28 ਸਤੰਬਰ ਨੂੰ ਕਪੂਰਥਲਾ ਪਹੁੰਚੇਗੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ-ਖੋਜੇਵਾਲ
- ਰਾਜਨੀਤੀ
- (Asia/Kolkata)
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਜਾਵੇਗਾ ਜਾਗਰੂਕ-ਭਾਜਪਾ
ਕਿਹਾ-ਪੰਜਾਬ ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਾਰਨ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲ
ਕਪੂਰਥਲਾ 22 ਸਿਤੰਬਰ ਗੌਰਵ ਮੜੀਆ
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ 28 ਸਤੰਬਰ ਨੂੰ ਕਪੂਰਥਲਾ ਸ਼ਹਿਰ ਵਿਖੇ ਪਹੁੰਚੇਗੀ,ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਯਾਤਰਾ ਦੀਆਂ ਤਿਆਰੀਆਂ ਸਬੰਧੀ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਲਕਾ ਕਪੂਰਥਲਾ ਚ ਯਾਤਰਾ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਸਵਾਗਤ ਦੀ ਅਗਵਾਈ ਭਾਜਪਾ ਜ਼ਿਲਾ ਪ੍ਰਧਾਨ ਚੇਤਨ ਸੂਰੀ ਕਰਨਗੇ,ਜਿਸ ਚ ਪਾਰਟੀ ਦੇ ਅਹੁਦੇਦਾਰ,ਮੰਡਲ ਆਗੂ,ਮਹਿਲਾ ਤੇ ਯੂਥ ਵਰਕਰ ਵੱਡੀ ਗਿਣਤੀ ਚ ਸ਼ਾਮਲ ਹੋਣਗੇ।ਖੋਜੇਵਾਲ ਨੇ ਕਿਹਾ ਕਿ ਨਸ਼ਾ ਪੂਰੇ ਸਮਾਜ ਨਾਲ ਜੁੜਿਆ ਇਕ ਗੰਭੀਰ ਮੁੱਦਾ ਹੈ।ਇਸ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਮਾਜਿਕ, ਧਾਰਮਿਕ,ਵਪਾਰਕ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।ਉਨ੍ਹਾਂ ਸਮੂਹ ਇਲਾਕਾ ਵਾਸੀਆਂ,ਨੌਜਵਾਨਾਂ ਅਤੇ ਵਰਕਰਾਂ ਨੂੰ 28 ਸਤੰਬਰ ਨੂੰ ਇਸ ਯਾਤਰਾ ਦੇ ਸਵਾਗਤ ਲਈ ਵੱਧ ਤੋਂ ਵੱਧ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ।ਖੋਜੇਵਾਲ ਨੇ ਪੰਜਾਬ ਵਿਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਅਤੇ ਨੌਜਵਾਨਾਂ ਦੇ ਨਸ਼ਿਆਂ ਦੇ ਲਗਾਤਾਰ ਸ਼ਿਕਾਰ ਹੋਣ ਦੇ ਮੁੱਦੇ ਨੂੰ ਲੈ ਕੇ ਸੂਬੇ ਦੀ ਆਪ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇਦਾਅਵਿਆਂ ਦੇ ਉਲਟ ਸੂਬੇ ਵਿਚ ਨਸ਼ਿਆਂ ਦਾ ਕਾਰੋਬਾਰ ਦਿਨ-ਬ-ਦਿਨ ਵਧ ਰਿਹਾ ਹੈ ਅਤੇ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਖੋਜੇਵਾਲ ਨੇ ਦੋਸ਼ ਲਾਇਆ ਕਿ ਆਪ ਦੀ ਸਰਕਾਰ ਦੇ ਰਾਜ ਚ ਨਸ਼ਿਆਂ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ,ਜਿਸ ਨਾਲ ਪੰਜਾਬ ਦਾ ਭਵਿੱਖ ਅਤੇ ਪਰਿਵਾਰਾਂ ਦੀ ਖੁਸ਼ੀ ਖੋਹ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਨੌਜਵਾਨਾਂ ਨੂੰ ਰੋਜ਼ਗਾਰ ਦੇਣ,ਬਿਜਲੀ ਸਰਪਲੱਸ ਸੂਬਾ ਬਣਾਉਣ ਅਤੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗੇ ਹਨ।ਖੋਜੇਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਤੋਂ ਦੁਖੀ ਲੋਕ ਹੁਣ ਆਉਣ ਵਾਲੀ ਸਰਕਾਰ ਭਾਜਪਾ ਪਾਰਟੀ ਦੀ ਬਣਾਉਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਲੜਾਈ ਚ ਭਾਜਪਾ ਪਾਰਟੀ ਦਾ ਸਾਥ ਦੇਣ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕੱਠੇ ਹੋ ਕੇ ਕੰਮ ਕਰਨ।ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ, ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਸਖ਼ਤ ਕਦਮ ਚੁੱਕੇਗੀ।ਇਸ ਮੌਕੇ ਉਨ੍ਹਾਂਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਿਰਫ ਕਾਗਜ਼ੀ ਦਾਅਵਿਆਂ ਤੱਕ ਸੀਮਤ ਨਾ ਰੱਖਿਆ ਜਾਵੇ,ਸਗੋਂ ਜ਼ਮੀਨੀ ਪੱਧਰ ਤੇ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ,ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਮਜ਼ਬੂਤੀ ਹੀ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕਦਾ ਹੈ।ਜੇਕਰ ਸਰਕਾਰ ਜਲਦੀ ਪ੍ਰਭਾਵੀ ਕਦਮ ਨਹੀਂ ਚੁੱਕੇ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਜਾਵੇਗੀ।ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ, ਦਫਤਰ ਸਕੱਤਰ ਦਵਿੰਦਰ ਧੀਰ,ਮੰਡਲ ਪ੍ਰਧਾਨ ਕਮਲ ਪ੍ਰਭਾਕਰ,ਮੰਡਲ ਪ੍ਰਧਾਨ ਲੱਕੀ ਸਰਪੰਚ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ ਜਰਨਲ ਸਕੱਤਰ ਮੱਸਾ ਸਿੰਘ,ਮਨਰਾਜ ਸਿੰਘ ਦਿਓਲ ਆਦਿ ਹਾਜ਼ਰ ਸਨ।
Leave a Reply