਸਾ, ਪੀੜ੍ਹੀਆਂ ਵਿਚਲੇ ਵਧਦੇ ਪਾੜੇ ਅਤੇ ਬਜ਼ੁਰਗਾਂ ਦੀ ਸੰਭਾਲ ਵਰਗੇ ਮਸਲਿਆਂ ਲਈ ਪੇਸ਼ੇਵਰ ਸਹਾਇਤਾ ਅਤੇ ਮਾਰਗਦਰਸ਼ਨ ਦੇ ਪ੍ਰਬੰਧ ਵਿਕਸਿਤ ਕਰਨ ਦੀ ਤਜਵੀਜ਼ ਸਾਹਮਣੇ ਆਈ ।
ਸਾਂਝੀ ਜਰਮਨ ਸਿੱਖ ਪ੍ਰਤੀਨਿਧ ਸੰਸਥਾ: ਇਨ੍ਹਾਂ ਸਾਰੇ ਮਸਲਿਆਂ ਦੀ ਪ੍ਰਭਾਵਸ਼ਾਲੀ ਪੈਰਵੀ ਲਈ ਗੁਰਦੁਆਰਾ ਸਾਹਿਬਾਨ, ਸਿੱਖ ਸੰਸਥਾਵਾਂ, ਮਾਹਿਰਾਂ, ਬੀਬੀਆਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਜਰਮਨ ਪੱਧਰ ’ਤੇ ਇੱਕ ਸਾਂਝਾ ਪ੍ਰਤੀਨਿਧ ਢਾਂਚਾ ਸਥਾਪਿਤ ਕਰਨ ਉੱਤੇ ਸਹਿਮਤੀ ਬਣੀ।

ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਪ੍ਰਚਾਰਕਾਂ ਨੇ ਰੱਖੇ ਵਿਚਾਰ
ਇਨ੍ਹਾਂ ਮੁੱਦਿਆਂ ਦੇ ਆਧਾਰ ’ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਨੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।
ਇਨ੍ਹਾਂ ਵਿੱਚ ਭਾਈ ਬਲਦੇਵ ਸਿੰਘ ਬਾਜਵਾ (ਗੁਰਦੁਆਰਾ ਲਾਈਪਿਸਕ), ਭਾਈ ਮੁਖਤਿਆਰ ਸਿੰਘ (ਗੁਰਦੁਆਰਾ ਕੈਮਨਿਸਟ), ਭਾਈ ਤਰਸੇਮ ਸਿੰਘ (ਮਿਉਨਚਿਨ), ਭਾਈ ਅਨੂਪ ਸਿੰਘ (ਗੁਰਦੁਆਰਾ ਫਰੈਕਫੋਰਟ), ਭਾਈ ਦਿਲਬਾਗ ਸਿੰਘ (ਗੁਰਦੁਆਰਾ ਨਿਉਨਿਬਰਗ), ਭਾਈ ਗੁਰਪਾਲ ਸਿੰਘ ਪਾਲਾ (ਗੁਰਦੁਆਰਾ ਕਲੋਨ), ਭਾਈ ਨਰਿੰਦਰ ਸਿੰਘ (ਗੁਰਦੁਆਰਾ ਰੀਗਨਸਬਰਗ), ਭਾਈ ਰਵੇਲ ਸਿੰਘ (ਗੁਰਦੁਆਰਾ ਸਟੁਟਗਾਟ), ਭਾਈ ਲਖਵੀਰ ਸਿੰਘ (ਗੁਰਦੁਆਰਾ ਨਿਉਨਕਿਰਚਨ), ਭਾਈ ਅਵਤਾਰ ਸਿੰਘ (ਗੁਰਦੁਆਰਾ ਲਾਰ), ਭਾਈ ਹਰਪ੍ਰੀਤ ਸਿੰਘ (ਗੁਰਦੁਆਰਾ ਡਿਉਸਬਰਗ), ਭਾਈ ਜਸਵਿੰਦਰ ਸਿੰਘ (ਗੁਰਦੁਆਰਾ ਉਲਮ) ਅਤੇ ਭਾਈ ਪੋਪਿੰਦਰ ਸਿੰਘ (ਗੁਰਦੁਆਰਾ ਹਿਲਬਰੋਨ) ਸ਼ਾਮਲ ਸਨ।
ਭਾਈ ਤਰਸੇਮ ਸਿੰਘ ਢਿੱਲੋਂ (ਗੁਰਦੁਆਰਾ ਸੋਸਿਟ), ਜੋ ਕਿਸੇ ਕਾਰਨ ਇਕੱਤਰਤਾ ਵਿੱਚ ਪਹੁੰਚ ਨਹੀਂ ਸਕੇ, ਨੇ ਵੀ ਇਸ ਉਪਰਾਲੇ ਨਾਲ ਆਪਣੀ ਸਹਿਮਤੀ ਪ੍ਰਗਟਾਈ।
ਇਸੇ ਤਰ੍ਹਾਂ ਭਾਈ ਅਜਮੇਲ ਸਿੰਘ ਗਾੜਾ (ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ), ਭਾਈ ਬਲਕਾਰ ਸਿੰਘ , ਭਾਈ ਨਰਿੰਦਰ ਸਿੰਘ ਘੋਤੜਾ ਸਾਬਕਾ ਪ੍ਰਧਾਨ ਗੁਰਦੁਆਰਾ ਫਰੈਕਫੋਰਟ ,ਸਿੱਖ ਪ੍ਰਚਾਰਕ ਭਾਈ ਰਵਿੰਦਰ ਸਿੰਘ ਆਲਮਗੀਰ, ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਸਤਿਕਰਤਾਰ ਸਿੰਘ, ਭਾਈ ਮਲਕੀਤ ਸਿੰਘ (ਪ੍ਰਧਾਨ, ਸਿੰਘ ਸਭਾ ਜਰਮਨੀ) ਅਤੇ ਭਾਈ ਕਮਲਜੀਤ ਸਿੰਘ ਰਾਏ (ਸਾਬਕਾ ਪ੍ਰਧਾਨ, ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ) ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।
31 ਮੈਂਬਰੀ ਕਮੇਟੀ ਦਾ ਗਠਨ
