ਜਦੋਂ ਸਰਕਾਰ ਵਿਰੁੱਧ ਬੰਬ ਬਣ ਗਏ ਅੰਮ੍ਰਿਤਧਾਰੀ ਸਿੰਘ

ਜਦੋਂ ਸਰਕਾਰ ਵਿਰੁੱਧ ਬੰਬ ਬਣ ਗਏ ਅੰਮ੍ਰਿਤਧਾਰੀ ਸਿੰਘ

13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ 'ਚ ਵਾਪਰੇ ਨਕਲੀ ਨਿਰੰਕਾਰੀ ਕਾਂਡ ਨੇ ਸਿੱਖ ਕੌਮ ਨੂੰ ਐਸੇ ਡੂੰਘੇ ਜ਼ਖਮ ਦਿੱਤੇ ਕਿ ਜਿਸ ਨੇ ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹ ਦਿੱਤਾ। 13 ਸਿੰਘਾਂ ਦੀਆਂ ਸ਼ਹਾਦਤਾਂ ਨੇ ਕੌਮ 'ਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਅਤੇ ਕੌਮ ਦੇ ਸਾਮ੍ਹਣੇ ਅਗੰਮੀ ਰੂਹ ਤੇ ਮਹਾਨ ਸ਼ਖ਼ਸੀਅਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਉਭਰ ਕੇ ਸਾਮ੍ਹਣੇ ਆਏ ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 'ਵੀਹਵੀਂ ਸਦੀ ਦਾ ਮਹਾਨ ਸਿੱਖ' ਐਲਾਨਿਆ ਗਿਆ।
ਇਸ ਸਾਕੇ ਮਗਰੋਂ ਸੰਤਾਂ ਨੇ ਐਨਾ ਗੱਜ-ਵੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ ਕਿ ਕੌਮ ਦੇ ਦੁਸ਼ਮਣਾਂ ਨੂੰ ਤਰੇਲੀਆਂ ਆ ਗਈਆਂ, ਤੇ ਸੰਤਾਂ ਦੀ 'ਸ਼ੇਰ ਗਰਜ਼' ਅੱਗੇ ਤਾਂ ਦਿੱਲੀ ਦਰਬਾਰ ਵੀ ਕੰਬ ਉੱਠਿਆ।
ਸੰਤਾਂ ਨੇ ਧਰਮ ਯੁੱਧ ਮੋਰਚੇ ਰਾਹੀਂ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਜੋ ਸੰਘਰਸ਼ ਅਰੰਭਿਆ ਉਸ ਨੇ ਦੁਨੀਆਂ ਭਰ 'ਚ ਵੱਸਦੇ ਸਿੱਖਾਂ ਨੂੰ ਇੱਕ ਮੰਚ 'ਤੇ ਇਕੱਠਿਆਂ ਕਰ ਦਿੱਤਾ। ਇਸ ਮੋਰਚੇ 'ਚ ਸ਼ਾਂਤਮਈ ਢੰਗ ਨਾਲ਼ ਤਕਰੀਬਨ ਢਾਈ ਲੱਖ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਤੇ 200 ਤੋਂ ਵੱਧ ਸ਼ਹਾਦਤਾਂ ਹੋਈਆਂ।
19 ਜੁਲਾਈ 1982 ਤੋਂ ਸ਼ੁਰੂ ਹੋਇਆ ਮੋਰਚਾ ਵਾਰ-ਵਾਰ ਸਿਖਰਾਂ ਛੋਹ ਰਿਹਾ ਸੀ ਤੇ ਮਈ 1984 ਤਕ ਹਾਲਾਤ ਇਹ ਬਣ ਗਏ ਸਨ ਕਿ ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣੀਆਂ ਸਨ। ਪਰ ਹਿੰਦੂਤਵੀ ਸਰਕਾਰ ਨੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇਣ ਦੀ ਬਜਾਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦਾ ਰਾਹ ਚੁਣ ਲਿਆ, ਜੋ ਹਿੰਦੂ ਹਾਕਮਾਂ ਦੀ ਸਿੱਖ ਕੌਮ ਉੱਤੇ ਕੀਤੇ ਕਹਿਰ ਦੀ ਇੰਤਹਾ ਸੀ।
ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਜਿਨ੍ਹਾਂ ਲੋਕਾਂ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਧਰਮ ਬਚਾਇਆ, ਜਿਨ੍ਹਾਂ ਦੀਆਂ ਟਕੇ-ਟਕੇ 'ਤੇ ਵਿਕਦੀਆਂ ਬਹੂ-ਬੇਟੀਆਂ ਦੀਆਂ ਅਸੀਂ ਗਜ਼ਨੀ ਦੇ ਬਜ਼ਾਰਾਂ 'ਚੋਂ ਇੱਜ਼ਤਾਂ ਬਚਾਉਂਦੇ ਰਹੇ ਤੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਸਹੀ-ਸਲਾਮਤ ਘਰੀਂ ਪਹੁੰਚਾਉਂਦੇ ਰਹੇ, ਜਿਨ੍ਹਾਂ ਨੂੰ ਅਸੀਂ 1947 'ਚ ਅਜ਼ਾਦੀ ਦਿਵਾਈ ਉਹ ਐਨੇ ਅਕ੍ਰਿਤਘਣ, ਅਹਿਸਾਨ-ਫ਼ਰਾਮੋਸ਼ ਤੇ ਨਿਰਦਈ ਨਿਕਲ਼ਣਗੇ ਕਿ ਸਾਡੇ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਭਗਤੀ-ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕਾਂ ਗੁਰਧਾਮਾਂ 'ਤੇ ਟੈਂਕਾਂ-ਤੋਪਾਂ, ਬੰਬਾਂ, ਮਸ਼ੀਨਗੰਨਾਂ, ਹਵਾਈ ਜਹਾਜ਼ਾਂ ਨਾਲ਼ ਹਮਲਾ ਕਰ ਦੇਣਗੇ।
ਇਸ ਹਮਲੇ 'ਚ ਚਮਕੌਰ ਦੀ ਗੜ੍ਹੀ, ਖਿਦਰਾਣੇ ਦੀ ਢਾਬ ਅਤੇ ਗੁਰਦਾਸ ਨੰਗਲ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਦੁਹਰਾਉਂਦਿਆਂ ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ, ਮੇਜਰ ਜਨਰਲ ਸ਼ਬੇਗ ਸਿੰਘ, ਬਾਬਾ ਥਾਹਰਾ ਸਿੰਘ ਜੂਝਦਿਆਂ ਹੋਇਆਂ ਆਪਣੇ ਦੋ-ਢਾਈ ਸੌ ਜੁਝਾਰੂ ਸਿੰਘਾਂ-ਸਿੰਘਣੀਆਂ ਸਮੇਤ ਸ਼ਹਾਦਤਾਂ ਦੇ ਜਾਮ ਪੀ ਗਏ।
ਇਹਨਾਂ ਸ਼ਹਾਦਤਾਂ ਨੇ ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ਦਾ ਮੁੱਢ ਬੰਨ੍ਹ ਦਿੱਤਾ। ਘੱਲੂਘਾਰੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਇਹ ਨਿਰਣਾਇਕ ਬਚਨ ਕਰ ਗਏ ਸਨ ਕਿ "ਜੇ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਸੰਤਾਂ ਦੀਆਂ ਰਿਕਾਰਡਿੰਗਾਂ 'ਚ ਇਹ ਬਚਨ ਮੌਜੂਦ ਹਨ ਕਿ "ਜਿੱਦੇਂ ਏਸ ਅਸਥਾਨ (ਦਰਬਾਰ ਸਾਹਿਬ 'ਤੇ) ਪੁਲੀਸ ਵੱਲੋਂ ਹੁਣ ਹਮਲਾ ਹੋਇਆ ਤਾਂ ਦੁਨੀਆਂ 'ਚ ਮਿਸਾਲ ਬਣੂਗੀ ਕਿ ਖ਼ਾਲਿਸਤਾਨ ਬਣਿਆ, ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ।”
