“ ਬੀਬੀ ਜਗੀਰ ਕੌਰ " ਦੀ ਅਕਾਲੀ ਦਲ (ਬਾਦਲ) ਸ਼ਮੂਲੀਅਤ ਫਿਲਹਾਲ ਟਲੀ , ਸੁਖਬੀਰ ਬਾਦਲ ਦਾ ਬੇਗੋਵਾਲ ਦੌਰਾ ਮੁਲਤਵੀ

“ ਬੀਬੀ ਜਗੀਰ ਕੌਰ " ਦੀ  ਅਕਾਲੀ ਦਲ (ਬਾਦਲ) ਸ਼ਮੂਲੀਅਤ ਫਿਲਹਾਲ ਟਲੀ , ਸੁਖਬੀਰ ਬਾਦਲ ਦਾ ਬੇਗੋਵਾਲ ਦੌਰਾ ਮੁਲਤਵੀ

ਦਲਜੀਤ ਸਿੰਘ ਨਡਾਲਾ ਦੇ ਸ਼ਕਤੀ ਪ੍ਰਦਰਸ਼ਨ ਨੇ ਬਦਲੇ ਸਿਆਸੀ ਸਮੀਕਰਨ ?

ਭੁੱਲਥ ਦੀ ਸਿਆਸਤ ਵਿੱਚ ਨਵੀਂ ਹਲਚਲ, ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਨੂੰ ਲੱਗੀ ਬ੍ਰੇਕ; ਹਲਕਾ ਉਮੀਦਵਾਰੀ ਨੂੰ ਲੈ ਕੇ ਹਾਈਕਮਾਨ ਮੁੜ ਕਰ ਸਕਦੀ ਹੈ ਵਿਚਾਰ-ਵਟਾਂਦਰਾ।

ਕਪੂਰਥਲਾ, 12 ਨਵੰਬਰ, ਗੌਰਵ ਮੜੀਆ।

ਹਲਕਾ ਭੁੱਲਥ ਦੀ ਸਿਆਸਤ ਵਿੱਚ ਇਨ੍ਹੀਂ ਦਿਨੀਂ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ ਕਿ ਬੀਬੀ ਜਗੀਰ ਕੌਰ ਦੀ ਪਾਰਟੀ ਵਿੱਚ ਘਰ ਵਾਪਸੀ ਦਾ ਪ੍ਰੋਗਰਾਮ ਫਿਲਹਾਲ ਟਲ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 13 ਨਵੰਬਰ 2026, ਦਿਨ ਸ਼ੁੱਕਰਵਾਰ ਨੂੰ ਬੇਗੋਵਾਲ ਵਿਖੇ ਪਹੁੰਚ ਕੇ ਬੀਬੀ ਜਗੀਰ ਕੌਰ ਦੀ ਪਾਰਟੀ ਵਿੱਚ ਵਾਪਸੀ ਕਰਵਾਉਣੀ ਸੀ, ਪਰ ਦਿੱਲੀ ਵਿਖੇ ਮੀਟਿੰਗਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਦਾ ਬੇਗੋਵਾਲ ਦੌਰਾ ਅੱਗੇ ਪਾ ਦਿੱਤਾ ਗਿਆ ਹੈ। ਹੁਣ ਇਸ ਸਬੰਧੀ ਅਗਲੀ ਤਾਰੀਖ ਦਾ ਇੰਤਜ਼ਾਰ ਰਹੇਗਾ।

ਇਸ ਦੌਰਾਨ ਹਲਕਾ ਭੁੱਲਥ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਹੋਰ ਚਰਚਾ ਜ਼ੋਰ ਫੜ ਰਹੀ ਹੈ। ਬੁੱਧਵਾਰ ਨੂੰ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਵੱਲੋਂ ਪ੍ਰਿੰਸ ਰਿਜ਼ੌਰਟ ਵਿਖੇ ਕਰਵਾਏ ਗਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਹਲਕੇ ਦੇ ਵੱਡੀ ਗਿਣਤੀ ਵਿੱਚ ਮੁਹਤਬਰ ਵਿਅਕਤੀਆਂ ਅਤੇ ਸਮਰਥਕਾਂ ਦੀ ਸ਼ਮੂਲੀਅਤ ਨੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਇਕੱਠ ਨੂੰ ਦਲਜੀਤ ਸਿੰਘ ਨਡਾਲਾ ਵੱਲੋਂ ਆਪਣੇ ਸਿਆਸੀ ਪ੍ਰਭਾਵ ਅਤੇ ਲੋਕ ਸਮਰਥਨ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