ਲੰਮੇ ਵਿਚਾਰ-ਵਟਾਂਦਰੇ ਉਪਰੰਤ ਪੰਥਕ ਇਕੱਤਰਤਾ ਦੀ ਸਹਿਮਤੀ ਨਾਲ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੁਹਿਰਦ ਸਿੱਖਾਂ ’ਤੇ ਆਧਾਰਿਤ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਹ ਕਮੇਟੀ ਅਗਲੀ ਪੰਥਕ ਇਕੱਤਰਤਾ ਤੱਕ ਆਪਣੇ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕਰੇਗੀ ਅਤੇ ਜਰਮਨੀ ਵਿੱਚ ਇਸ ਨੂੰ ਵਿਧੀਵਤ ਰਜਿਸਟਰ ਕਰਵਾਉਣ ਲਈ ਸੰਵਿਧਾਨ, ਕਾਰਜ-ਪ੍ਰਣਾਲੀ ਅਤੇ ਸਮੁੱਚੀ ਰੂਪ-ਰੇਖਾ ਤਿਆਰ ਕਰੇਗੀ।
ਇਕੱਤਰਤਾ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਪਹਿਲ ਦੇ ਆਧਾਰ ’ਤੇ ਜਰਮਨੀ ਵਿੱਚ ਗੁਰਮਤਿ ਪ੍ਰਚਾਰ ਨੂੰ ਹੋਰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ, ਨੌਜਵਾਨ ਪੀੜ੍ਹੀ ਨੂੰ ਸਿੱਖੀ ਅਤੇ ਗੁਰਮਤਿ ਨਾਲ ਜੋੜਨ, ਸਿੱਖ ਖੇਡਾਂ ਅਤੇ ਨੌਜਵਾਨ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵੱਖ-ਵੱਖ ਵਿਸ਼ਿਆਂ ਉੱਤੇ ਸੈਮੀਨਾਰ ਕਰਵਾਉਣ ਲਈ ਸਾਂਝੇ ਉਪਰਾਲੇ ਕੀਤੇ ਜਾਣਗੇ।
ਪਹਿਲੇ ਪੜਾਅ ਵਿੱਚ ਸਿੱਖਿਆ, ਕਾਨੂੰਨੀ ਸਹਾਇਤਾ, ਜਮਹੂਰੀ ਤੇ ਸਰਕਾਰੀ ਸੰਸਥਾਵਾਂ ਨਾਲ ਸੰਵਾਦ ਅਤੇ ਨੌਜਵਾਨਾਂ ਦੀ ਸਿੱਖਿਆ ਤੇ ਭਵਿੱਖ ਨਾਲ ਸਬੰਧਤ ਕਾਰਜਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇੱਕ ਨਵੀਂ ਸਾਂਝੀ ਪੰਥਕ ਪਹਿਲ
ਜਰਮਨੀ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਸੁਹਿਰਦ ਸਿੱਖਾਂ ਦੀ ਇਸ ਪੱਧਰ ’ਤੇ ਹੋਈ ਇਹ ਪਹਿਲੀ ਭਰਵੀਂ ਪੰਥਕ ਇਕੱਤਰਤਾ ਸੀ। ਇਕੱਤਰਤਾ ਨੇ ਵੱਖ-ਵੱਖ ਸ਼ਹਿਰਾਂ ਅਤੇ ਗੁਰਦੁਆਰਾ ਸਾਹਿਬਾਨ ਨਾਲ ਜੁੜੇ ਸਿੱਖਾਂ ਨੂੰ ਇੱਕ ਸਾਂਝੇ ਮੰਚ ਉੱਤੇ ਬੈਠ ਕੇ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਭਵਿੱਖੀ ਚੁਣੌਤੀਆਂ ਬਾਰੇ ਵਿਚਾਰ ਕਰਨ ਦਾ ਮੌਕਾ ਦਿੱਤਾ।
ਇਕੱਤਰਤਾ ਦੇ ਅੰਤ ਵਿੱਚ ਸਮੂਹ ਪ੍ਰਬੰਧਕ ਸਾਹਿਬਾਨ, ਸਿੱਖ ਪ੍ਰਚਾਰਕਾਂ, ਸੁਹਿਰਦ ਸਿੱਖਾਂ ਅਤੇ ਦੂਰ-ਦੁਰਾਡੇ ਸ਼ਹਿਰਾਂ ਤੋਂ ਪਹੁੰਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਇਕੱਤਰਤਾ ਦਾ ਕੇਂਦਰੀ ਸੰਦੇਸ਼ ਇਹ ਰਿਹਾ ਕਿ ਜਰਮਨੀ ਵਿੱਚ ਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ, ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਾਂਝੀਆਂ ਚੁਣੌਤੀਆਂ ਦੇ ਹੱਲ ਲਈ ਆਪਸੀ ਤਾਲਮੇਲ, ਸੰਵਾਦ ਅਤੇ ਸਾਂਝੀ ਸੰਸਥਾਗਤ ਕਾਰਜ-ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
Leave a Reply