ਲਿਫਟਿੰਗ ਨਾ ਹੋਣ ਕਾਰਨ ਚੋਹਲਾ ਸਾਹਿਬ ਦੀ ਦਾਣਾ ਮੰਡੀ 'ਚ ਲੱਗੇ ਝੋਨੇ ਦੇ ਅੰਬਾਰ

ਲਿਫਟਿੰਗ ਨਾ ਹੋਣ ਕਾਰਨ ਚੋਹਲਾ ਸਾਹਿਬ ਦੀ ਦਾਣਾ ਮੰਡੀ 'ਚ ਲੱਗੇ ਝੋਨੇ ਦੇ ਅੰਬਾਰ

ਪੰਜ ਦਿਨਾਂ ਤੋਂ ਲਿਫਟਿੰਗ ਨਾ ਦੇ ਬਰਾਬਰ, ਮੰਡੀ 'ਚ ਕਰੀਬ 3 ਲੱਖ ਬੋਰੀਆਂ ਦੀ ਚੁਕਾਈ ਬਕਾਇਆ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,3 ਨਵੰਬਰ

ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਅਤੇ ਸਮੇਂ ਸਿਰ ਲਿਫਟਿੰਗ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਦਾਣਾ ਮੰਡੀ ਚੋਹਲਾ ਸਾਹਿਬ ਵਿਖੇ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਈ ਥਾਵਾਂ 'ਤੇ ਝੋਨੇ ਦੀਆਂ ਢੇਰੀਆਂ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਹਨ। ਇਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੌਸਮ ਖ਼ਰਾਬ ਹੋਣ ਦੀ ਸੂਰਤ ਵਿੱਚ ਫ਼ਸਲ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ।
ਦਾਣਾ ਮੰਡੀ ਵਿੱਚ ਮੌਜੂਦ ਆੜ੍ਹਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਹਲਾ ਸਾਹਿਬ ਦੀ ਮੰਡੀ ਵਿੱਚ ਪਨਗ੍ਰੇਨ ਖ਼ਰੀਦ ਏਜੰਸੀ ਵੱਲੋਂ ਹੁਣ ਤੱਕ 4 ਲੱਖ 26 ਹਜ਼ਾਰ 736 ਬੋਰੀਆਂ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 2 ਲੱਖ 77 ਹਜ਼ਾਰ 700 ਬੋਰੀਆਂ ਦੀ ਲਿਫਟਿੰਗ ਹੋਈ ਹੈ, ਜਦਕਿ 1 ਲੱਖ 49 ਹਜ਼ਾਰ ਬੋਰੀਆਂ ਦੀ ਲਿਫਟਿੰਗ ਅਜੇ ਬਕਾਇਆ ਪਈ ਹੈ।ਇਸੇ ਤਰ੍ਹਾਂ ਪਨਸਪ ਖ਼ਰੀਦ ਏਜੰਸੀ ਦੀਆਂ ਵੀ ਲਗਭਗ ਇੰਨੀਆਂ ਹੀ ਬੋਰੀਆਂ ਦੀ ਲਿਫਟਿੰਗ ਹੋਣੀ ਬਾਕੀ ਹੈ।

ਆਰ.ਓ. ਨਾ ਮਿਲਣ ਕਾਰਨ ਬਾਰਦਾਨੇ ਦੀ ਵੀ ਸਮੱਸਿਆ

ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ ਖ਼ਰੀਦ ਏਜੰਸੀਆਂ ਵੱਲੋਂ ਆਰ.ਓ. (ਰਿਲੀਜ਼ ਆਰਡਰ) ਜਾਰੀ ਨਾ ਕੀਤੇ ਜਾਣ ਕਾਰਨ ਲਿਫਟਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਆਰ.ਓ. ਨਾ ਹੋਣ ਕਾਰਨ ਮੰਡੀ ਵਿੱਚ ਬੀ-ਕਲਾਸ ਬਾਰਦਾਨਾ ਵੀ ਉਪਲਬਧ ਨਹੀਂ ਹੈ।ਇਸ ਸਮੱਸਿਆ ਦੇ ਚਲਦਿਆਂ ਮੰਡੀ ਦੇ ਕਈ ਆੜ੍ਹਤੀਆਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕਰਕੇ ਬੀ-ਕਲਾਸ ਬਾਰਦਾਨਾ ਖ਼ਰੀਦਣਾ ਪਿਆ ਹੈ, ਜਿਸ ਨਾਲ ਉਨ੍ਹਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਮੰਡੀ ਵਿੱਚ ਲਿਫਟਿੰਗ ਦਾ ਕੰਮ ਲਗਭਗ ਠੱਪ ਹੋ ਕੇ ਰਹਿ ਗਿਆ ਹੈ। ਇਸ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦਾ ਭਾਰੀ ਜਮ੍ਹਾਂ ਹੋ ਗਿਆ ਹੈ ਅਤੇ ਕਈ ਆੜ੍ਹਤੀਆਂ ਦੀਆਂ ਢੇਰੀਆਂ ਦੀ ਭਰਾਈ ਵੀ ਪੂਰੀ ਨਹੀਂ ਹੋ ਸਕੀ। ਝੋਨਾ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੋਣ ਕਾਰਨ ਮੀਂਹ ਜਾਂ ਹੋਰ ਖ਼ਰਾਬ ਮੌਸਮ ਦੀ ਸਥਿਤੀ ਵਿੱਚ ਫ਼ਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ।

ਮੌਸਮ ਖ਼ਰਾਬ ਹੋਇਆ ਤਾਂ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ?

ਮੰਡੀ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਝੋਨੇ ਦੀਆਂ ਬੋਰੀਆਂ ਦੀ ਚੁਕਾਈ ਨਾ ਕੀਤੀ ਗਈ ਅਤੇ ਮੌਸਮ ਖ਼ਰਾਬ ਹੋ ਗਿਆ ਤਾਂ ਫ਼ਸਲ ਦੇ ਨੁਕਸਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਡੀ ਵਿੱਚ ਕਈ ਥਾਵਾਂ 'ਤੇ ਝੋਨੇ ਦੀਆਂ ਢੇਰੀਆਂ ਅਜੇ ਵੀ ਭਰਾਈ ਦੀ ਉਡੀਕ ਕਰ ਰਹੀਆਂ ਹਨ, ਜਿਸ ਕਾਰਨ ਮੰਡੀ ਵਿੱਚ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ।
ਆੜ੍ਹਤੀਆਂ ਨੇ ਸਬੰਧਤ ਖ਼ਰੀਦ ਏਜੰਸੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਿੱਚ ਤੁਰੰਤ ਆਰ.ਓ. ਜਾਰੀ ਕੀਤੇ ਜਾਣ ਅਤੇ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਸਮੇਂ ਸਿਰ ਚੁਕਾਈ ਕਰਵਾਉਣ ਨਾਲ ਹੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਆੜ੍ਹਤੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਝੋਨੇ ਦੀ ਲਿਫਟਿੰਗ ਲਈ ਸਮੇਂ ਸਿਰ ਆਰ.ਓ. ਜਾਰੀ ਨਹੀਂ ਕੀਤੇ ਜਾਂਦੇ ਅਤੇ ਇਸ ਕਾਰਨ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਨਹੀਂ ਹੋਵੇਗੀ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਡੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ,ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.