ਸੰਤਾਂ ਦੇ ਇਹ ਬਚਨ ਸਿੱਖ ਜਵਾਨੀ ਦੇ ਘਰ ਕਰ ਗਏ ਸਨ, ਸਿੱਖਾਂ ਨੇ ਸਮਝ ਲਿਆ ਸੀ ਕਿ ਹੁਣ ਆਪਣੇ ਰਾਜ-ਭਾਗ ਤੋਂ ਬਿਨਾਂ ਗੁਜ਼ਾਰਾ ਨਹੀਂ, ਹੁਣ ਲੜਨਾ ਹੀ ਪੈਣੈ, ਮਰਨਾ ਹੀ ਪੈਣੈ। 'ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥' ਅਤੇ 'ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥' ਗੁਰਬਾਣੀ ਦੇ ਇਹ ਬਚਨ ਹਰੇਕ ਸਿੱਖ ਦੀ ਅਣਖ਼ ਨੂੰ ਵੰਗਾਰ ਰਹੇ ਸਨ।
ਦੁਸ਼ਮਣ ਵੱਲੋਂ ਸ਼ੁਰੂ ਕੀਤੀ ਜੰਗ ਨੂੰ ਸਿੱਖਾਂ ਨੇ ਹੁਣ ਦੁਸ਼ਮਣ ਦੇ ਘਰ ਪਹੁੰਚਾਉਣ ਦਾ ਪ੍ਰਣ ਕਰ ਲਿਆ। ਸਰਕਾਰ ਨੇ ਸਮਝਿਆ ਸੀ ਕਿ ਸਿੱਖ ਡਰ ਜਾਣਗੇ ਤੇ ਹਮੇਸ਼ਾਂ ਲਈ ਸਾਡੀ ਗ਼ੁਲਾਮੀ ਕਬੂਲ ਕਰ ਲੈਣਗੇ ਤੇ ਕਦੇ ਵੀ ਸਿਰ ਚੁੱਕਣ ਦਾ ਹੀਆ ਨਹੀਂ ਕਰਨਗੇ ਪਰ ਸਿੱਖ ਨੌਜਵਾਨਾਂ ਨੇ ਘਰਾਂ-ਪਰਿਵਾਰਾਂ ਦੇ ਮੋਹ ਤਿਆਗ ਦਿੱਤੇ ਅਤੇ ਇਧਰੋਂ-ਓਧਰੋਂ ਹਥਿਆਰਾਂ ਦਾ ਪ੍ਰਬੰਧ ਕਰ ਲਿਆ ਤੇ ਲਹੂ-ਵਿੱਢਵੀਂ ਲੜਾਈ ਲੜੀ ਗਈ।
ਸਿੱਖਾਂ ਨੇ ਹਿੰਦੁਸਤਾਨ ਦੀ ਰਾਣੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਲੀ 'ਚ ਗੋਲੀਆਂ ਨਾਲ਼ ਛਲ਼ਣੀ-ਛਲ਼ਣੀ ਕੀਤਾ, ਭਾਰਤੀ ਫ਼ੌਜਾਂ ਦੇ ਜਰਨੈਲ ਅਰੁਣ ਸ੍ਰੀਧਰ ਵੈਦਿਆ ਨੂੰ ਪੂਨੇ ਜਾ ਕੇ ਮੌਤ ਦੇ ਘਾਟ ਉਤਾਰਿਆ, ਅਜੋਕਾ ਜ਼ਕਰੀਆਂ ਖਾਂ ਭਾਵ ਮੁੱਖ ਮੰਤਰੀ ਬੁੱਚੜ ਬਿਅੰਤ ਸਿਹੁੰ ਨੂੰ ਵੀ ਚੰਡੀਗੜ੍ਹ 'ਚ ਬੰਬ ਦੇ ਨਾਲ਼ ਉਡਾਅ ਦਿੱਤਾ ਤੇ ਕਈ ਪੁਲੀਸ ਅਫ਼ਸਰ, ਕਰਨਲ, ਸੂਬੇਦਾਰ, ਮੰਤਰੀ-ਸੰਤਰੀ, ਮੁਖਬਰ, ਗ਼ੱਦਾਰ, ਕਾਮਰੇਡ ਅਤੇ ਪੰਥ ਦੋਖੀ ਚੁਣ-ਚੁਣ ਕੇ ਸੋਧੇ ਅਤੇ ਇਸ ਧਰਤੀ 'ਤੇ ਖ਼ਾਲਸਾਈ ਜਾਹੋ-ਜਲਾਲ ਪ੍ਰਚੰਡ ਕੀਤਾ।
ਇਹ ਸਿੱਖ ਇਤਿਹਾਸ ਦਾ ਸੁਨਹਿਰੀ ਦੌਰ ਸੀ, ਜਦ ਸ਼ਹਾਦਤਾਂ ਦਾ ਹੜ੍ਹ ਆਇਆ, ਜਦ ਕੌਮ ਨੇ ਸਿੱਖੀ ਦੇ ਓਸ ਰੰਗ ਨੂੰ ਮਾਣਿਆ ਜਿਹੜਾ ਰੰਗ ਗੁਰੂ ਸਾਹਿਬ ਸਾਨੂੰ ਬਖ਼ਸ਼ ਕੇ ਗਏ ਸਨ। ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਸਿੰਘਾਂ ਨੇ ਐਸੀਆਂ ਮੱਲ੍ਹਾਂ ਮਾਰੀਆਂ ਕਿ ਹਰ ਕੋਈ ਅੱਸ਼-ਅੱਸ਼ ਕਰ ਉੱਠਿਆ। ਸੰਤ ਭਿੰਡਰਾਂਵਾਲ਼ੇ ਦੇ ਬਚਨ ਸੱਚ ਹੋਏ 'ਇਕੱਲਾ-ਇਕੱਲਾ ਅੰਮ੍ਰਿਤਧਾਰੀ ਸਿੰਘ ਸਰਕਾਰ ਲਈ ਬੰਬ' ਬਣ ਗਿਆ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.