ਝੋਨੇ ਦੀ ਲਵਾਈ ਵੇਲੇ ਬਿਜਲੀ ਸੰਕਟ ਨੇ ਆਪ ਸਰਕਾਰ ਦੇ ਦਾਅਵੇ ਕੀਤੇ ਹਵਾਹਵਾਈ-ਭਾਰਦਵਾਜ

ਝੋਨੇ ਦੀ ਲਵਾਈ ਵੇਲੇ ਬਿਜਲੀ ਸੰਕਟ ਨੇ ਆਪ ਸਰਕਾਰ ਦੇ ਦਾਅਵੇ ਕੀਤੇ ਹਵਾਹਵਾਈ-ਭਾਰਦਵਾਜ

ਬੋਲੇ-ਸਰਕਾਰ ਇਸ਼ਤਿਹਾਰਬਾਜ਼ੀ ਅਤੇ ਦਾਅਵਿਆਂ ਦੀ ਬਜਾਏ ਜਮੀਨੀ ਹਕੀਕਤ ਵੱਲ ਤਵੱਜੋਂ ਦੇਵੇ

ਫਗਵਾੜਾ 2 ਜੁਲਾਈ ਗੌਰਵ ਮੜੀਆ

ਪੰਜਾਬ ਚ ਝੋਨੇ ਦੀ ਲਵਾਈ ਦੇ ਅਹਿਮ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਲੋੜੀਂਦੀ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕਿਸਾਨਾਂ ਵੱਲੋਂਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਦੇ ਦਾਅਵੇ ਅਤੇ ਜ਼ਮੀਨੀ ਹਕੀਕਤ ਵਿਚ ਵੱਡਾ ਫਰਕ ਹੈ।ਇਹ ਗੱਲ ਕਾਂਗਰਸ ਦੇ ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਨੇ ਪੰਜਾਬ ਚ ਲਗਾਤਾਰ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਹੀ।ਉਨ੍ਹਾਂਨੇ ਕਿਹਾ ਕਿ ਮੌਜੂਦਾ ਸੂਰਤ ਏ-ਹਾਲ ਨੇ ਸਰਕਾਰ ਦੇ ਬਿਜਲੀ ਸਬੰਧੀ ਕੀਤੇ ਜਾਂਦੇ ਸਾਰੇ ਦਾਅਵਿਆਂ ਦੀ ਹਕੀਕਤ ਲੋਕਾਂ ਦੇ ਸਾਹਮਣੇ ਲਿਆ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਅਤੇ ਆਮ ਅਵਾਮ ਦੋਵੇਂ ਹੀ ਬਿਜਲੀ ਦੀ ਕਿੱਲਤ ਕਾਰਨ ਭਾਰੀ ਮੁਸ਼ਕਿਲਾਤ ਦਾ ਸਾਹਮਣਾ ਕਰ ਰਹੇ ਹਨ।ਨਰੇਸ਼ ਭਾਰਦਵਾਜ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜੂਨ ਮਹੀਨੇ ਚ ਸਮੇਂ ਸਿਰ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਸਨ,ਜਿਸ ਕਾਰਨ ਖੇਤੀ ਮੋਟਰਾਂ ਤੇ ਦਬਾਅ ਘੱਟ ਰਹਿੰਦਾ ਸੀ ਅਤੇ ਸਰਕਾਰ ਇਸ ਨੂੰ ਆਪਣੀ ਉਪਲੱਬਧੀ ਦੱਸਦਿਆਂ ਪੰਜਾਬ ਚ ਵਾਧੂ ਬਿਜਲੀ ਹੋਣ ਦਾ ਢੰਡੋਰਾ ਪਿੱਟਦੀ ਰਹੀ।ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਚ ਤਬਦੀਲੀ ਕਾਰਨ ਔੜ ਵਾਲੇ ਹਾਲਾਤ ਬਣੇ ਹੋਏ ਹਨ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਲਗਾਤਾਰ ਸਿੰਚਾਈ ਦੀ ਲੋੜ ਹੈ ਪਰ ਸਰਕਾਰ ਇਸ ਪ੍ਰੀਖਿਆ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਮੋਟਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ,ਜਿਸ ਕਾਰਨ ਕਿਸਾਨ ਸਮੇਂ ਸਿਰ ਆਪਣੇ ਖੇਤਾਂ ਨੂੰ ਪਾਣੀ ਨਹੀਂ ਲਗਾ ਸਕਦੇ।ਇਸ ਦਾ ਸਿੱਧਾ ਅਸਰ ਝੋਨੇ ਦੀ ਫਸਲ ਤੇ ਪੈ ਰਿਹਾ ਹੈ ਅਤੇ ਕਈ ਥਾਵਾਂ ਤੇ ਫਸਲ ਸੁੱਕਣ ਲੱਗੀ ਹੈ।