ਸਿਆਸੀ ਜਾਣਕਾਰਾਂ ਵਿੱਚ ਚਰਚਾ ਹੈ ਕਿ ਇਸ ਇਕੱਠ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਹਲਕਾ ਭੁੱਲਥ ਦੀ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰੀ ਦੇ ਮਾਮਲੇ 'ਤੇ ਮੁੜ ਵਿਚਾਰ ਕਰ ਸਕਦੀ ਹੈ। ਚਰਚਾਵਾਂ ਇਹ ਵੀ ਹਨ ਕਿ ਬੀਬੀ ਜਗੀਰ ਕੌਰ ਦੀ ਵਾਪਸੀ ਅਤੇ ਹਲਕੇ ਦੀ ਟਿਕਟ ਸਬੰਧੀ ਕੋਈ ਵੀ ਅੰਤਿਮ ਫੈਸਲਾ ਕਰਨ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ ਸਾਰੇ ਸਿਆਸੀ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਚਾਹੁੰਦੀ ਹੈ।

ਦੂਜੇ ਪਾਸੇ ਦਲਜੀਤ ਸਿੰਘ ਨਡਾਲਾ ਦੇ ਲੋਕ ਮਿਲਣੀ ਪ੍ਰੋਗਰਾਮ ਵਿੱਚ ਹੋਏ ਇਕੱਠ ਨੂੰ ਉਨ੍ਹਾਂ ਦੀ ਸਿਆਸੀ ਦਾਅਵੇਦਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਆਸੀ ਚਰਚਾਵਾਂ ਅਨੁਸਾਰ ਜੇਕਰ ਹਾਈਕਮਾਨ ਨੇ ਹਲਕੇ ਵਿੱਚ ਉਨ੍ਹਾਂ ਦੇ ਪ੍ਰਭਾਵ ਅਤੇ ਸਮਰਥਨ ਨੂੰ ਤਰਜੀਹ ਦਿੱਤੀ ਤਾਂ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀਆਂ ਸੰਭਾਵਨਾਵਾਂ ਵੀ ਮਜ਼ਬੂਤ ਹੋ ਸਕਦੀਆਂ ਹਨ।

ਹਾਲਾਂਕਿ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਦਾ ਪ੍ਰੋਗਰਾਮ ਟਲਣ ਅਤੇ ਦਲਜੀਤ ਸਿੰਘ ਨਡਾਲਾ ਦੀ ਉਮੀਦਵਾਰੀ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਲੈ ਕੇ ਪਾਰਟੀ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਭੁੱਲਥ ਦੀ ਸਿਆਸਤ ਨੂੰ ਲੈ ਕੇ ਕੀ ਰਣਨੀਤੀ ਅਪਣਾਉਂਦੀ ਹੈ ਅਤੇ ਆਖ਼ਰਕਾਰ 2027 ਦੀਆਂ ਚੋਣਾਂ ਵਿੱਚ ਹਲਕੇ ਤੋਂ ਕਿਸ ਦੇ ਸਿਰ ਉਮੀਦਵਾਰੀ ਦਾ ਤਾਜ ਸਜਦਾ ਹੈ।

ਫਿਲਹਾਲ ਭੁੱਲਥ ਦੀ ਸਿਆਸਤ ਵਿੱਚ ਇੱਕੋ ਸਵਾਲ ਗੂੰਜ ਰਿਹਾ ਹੈ—ਕੀ ਦਲਜੀਤ ਸਿੰਘ ਨਡਾਲਾ ਦਾ ਸ਼ਕਤੀ ਪ੍ਰਦਰਸ਼ਨ ਅਕਾਲੀ ਦਲ ਦੀ ਟਿਕਟ ਦਾ ਰਾਹ ਖੋਲ੍ਹੇਗਾ ਜਾਂ ਹਾਈਕਮਾਨ ਕੋਈ ਹੋਰ ਸਿਆਸੀ ਦਾਅ ਖੇਡੇਗੀ?

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.