ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਜੁਝਾਰੂ ਭਾਈ ਮਨਿੰਦਰ ਸਿੰਘ ਜੁੰਮਾ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਜੁਝਾਰੂ ਭਾਈ ਮਨਿੰਦਰ ਸਿੰਘ ਜੁੰਮਾ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

ਫਤਹਿਗੜ੍ਹ ਸਾਹਿਬ, 18 ਸਤੰਬਰ (ਕੁਲਵਿੰਦਰ ਸਿੰਘ ਚੰਦੀ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਮਨਿੰਦਰ ਸਿੰਘ ਜੁੰਮਾ ਨੂੰ ਸਿਰੋਪਾਉ-ਲੋਈ ਅਤੇ ਸੰਘਰਸ਼ੀ ਪੈਂਡੇ ਕਿਤਾਬ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਅਕਤੂਬਰ 2015 ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਪਾੜ ਕੇ ਬੇਅਦਬੀਆਂ ਕਰਨ ਤੇ ਕਰਵਾਉਣ ਦੇ ਮੁੱਖ ਮਾਸਟਰ ਮਾਇੰਡ ਦੁਸ਼ਟ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਭਾਈ ਮਨਿੰਦਰ ਸਿੰਘ ਜੁੰਮਾ ਨੇ ਆਪਣੇ ਸਾਥੀਆਂ ਸਮੇਤ ਸੰਨ 2019 ਵਿੱਚ ਰਾਡਾਂ ਅਤੇ ਸਰੀਏ ਮਾਰ ਕੇ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਸੋਧ ਦਿੱਤਾ ਸੀ। ਇਹ ਮਹਿੰਦਰਪਾਲ ਬਿੱਟੂ ਜੋ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਖਾਸਮ ਖਾਸ ਸੀ ਤੇ ਇਸ ਦੀ ਅਗਵਾਈ ਵਿੱਚ ਹੀ ਬੁਰਜ ਜਵਾਹਰਕੇ ਤੋਂ ਪਾਵਨ ਸਰੂਪ ਚੋਰੀ ਕਰਕੇ ਫਿਰ ਬੇਅਦਬੀਆਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਮਨਿੰਦਰ ਸਿੰਘ ਜੁੰਮਾ ਨੇ ਮਹਿੰਦਰ ਪਾਲ ਬਿੱਟੂ ਨੂੰ ਮੌਤ ਦੇ ਘਾਟ ਉਤਾਰ ਕੇ ਇੱਕ ਸ਼ਾਨਾਮੱਤਾ ਸਿੱਖ ਇਤਿਹਾਸ ਸਿਰਜਿਆ ਅਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਤੇ ਵੈਰੀਆਂ ਦੇ ਮਨਾਂ ਵਿੱਚ ਦਹਿਸ਼ਤ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਭਾਈ ਮਨਿੰਦਰ ਸਿੰਘ ਜੁੰਮਾ ਅਤੇ ਹੋਰ ਯੋਧਿਆਂ ਦੀ ਹਰ ਪੱਖੋਂ ਸਾਰ ਲਈ ਜਾਵੇ ਤੇ ਉਹਨਾਂ ਦੀ ਹੌਸਲਾ-ਅਫਜਾਈ ਕੀਤੀ ਜਾਏ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.