ਨਰੇਸ਼ ਭਾਰਦਵਾਜ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ,ਜਦਕਿ ਜਿਹੜਾ ਝੋਨਾ ਪਹਿਲਾਂ ਹੀ ਲੱਗ ਚੁੱਕਾ ਹੈ,ਉਸ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਫਸਲ ਦੇ ਸੁੱਕਣ ਦਾ ਖਤਰਾ ਪੈਦਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਖੇਤਾਂ ਨੂੰ ਪਾਣੀ ਦੇਣ ਲਈ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੀ ਲੋੜ ਹੈ,ਪਰ ਬਿਜਲੀ ਸਪਲਾਈ ਵਿਚ ਲਗਾਤਾਰ ਰੁਕਾਵਟਾਂ ਕਾਰਨ ਕਿਸਾਨ ਭਾਰੀ ਚਿੰਤਾ ਵਿਚ ਹਨ।ਉਨ੍ਹਾਂ ਕਿਹਾ ਕਿ ਇਕ ਪਾਸੇ ਅੱਤ ਦੀ ਗਰਮੀ ਕਾਰਨ ਫਸਲਾਂ ਨੂੰ ਵੱਧ ਪਾਣੀ ਦੀ ਲੋੜ ਹੈ ਅਤੇ ਦੂਜੇ ਪਾਸੇ ਖੇਤੀ ਸੈਕਟਰ ਨੂੰ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ।ਅਜਿਹੇ ਹਾਲਾਤਾਂ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ।ਉਨ੍ਹਾਂ ਦੋਸ਼ ਲਾਇਆ ਕਿ ਇਹ ਸਥਿਤੀ ਆਪ ਸਰਕਾਰ ਦੀ ਨਾਕਾਮੀ ਅਤੇ ਖੇਤੀਬਾੜੀ ਪ੍ਰਤੀ ਲਾਪ੍ਰਵਾਹੀ ਨੂੰ ਦਰਸਾਉਂਦੀ ਹੈ।ਨਰੇਸ਼ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਵਿਚ ਕਿਸਾਨਾਂ ਨੂੰ ਖੇਤੀ ਲਈ ਭਰਪੂਰ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ ਗਿਆ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।ਜੇਕਰ ਕਿਸਾਨਾਂ ਨੂੰ ਆਪਣਾ ਹੱਕ ਲੈਣ ਲਈ ਸੜਕਾਂ ਤੇ ਉਤਰ ਕੇ ਧਰਨੇ ਦੇਣੇ ਪੈ ਰਹੇ ਹਨ ਤਾਂ ਇਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮਹਿੰਗੇ ਬੀਜ,ਖਾਦਾਂ,ਡੀਜ਼ਲ ਅਤੇ ਕੀਟਨਾਸ਼ਕਾਂ ਦੀ ਮਾਰ ਹੇਠ ਹੈ,ਉੱਪਰ ਬਿਜਲੀ ਦੀ ਕਿੱਲਤ ਨੇ ਉਸ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਚ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।ਉਨ੍ਹਾਂਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਅਤੇ ਦਾਅਵਿਆਂ ਦੀ ਬਜਾਏ ਜਮੀਨੀ ਹਕੀਕਤ ਵੱਲ ਤਵੱਜੋਂ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਲਈ ਫੌਰੀ ਤੌਰ ਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ,ਤਾਂ ਜੋ ਕਿਸਾਨਾਂ ਦੀ ਫਸਲ ਨੂੰ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਆਧਾਰ ਖੇਤੀ ਹੈ ਅਤੇ ਜੇਕਰ ਕਿਸਾਨ ਹੀ ਪ੍ਰੇਸ਼ਾਨ ਰਹੇਗਾ ਤਾਂ ਸੂਬੇ ਦੀ ਤਰੱਕੀ ਵੀ ਪ੍ਰਭਾਵਿਤ ਹੋਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.