ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਧਾਰਮਿਕ ਤੇ ਸਿਆਸੀ ਆਗੂ ਭਾਜਪਾ ਦੇ ਤਲਵੇ ਚੱਟਣੇ ਬੰਦ ਕਰਨ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 20 ਅਗਸਤ (ਚਰਨਜੀਤ ਸਿੰਘ): ਕੱਲ 21 ਅਗਸਤ ਨੂੰ ਸਮੂਹ ਪੰਜਾਬ ਵਾਸੀ ਸਮੁੱਚਾ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਅਤੇ ਕੌਮੀ ਇਨਸਾਫ਼ ਮੋਰਚੇ ਨੂੰ ਸਮਰਥਨ ਦੇਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਜੰਗ ਹਿੰਦ-ਪੰਜਾਬ ਦੇ ਰਾਜਸੀ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਅੱਜ ਹਰੇਕ ਸਿੱਖ ਅਤੇ ਪੰਜਾਬੀ ਨੂੰ ਡਟਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਭਾਰਤ ਸਰਕਾਰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਦੀ ਰਿਹਾਈ ਰੋਕੀ ਬੈਠੀ ਹੈ ਜੋ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਦੇ ਬਰਾਬਰ ਹੈ। ਪੰਥਕ ਆਗੂ ਅਤੇ ਫੈਡਰੇਸ਼ਨ ਚੀਫ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਕਹਿ ਕੇ ਕਈ ਵਾਰ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਜੋ ਮੱਕਾਰੀ ਅਤੇ ਅਕ੍ਰਿਤਘਣਤਾ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਸਮਰਥਨ ਕਰਨ ਵਾਲੇ ਧਾਰਮਿਕ ਅਤੇ ਸਿਆਸੀ ਸਿੱਖ ਆਗੂ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਵਾ ਸਕੇ ਇਸ ਲਈ ਹੁਣ ਉਹਨਾਂ ਨੂੰ ਕਾਲਖ ਮਲ ਕੇ ਆਪਣੇ ਮੂੰਹ ਖੁਦ ਹੀ ਕਾਲੇ ਕਰ ਲੈਣੇ ਚਾਹੀਦੇ ਹਨ ਤੇ ਪੰਥ ਅਤੇ ਪੰਜਾਬ ਨਾਲ ਕੀਤੀ ਗੱਦਾਰੀ ਲਈ ਸਿੱਖ ਕੌਮ ਕੋਲੋਂ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਭਾਜਪਾ ਦਾ ਕਰੂਰ ਚਿਹਰਾ ਪੂਰੀ ਦੁਨੀਆਂ ਵਿੱਚ ਨੰਗਾ ਕਰਨਾ ਚਾਹੀਦਾ ਹੈ। ਭਾਈ ਰਣਜੀਤ ਸਿੰਘ ਨੇ ਸਪੱਸ਼ਟ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਰਕਾਰਾਂ ਦੇ ਤਲਵੇ ਚੱਟ ਕੇ ਨਹੀਂ ਬਲਕਿ ਕੌਮੀ ਸੰਘਰਸ਼ ਨੂੰ ਤਿੱਖਾ ਕਰਕੇ ਹੋਣੀ ਹੈ। ਅੱਜ ਲੋੜ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਨੂੰ ਭਖਾ ਕੇ ਸਰਕਾਰਾਂ ਅਤੇ ਏਜੰਸੀਆਂ ਦੇ ਪੈਰਾਂ ਥੱਲੇ ਅੱਗ ਮਚਾਈ ਜਾਵੇ ਤੇ ਕੌਮੀ ਬਲਬੂਤੇ ਨਾਲ ਸਰਕਾਰਾਂ ਨੂੰ ਮਜਬੂਰ ਕਰਕੇ ਬੰਦੀ ਸਿੰਘ ਰਿਹਾਅ ਕਰਵਾਏ ਜਾਣ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਅਤੇ ਭਾਈ ਸ਼ਮਸ਼ੇਰ ਸਿੰਘ ਜੋ ਸਿੱਖ ਕੌਮ ਦੀ ਨਸਲਕੁਸ਼ੀ ਨੂੰ ਰੋਕਣ ਤੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪੂਰਤੀ ਲਈ ਜੁਝਾਰੂ ਕਾਰਨਾਮੇ ਕਰਦੇ ਜੇਲ੍ਹਾਂ ਵਿੱਚ ਗਏ ਸਨ ਤੇ ਉਹਨਾਂ ਨੂੰ ਰਿਹਾਅ ਕਰਵਾਉਣਾ ਸਮੁੱਚੀ ਕੌਮ ਦਾ ਪੰਥਕ ਫਰਜ਼ ਹੈ। ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਸੱਦੇ ਅਨੁਸਾਰ ਸਮੁੱਚੇ ਪੰਜਾਬ ਵਾਸੀ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੀਆਂ ਦੁਕਾਨਾਂ, ਕਾਰਖਾਨੇ, ਦਫਤਰ ਅਤੇ ਹੋਰ ਕਾਰੋਬਾਰ ਬੰਦ ਰੱਖਣ ਅਤੇ ਪੰਥਕ ਆਗੂਆਂ ਦੇ ਸੰਗਤਾਂ ਵੱਲੋਂ ਸੜਕੀ ਆਵਾਜਾਈ ਤੇ ਰੇਲ ਗੱਡੀਆਂ ਵੀ ਰੋਕੀਆਂ ਜਾਣਗੀਆਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.